ਚੌਥਾ ਦਰਜਾ ਕਰਮਚਾਰੀਆਂ ਦੀ ਰੈਗੂਲਰ ਭਰਤੀ ਕਰਨ ਦੀ ਮੰਗ ਕੀਤੀ — ਦਰਸ਼ਨ ਲੁਬਾਣਾ, ਰਣਜੀਤ ਰਾਣਵਾ
ਪਟਿਆਲਾ 15 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਦੀ ਕਲਾਸ ਫੋਰਥ ਗੌਰਮਿੰਟ ਇੰਲਪਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਵਿਜੇ ਕੁਮਾਰ ਜੰਜੁਆ ਨੂੰ ਪੱਤਰ ਲਿਖ ਕੇ ਯਾਦ ਕਰਵਾਇਆ ਹੈ ਕਿ “ਚੰਨੀ ਸਰਕਾਰ” ਸਮੇਂ ਮੰਗਾਂ ਸਬੰਧੀ ਹੋਈਆਂ ਮੀਟਿੰਗਾਂ ਵਿੱਚ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਪੁਨਰਗਠਨ ਦੌਰਾਨ ਖਤਮ ਕੀਤੀਆਂ ਚੌਥਾ ਦਰਜਾ ਕਰਮਚਾਰੀਆਂ ਦੀਆ ਅਸਾਮੀਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਅਤੇ ਇਸ ਅਮਲੇ ਦੀ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਪਾਰਟ ਟਾਇਮ ਕਰਮੀਆਂ ਨੂੰ ਵਿਭਾਗਾਂ ਨਿਯਮਤ ਨਿਯੁਕਤੀ ਕਰਕੇ ਖੱਪਾਇਆ ਜਾਵੇ। ਇਹਨਾਂ ਆਗੂਆਂ ਨੇ ਦੱਸਿਆ ਕਿ ਕਰਮਚਾਰੀਆਂ ਦੀ ਨਿਯਮਤ ਭਰਤੀ ਕਰਨ ਅਤੇ ਵਿਭਾਗ ਦੇ ਪੁਨਗਰਠਨ ਦੌਰਾਨ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਸੁਰਜੀਤ ਕਰਨ ਦੀ ਮੰਗ 2021 ਵਿੱਚ ਮਨ ਲਈ ਗਈ ਸੀ।
ਸਾਥੀ ਦਰਸ਼ਨ ਲੁਬਾਣਾ, ਸਾਥੀ ਰਣਜੀਤ ਰਾਣਵਾ ਅਨੁਸਾਰ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਅਮਲਾ ਚੌਥਾ ਦਰਜਾ ਕਰਮਚਾਰੀਆਂ ਦੀ ਨਿਯਮਤ ਭਰਤੀ ਕਰਨ ਲਈ ਮਿਤੀ 18 ਅਕਤੂਬਰ 2021 ਨੂੰ “ਮੰਤਰੀ ਪ੍ਰੀਸ਼ਦ” ਦੀ ਮੀਟਿੰਗ ਨੇ ਪ੍ਰਵਾਨਗੀ ਦੇ ਦਿੱਤੀ ਗਈ, ਜਿਸ ਦਾ ਪੱਤਰ ਪੰਜਾਬ ਸਰਕਾਰ ਆਮ ਰਾਮ ਪ੍ਰਬੰਧ ਵਿਭਾਗ ਮੰਤਰੀ ਮੰਡਲ ਮਾਮਲੇ ਸ਼ਾਖਾ ਚੰਡੀਗੜ੍ਹ ਵਲੋਂ ਮਿਤੀ 18 ਅਕਤੂਬਰ ਨੂੰ ਹੀ ਸਾਰੇ ਪ੍ਰਬੰਧੀ ਵਿਭਾਗਾਂ ਨੂੰ ਜਾਰੀ ਕਰ ਦਿੱਤਾ ਗਿਆ ਸੀ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਡੇਢ ਸਾਲ ਤੋਂ ਵੀ ਵਧ ਦਾ ਸਮਾਂ ਹੋਣ ਤੇ ਵੀ ਕਿਸੇ ਵਿਭਾਗ ਨੇ ਚੌਥਾ ਦਰਜਾ ਕਰਮਚਾਰੀਆਂ ਦੀ ਨਵੀਂ ਭਰਤੀ ਦੀ ਪ੍ਰੀਕਿਰਿਆ ਸ਼ੁਰੂ ਨਹੀਂ ਕੀਤੀ। ਜਿਸ ਕਰਕੇ ਵਿਭਾਗ ਖਾਲੀ ਹੋ ਰਹੇ ਹਨ ਸਰਕਾਰੀ ਕੰਮ ਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਨਵੀਂ ਰੈਗੂਲਰ ਭਰਤੀ ਦਾ ਅਮਲ ਸ਼ੁਰੂ ਕਰੇ ਅਤੇ ਵਿਭਾਗ ਵਿੱਚਲੇ ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਸਮੇਤ ਵੱਖ—ਵੱਖ ਕੈਟਗਰੀ, ਜਿਸ ਵਿੱਚ ਪਾਰਟ ਟਾਇਮ ਕਰਮੀ ਵੀ ਸ਼ਾਮਲ ਹਨ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਆਗੂਆਂ ਨੇ ਕਿਹਾ ਕਿ ਮੰਗਾਂ ਨੂੰ ਲੈ ਕੇ ਇੱਕ ਵਿਸ਼ਾਲ ਧਰਨਾ ਜੂਨ ਮਹੀਨੇ ਦੇ ਅੱਧ ਵਿੱਚ ਮੋਹਾਲੀ ਵਿਖੇ ਦਿੱਤਾ ਜਾਵੇਗਾ।

