ਅੰਮ੍ਰਿਤਸਰਪੰਜਾਬ

ਗੁਰਬਾਣੀ ’ਚ ਆਸਥਾ ਰੱਖਣ ਵਾਲੇ ਗੈਰ ਸਿੱਖ ਦੀ ਭਾਵਨਾ ਦੀ ਕਦਰ ਕਰੀਏ : ਪ੍ਰੋ. ਸਰਚਾਂਦ ਸਿੰਘ ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਲੀ ਵਿਖੇ ਇਕ ਮੰਗਣੀ ਦੀ ਰਸਮ ਵਿਚ ਸ਼ਮੂਲੀਅਤ ਨੂੰ ਗ਼ਲਤ ਨਜ਼ਰੀਏ ਨਾਲ ਨਾ ਦੇਖਿਆ ਜਾਵੇ।

ਜਥੇਦਾਰ ਦੀ ਪਦਵੀ ਨੂੰ ਕਿਸੇ ਰਾਜਨੀਤਿਕ ਅਤੇ ਧਾਰਮਿਕ ਪ੍ਰਬੰਧਕੀ ਸੰਸਥਾ ਤੋਂ ਉੱਪਰ ਚੁੱਕਿਆ ਜਾਵੇ ।

ਅੰਮ੍ਰਿਤਸਰ 17 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਿੱਖ ਚਿੰਤਕ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ ਕਿਸੇ ਵੀ ਗੈਰ ਸਿੱਖ ਦੇ ਅੰਦਰ ਗੁਰੂ ਪਰੰਪਰਾ ਅਤੇ ਗੁਰਬਾਣੀ ਕੀਰਤਨ ਪ੍ਰਤੀ ਆਸਥਾ ਹੈ, ਅਤੇ ਜੀਵਨ ਦੀ ਖ਼ੁਸ਼ੀ ਗ਼ਮੀ ਵਿਚ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਾ ਹੈ, ਤਾਂ ਉਨ੍ਹਾਂ ਦੀ ਸਿੱਖੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ। ਜੇਕਰ ਮਰਯਾਦਾ ਤੋਂ ਅਣਜਾਣ ਲੋਕਾਂ ਵੱਲੋਂ ਕੀਤੀ ’ਸੇਵਾ’ ਵਿਚ ਜਾਣੇ ਅਨਜਾਣੇ ਵਿਚ ਕੋਈ ਤਰੁੱਟੀ ਸਾਹਮਣੇ ਆਉਂਦੀ ਹੈ, ਤਾਂ ਵੀ ਉਨ੍ਹਾਂ ਨੂੰ ਭਵਿੱਖ ਲਈ ਸਮਝਾਇਆ ਜਾ ਸਕਦਾ ਹੈ। ਗੁਰਬਾਣੀ ਸਰਬ-ਸਾਂਝੀ ਹੈ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਲੀ ਵਿਖੇ ਇਕ ਮੰਗਣੀ ਦੀ ਰਸਮ ਵਿਚ ਸ਼ਮੂਲੀਅਤ ਨੂੰ ਗ਼ਲਤ ਨਜ਼ਰੀਏ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਆਗੂ ਪ੍ਰੋ: ਵਿਰਸਾ ਸਿੰਘ ਵਲਟੋਹਾ ਵੱਲੋਂ ਜਥੇਦਾਰ ਹਰਪ੍ਰੀਤ ਸਿੰਘ ਵਿਰੁੱਧ ਕੀਤੀ ਗਈ ਆਲੋਚਨਾ ਬੇਲੋੜੀ ਅਤੇ ਸਿਆਸਤ ਤੋਂ ਪ੍ਰੇਰਿਤ ਹੈ। ਇਹ ’ਤੂੰ ਨਹੀਂ ਬੋਲਦੀ ਰਕਾਨੇ ਤੇਰੇ ’ਚ ਯਾਰ ਬੋਲਦਾ’ ਵਾਲੀ ਗਲ ਹੈ। ਉਨ੍ਹਾਂ ਕਿਹਾ ਕਿ ਕੀ ਸ: ਵਲਟੋਹਾ ਵੱਲੋਂ ਜਥੇਦਾਰ ਖ਼ਿਲਾਫ਼ ਕੱਢੀ ਗਈ ਭੜਾਸ ਜਥੇਦਾਰ ਦੇ ਅਕਾਲੀ ਦਲ ਸਬੰਧੀ ਉਸ ਇੰਕਸ਼ਾਫ਼ ਦਾ ਬਦਲਾ ਤਾਂ ਨਹੀਂ, ਜਿਸ ਵਿਚ ਜਥੇਦਾਰ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਦੂਰਾਂ ਤੇ ਕਿਸਾਨਾਂ ਦੀ ਪਾਰਟੀ ਹੋਣ, ਅਤੇ ਹੁਣ ਇਹ ਸਰਮਾਏਦਾਰਾਂ ਦੇ ਹੱਥਾਂ ’ਚ ਚਲੇ ਜਾਣ ਦੀ ਗਲ ਕਹੀ ਸੀ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲੀ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਕਿਸੇ ਪਾਰਟੀ ਵੱਲੋਂ ਏਕਾਧਿਕਾਰ ਜਮਾਉਣਾ ਗ਼ਲਤ ਹੋਵੇਗਾ। ਜਥੇਦਾਰ ਦੀ ਇਸ ਨਿੱਜੀ ਸਮਾਗਮ ਵਿਚ ਸ਼ਮੂਲੀਅਤ ‘ਤੇ ਸ: ਵਲਟੋਹਾ ਵੱਲੋਂ ਜਥੇਦਾਰ ਦੇ ਅਹੁਦੇ ਦੀ ਮਾਣ ਮਰਯਾਦਾ ਬਾਰੇ ਦਿੱਤੀ ਗਈ ਨਸੀਹਤ ’ਤੇ ਉਨ੍ਹਾਂ ਕਿਹਾ ਕਿ ਇਹ ਚੰਗੀ ਗਲ ਹੈ ਕਿ ਅਕਾਲੀ ਆਗੂਆਂ ਹੁਣ ਮਰਯਾਦਾ ਦੀ ਪਾਲਣਾ ਦਾ ਖ਼ਿਆਲ ਆ ਰਿਹਾ ਹੈ। ਜਦੋਂ ਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਵੱਲੋਂ ਸੌਦਾ ਸਾਧ ਨੂੰ ਮੁਆਫ਼ੀ ਦਿਵਾਉਣ ਲਈ ਸਿੰਘ ਸਾਹਿਬਾਨ ਨੂੰ ਸਰਕਾਰੀ ਨਿਵਾਸ ’ਤੇ ’ਤਲਬ’ ਕਰਨ ’ਤੇ ਅਕਾਲੀ ਆਗੂ ਖ਼ਾਮੋਸ਼ ਰਹੇ ਸਨ। ਸੌਦਾ ਸਾਧ ’ਤੇ ਅੰਮ੍ਰਿਤ ਸੰਚਾਰ ਦਾ ਸਵਾਂਗ ਰਚਣ ਦਾ ਦਰਜ ਕੇਸ ਬਾਦਲ ਸਰਕਾਰ ਸਮੇਂ ਵਾਪਸ ਲੈਣ ’ਤੇ ਵੀ ਅਕਾਲੀ ਆਗੂ ਵਲਟੋਹਾ ਨੂੰ ਸ਼ਾਇਦ ਪੀੜਾ ਨਹੀਂ ਹੋਈ ਸੀ। ਕੋਟਕਪੂਰਾ ਗੋਲੀ ਕਾਂਡ ਹੋਵੇ ਜਾਂ ਗੁਰਦਾਸਪੁਰ ’ਚ ਜਸਪਾਲ ਸਿੰਘ ਨੂੰ ਸ਼ਹੀਦ ਕੀਤੇ ਜਾਣ ’ਤੇ ਪਤਾ ਨਹੀਂ ਉਨ੍ਹਾਂ ਦੇ ਮਨ ਨੂੰ ਕੋਈ ਠੇਸ ਪਹੁੰਚੀ ਸੀ ਜਾਂ ਨਹੀਂ? ਉਨ੍ਹਾਂ ਜਥੇਦਾਰ ਵੱਲੋਂ ਨਿੱਜੀ ਸਮਾਜਿਕ ਸਮਾਗਮ ਵਿਚ ਸ਼ਿਰਕਤ ਕਰਨ ’ਤੇ ਵਲਟੋਹੇ ਵਰਗੇ ’ਨਿਮਾਣੇ ਸਿੱਖ’ ਨੂੰ ਬਹੁਤ ਠੇਸ ਪਹੁੰਚਣ ’ਤੇ ਵਿਅੰਗ ਕੱਸਿਆ, ਅਤੇ ਕਿਹਾ ਕਿ ਆਪ ਸਰਕਾਰ ਵੱਲੋਂ ਕੁਝ ਬੇਕਸੂਰ ਸਿੱਖ ਨੌਜਵਾਨਾਂ ਦੀ ਗ੍ਰਿਫ਼ਤਾਰੀ ’ਤੇ ਹਰੇਕ ਪੰਥ ਦਰਦੀ ਨੇ ਦੁੱਖ ਜਤਾਇਆ ਤੇ ਆਲੋਚਨਾ ਕੀਤੀ, ਪਰ ਸ: ਵਲਟੋਹਾ ਕੋਲ ਉਸ ਗਲ ਦਾ ਕੀ ਜਵਾਬ ਹੈ ਕਿ ਬਾਦਲ ਸਰਕਾਰ ਨੇ ਸਿੱਖ ਨੌਜਵਾਨਾਂ ਦੇ ਜ਼ਿੰਦਗੀਆਂ ਦਾ ਘਾਣ ਕਰਨ ਵਾਲੇ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ ਜੀ ਪੀ ਲਗਾਇਆ, ਅਤੇ ਆਲਮ ਸੈਨਾ ਦੇ ਸੰਯੋਜਕ ਨੂੰ ਅਕਾਲੀ ਦਲ ਵਿਚ ਮੀਤ ਪ੍ਰਧਾਨ ਦਾ ਉੱਚ ਅਹੁਦਾ ਦਿੱਤਾ ਗਿਆ? ਉਨ੍ਹਾਂ ਕਿਹਾ ਕਿ ਆਪ ਆਗੂਆਂ ਵੱਲੋਂ ਸਿੰਘ ਸਾਹਿਬ ’ਤੇ ਜਾਤੀ ਅਤੇ ਜਮਾਤੀ ਸ਼ਬਦੀ ਹਮਲੇ ਕੀਤੇ ਗਏ ਹੋਣ ’ਤੇ ਵੀ ਇਕ ਸਿੱਖ ਦਾ ਕਿਸੇ ਨਾਲ ਵੈਰ ਰੱਖਣ ਦੀ ਗੁਰਮਤਿ ਆਗਿਆ ਨਹੀਂ ਦਿੰਦਾ।

ਕਿਸੇ ਦੇ ਸਮਾਜਿਕ ਸਮਾਗਮ ’ਤੇ ਨਿਸ਼ਾਨਾ ਸਾਧ ਕੇ ਸਿਆਸਤ ਕਰਦਿਆਂ ਅਕਾਲੀ ਆਗੂ ਨੇ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਦੀ ਮਾਣ ਮਰਯਾਦਾ ਬਾਰੇ ਨਸੀਹਤ ਕਰਨ ਵਾਲੇ ਵਲਟੋਹੇ ਨੂੰ ਜਥੇਦਾਰ ਦੇ ਉਕਤ ਕਦਮ ਪ੍ਰਤੀ ਕੋਈ ਇਤਰਾਜ਼ ਹੈ ਤਾਂ ਵੀ ਉਸ ਨੂੰ ਨਿੱਜੀ ਤੌਰ ’ਤੇ ਜਥੇਦਾਰ ਨੂੰ ਮਿਲਣਾ ਚਾਹੀਦਾ ਸੀ, ਜਿਵੇਂ ਪਹਿਲਾਂ ਵੀ ਮਿਲਦੇ ਰਹੇ ਹਨ। ਨਾ ਕਿ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਨਫਰਤੀ ਟਿੱਪਣੀਆਂ ਨਾਲ ਬੇਵਜ੍ਹਾ ਚਰਚਾ ਛੇੜਨ ਅਤੇ ਆਈ. ਟੀ. ਵਿੰਗ ਤੋਂ ਟਰੋਲ ਕਰਾਉਣ ਦੀ ਲੋੜ ਸੀ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਅਕਤੂਬਰ 2018 ਨੂੰ ਉਸ ਵਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲੀ ਜਦੋਂ ਪਾਵਨ ਤਖ਼ਤ ਦੀ ਮਾਣ-ਮਰਯਾਦਾ ਅਤੇ ਸਰਵਉੱਚਤਾ ਨੂੰ ਕਾਇਮ ਰੱਖਣ ਵਿਚ ਦੂਜੇ ਨਾਕਾਮ ਰਹੇ। ਉਨ੍ਹਾਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇਮਾਨਦਾਰੀ, ਦੂਰ ਅੰਦੇਸ਼ੀ ਅਤੇ ਸਭ ਤੋਂ ਸਹਿਯੋਗ ਲੈਂਦਿਆਂ ਕੌਮ ਨੂੰ ਸਮਰਪਿਤ ਭਾਵਨਾ ਨਾਲ ਲਏ ਗਏ ਫ਼ੈਸਲਿਆਂ ਅਤੇ ਸੁਹਿਰਦ ਪਹੁੰਚ ਨੇ ਜਥੇਦਾਰ ਦੇ ਪਦਵੀ ਦੀ ਗਰਿਮਾ ਨੂੰ ਮੁੜ ਬਹਾਲ ਕਰਨ ’ਚ ਸਫਲਤਾ ਦਿਵਾਈ ਹੈ। ਉਨ੍ਹਾਂ ਦੇਸ਼ ਅਤੇ ਪ੍ਰਵਾਸੀ ਸਿੱਖਾਂ ਵਿਚ ਜਥੇਦਾਰਾਂ ਪ੍ਰਤੀ ਵਿਸ਼ਵਾਸ ਨੂੰ ਮੁੜ ਸੁਰਜੀਤ ਕੀਤਾ। ਅੱਜ ਉਹ ਸਿੱਖ ਕੌਮ ਦੇ ਪ੍ਰਚਾਰ ਪ੍ਰਸਾਰ ਲਈ ਜਿੱਥੇ ਅਹਿਮ ਯੋਗਦਾਨ ਪਾ ਰਹੇ ਹਨ, ਉੱਥੇ ਹੀ ਉਹ ਪੰਥ ਨੂੰ ਸਹੀ ਅਗਵਾਈ ਵੀ ਦੇ ਰਹੇ ਹਨ। ਉਸ ਅੰਦਰ ਸਿੱਖ ਕੌਮ ਪ੍ਰਤੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਅਤੇ ਭਵਿੱਖ ਦੀਆਂ ਚੁਨੌਤੀਆਂ ਨੂੰ ਮਾਤ ਦੇਣ ਲਈ ਸਿੱਖ ਕੌਮ ਨੂੰ ਅੱਜ ਵੀ ਕੌਮ ਦੀ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਇੱਕਜੁੱਟ ਹੋਣ, ਅਤੇ ਜਥੇਦਾਰ ਦੀ ਪਦਵੀ ਨੂੰ ਕਿਸੇ ਰਾਜਨੀਤਿਕ ਅਤੇ ਧਾਰਮਿਕ ਪ੍ਰਬੰਧਕੀ ਸੰਸਥਾ ਤੋਂ ਉੱਪਰ ਚੁੱਕਣ ਦੀ ਲੋੜ ਹੈ ।

Leave a Reply

Your email address will not be published. Required fields are marked *