ਅੰਮ੍ਰਿਤਸਰਪੰਜਾਬ

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਗੁਹਾਰ।

ਇੰਡੋਨੇਸ਼ੀਆ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਸਹੀ ਸਲਾਮਤ ਵਤਨ ਵਾਪਸੀ ਕਰਾਈ ਜਾਵੇ: ਪ੍ਰੋ. ਸਰਚਾਂਦ ਸਿੰਘ।

ਜਗਦੀਸ਼ ਟਾਈਟਲਰ ਵਿਰੁੱਧ ਸੀ ਬੀ ਆਈ ਵੱਲੋਂ ਚਾਰਜਸ਼ੀਟ ਦਾਇਰ ਹੋਣ ਨਾਲ ਪੀੜਤ ਪਰਿਵਾਰਾਂ ਅਤੇ ਸਿੱਖ ਕੌਮ ਨੂੰ ਇਨਸਾਫ਼ ਮਿਲੇਗਾ: ਪ੍ਰੋ. ਸਰਚਾਂਦ , ਕਾਹਲੋਂ।

ਅੰਮ੍ਰਿਤਸਰ 21 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਕਮਿਸ਼ਨ ਦੇ ਸਲਾਹਕਾਰ ਤੇ ਭਾਜਪਾ ਸੂਬਾਈ ਕਾਰਜਕਾਰਨੀ ਮੈਂਬਰ ਪ੍ਰੋ. ਸਰਚਾਂਦ ਸਿੰਘ ਖਿਆਲਾ ਅਤੇ ਕੁਲਦੀਪ ਸਿੰਘ ਕਾਹਲੋਂ ਨੇ ਗੁਹਾਰ ਲਾਉਂਦਿਆਂ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਜੈ ਸ਼ੰਕਰ ਕੋਲ ਟਰੈਵਲ ਏਜੰਟ ਦੇ ਧੋਖੇ ਦਾ ਸ਼ਿਕਾਰ ਹੋ ਕੇ ਇੰਡੋਨੇਸ਼ੀਆ ਵਿੱਚ ਕਥਿਤ ਕਤਲ ਦੇ ਦੋਸ਼ ਹੇਠ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਪੰਜਾਬੀ ਨੌਜਵਾਨਾਂ ਦੀ ਸਹੀ ਸਲਾਮਤ ਵਤਨ ਵਾਪਸੀ ਯਕੀਨੀ ਬਣਾਉਣ ਵਿੱਚ ਵਿਸ਼ੇਸ਼ ਭੂਮਿਕਾ ਅਦਾ ਕਰਨ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੇ ਉਨ੍ਹਾਂ ਨਾਲ ਰਾਬਤਾ ਕੀਤਾ ਹੈ। ਅੰਮ੍ਰਿਤਸਰ ਜ਼ਿਲ੍ਹੇ ਨਾਲ ਸੰਬੰਧਿਤ ਪਿੰਡ ਗੱਗੋਮਾਹਲ ਦੇ ਨੌਜਵਾਨ ਗੁਰਮੇਜ ਸਿੰਘ ਅਤੇ ਪਿੰਡ ਮੋਂਦੇ ਧਨੋਆ ਦੇ ਅਜੇਪਾਲ ਸਿੰਘ ਆਪਸ ਵਿੱਚ ਮੋਟੇ ਹਨ, ਦੋਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਗ਼ਮਗੀਨ ਅਤੇ ਚਿੰਤਤ ਹਨ। ਪਰਿਵਾਰ ਦੀ ਆਰਥਿਕ ਤੰਗੀ ਤੇ ਸੁਨਹਿਰੇ ਭਵਿੱਖ ਦੀ ਆਸ ਵਿੱਚ ਦੋਵੇਂ ਵਿਦੇਸ਼ ਜਾਣਾ ਚਾਹੁੰਦੇ ਸਨ। ਪਰ ਬਦਕਿਸਮਤੀ ਨਾਲ ਧੋਖੇਬਾਜ਼ ਟਰੈਵਲ ਏਜੰਟ ਦੇ ਧੋਖੇ ਵਿੱਚ ਫਸ ਗਏ ਹਨ। ਜਿਸ ਨੇ ਲੱਖਾਂ ਰੁਪਏ ਵਸੂਲ ਕੇ ਨੌਜਵਾਨਾਂ ਨੂੰ ਇੰਡੋਨੇਸ਼ੀਆ ਭੇਜਿਆ। ਜਿੱਥੇ ਉਨ੍ਹਾਂ ਨਾਲ ਕਿ ਕੀ ਭਾਣਾ ਵਾਪਰਿਆ ਇਹ ਉਹ ਖ਼ੁਦ ਜਾਂ ਪਰਮਾਤਮਾ ਜਾਣਦਾ ਹੈ। ਭਾਜਪਾ ਆਗੂ ਨੇ ਕਿਹਾ ਕਿ ਮੁਸੀਬਤ ਵਿੱਚ ਫਸੇ ਪੰਜਾਬੀ ਨੌਜਵਾਨਾਂ ਦੀ ਤੁਰੰਤ ਹਿਫ਼ਾਜ਼ਤ ਲਈ ਲੋੜੀਂਦੀ ਠੋਸ ਕਦਮ ਚੁੱਕਣ ਦੀ ਲੋੜ ਹੈ।

ਉਨ੍ਹਾਂ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਧੋਖੇਬਾਜ਼ ਟਰੈਵਲ ਏਜੰਟਾਂ ਦੇ ਲਗਾਤਾਰ ਧੋਖੇਬਾਜ਼ੀਆਂ ਦੀਆਂ ਘਟਨਾਵਾਂ ਦੇ ਸਾਹਮਣੇ ਆਉਣ ਦੇ ਬਾਵਜੂਦ ਸੂਬਾ ਸਰਕਾਰ ਧੋਖੇਬਾਜ਼ ਟਰੈਵਲ ਏਜੰਟਾਂ ਨੂੰ ਨਕੇਲ ਪਾਉਣ ਵਿੱਚ ਨਾਕਾਮ ਹੀ ਨਹੀਂ ਰਹੀ , ਸਗੋਂ ਇਸ ਪੱਖ ਤੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ। ਜਿਸ ਦਾ ਖ਼ਮਿਆਜ਼ਾ ਭੋਲੇ-ਭਾਲੇ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿਹੜੇ ਵੀ ਏਜੰਟ ਮਨੁੱਖੀ ਤਸਕਰੀ ਦਾ ਧੰਦਾ ਕਰਦੇ ਹਨ, ਅਤੇ ਧੋਖਾਧੜੀ ਕਰਦੇ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ। ਇਸ ਮੌਕੇ ਸ. ਇਕਬਾਲ ਸਿੰਘ ਲਾਲਪੁਰਾ ਨੇ ਇਨ੍ਹਾਂ ਫਸੇ ਨੌਜਵਾਨਾਂ ਨੂੰ ਹਰ ਸੰਭਵ ਉਪਰਾਲਾ ਕਰਦਿਆਂ ਵਤਨ ਵਾਪਸ ਲਿਆਉਣ ਦਾ ਭਰੋਸਾ ਦਿੱਤਾ ਹੈ। ਇਸੇ ਦੌਰਾਨ ਪ੍ਰੋਫੈਸਰ ਸਰਚਾਂਦ ਸਿੰਘ ਅਤੇ ਭਾਜਪਾ ਸੂਬਾਈ ਕਾਰਜਕਾਰਨੀ ਮੈਂਬਰ ਕੁਲਦੀਪ ਸਿੰਘ ਕਾਹਲੋਂ ਨੇ ’84 ਦੇ ਸਿੱਖ ਕਤਲੇਆਮ ਕੇਸ ਵਿਚ ਸੀ. ਬੀ. ਆਈ. ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਰੀਬ 40 ਸਾਲਾਂ ਤੋਂ ਦੁਨੀਆ ਦੇ ਸਭ ਤੋਂ ਵੱਡੇ ਕਤਲੇਆਮ ਦੇ ਇਨਸਾਫ਼ ਲਈ ਲੜਾਈ ਲੜ ਰਹੀ ਹੈ। ਸਿੱਖ ਕੌਮ ਦੀ ਇਸ ਪੀੜਾ ਨੂੰ ਮਹਿਸੂਸ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਸਤਾ ਸੰਭਾਲਦਿਆਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਦਿਆਂ ਇਸ ਦੀਆਂ ਪਰਤਾਂ ਫਰੋਲੀਆਂ ਹਨ। ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਾਹੇ ਹਨ। ਸੀ. ਬੀ. ਆਈ. ਵੱਲੋਂ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨਾ ਇਸੇ ਲੜੀ ਦਾ ਹਿੱਸਾ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਗਦੀਸ਼ ਟਾਈਟਲਰ ਨੂੰ ਕਤਲੇਆਮ ਦੇ ਕੇਸਾਂ ਵਿਚ ਨਾ ਕੇਵਲ ਕਲੀਨ ਚਿੱਟ ਦਿੱਤੀ ਸੀ ਸਗੋਂ ਸਰਕਾਰ ਵਿਚ ਉੱਚ ਅਹੁਦਿਆਂ ਨਾਲ ਨਿਵਾਜਿਆ । ਪਰ ਹੁਣ ਸੀ ਬੀ ਆਈ ਵੱਲੋਂ ਕੀਤੀਆਂ ਕੋਸ਼ਿਸ਼ਾਂ ਨਾਲ ਪੀੜਤ ਪਰਿਵਾਰਾਂ ਅਤੇ ਸਿੱਖ ਕੌਮ ਨੂੰ ਇਨਸਾਫ਼ ਮਿਲੇਗਾ। ਜਗਦੀਸ਼ ਟਾਈਟਲਰ ਦਾ ਜੇਲ੍ਹ ਜਾਣਾ ਤੈਅ ਹੈ।

Leave a Reply

Your email address will not be published. Required fields are marked *