ਪੰਚਮੀ ਦੇ ਦਿਹਾੜੇ ਮੌਕੇ ਸੰਗਤਾਂ ਨੇ ਲਗਾਈ ਪਵਿੱਤਰ ਸਰੋਵਰ ’ਚ ਆਸਥਾ ਦੀ ਡੁੱਬਕੀ
ਸੰਗਤਾਂ ਨੇ ਕੀਤਾ ਪਵਿੱਤਰ ਸਰੋਵਰ ’ਚ ਇਸ਼ਨਾਨ, ਢਾਡੀ ਕਵੀਸ਼ਰੀ ਜਥਿਆਂ ਨੇ ਸੁਣਾਇਆ ਗੁਰ ਇਤਿਹਾਸ

ਪਟਿਆਲਾ 24 ਮਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦਾ ਦਿਹਾੜਾ ਸੰਗਤਾਂ ਵੱਲੋਂ ਗੁਰੂ ਨਤਮਸਤਕ ਹੋ ਕੇ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ। ਕਵਾੜ੍ਹ ਖੁੱਲ੍ਹਣ ਮਗਰੋਂ ਸੰਗਤਾਂ ਨੇ ਗੁਰੂ ਦਰਬਾਰ ’ਚ ਸੀਸ ਨਿਵਾਇਆ ਅਤੇ ਸ਼ਬਦ ਗੁਰੂ ਨਾਲ ਸਾਂਝ ਪਾਉਂਦਿਆਂ ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਕਥਾਵਾਚਕ ਗਿਆਨੀ ਪਿ੍ਰਤਪਾਲ ਸਿੰਘ ਨੇ ਸੰਗਤਾਂ ਨੂੰ ਕਥਾ ਰਾਹੀਂ ਗੁਰੂ ਇਤਿਹਾਸ ਨਾਲ ਜੋੜਿਆ। ਇਸ ਮੌਕੇ ਹਜ਼ੂਰੀ ਕੀਰਤਨੀ ਜੱਥਿਆਂ ਨੇ ਗੁਰਬਾਣੀ ਸਰਵਣ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਢਾਡੀ ਕਵੀਸ਼ਰੀ ਜਥਿਆਂ ਨੇ ਗੁਰਪਿਆਰ ਸਿੰਘ ਜੌਹਰ, ਰਵਿੰਦਰ ਸਿੰਘ ਪਿਲਖਨੀ, ਹਰਮੀਤ ਸਿੰਘ, ਹਰਪ੍ਰੀਤ ਸਿੰਘ ਮਸਤਾਨਾ, ਸ਼ਮਸ਼ੇਰ ਸਿੰਘ ਨੀਲੋਪੁਲ, ਗੁਰਦਿਆਲ ਸਿੰਘ ਸਨੌਰ, ਰੂਪ ਸਿੰਘ ਅਲਬੇਲਾ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਾਮਾਗਾਟਾ ਮਾਰੂ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਸੰਗਤਾਂ ਨੂੰ ਅੱਜ ਦੇ ਦਿਨ ਇਤਿਹਾਸ ਬਾਰੇ ਜਾਣੂੰ ਕਰਵਾਇਆ ਕਿ ਬਜਬਜ ਘਾਟ ਵਿਖੇ ਖੂਨੀ ਸਾਕਾ ਵਾਪਰਿਆ, ਜਿਸ ’ਚ ਅੰਗਰੇਜ਼ ਹਾਕਮਾਂ ਨੇ ਕਾਮਾਗਾਟਾਮਾਰੂ ਜਹਾਜ਼ ’ਚ ਸਵਾਰ ਪੰਜਾਬੀਆਂ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ, ਪ੍ਰੰਤੂ ਅੰਗਰੇਜ਼ੀ ਹਕੂਮਤ ਦੀ ਜ਼ਬਰ ਅੱਗੇ ਨਾ ਝੁਕਦਿਆਂ ਬਾਬਾ ਗੁਰਦਿੱਤਾ ਸਿੰਘ ਸਰਹਾਲੀ ਨੇ ਸ਼ਹੀਦੀ ਸਾਕੇ ਦੀ ਅਜਿਹੀ ਵਿੱਥਿਆ ਲਿਖੀ, ਜਿਸ ਨੇ ਨਵੀਂ ਚੇਤਨਾ ਭਰਨ ਦਾ ਕੰਮ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਜਿਹੇ ਸ਼ਹੀਦਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਝੂਠ, ਅਨਿਆਂ ਅਤੇ ਦਮਨ ਦੇ ਖਿਲਾਫ਼ ਲੜਨ ਦੀ ਜੀਵਨ ਜਾਂਚ ਪ੍ਰਦਾਨ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਸਤਿੰਦਰ ਸਿੰਘ ਬਾਜਵਾ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਗੁਰਮੀਤ ਸਿੰਘ ਸੁਨਾਮ, ਭਾਗ ਸਿੰਘ ਚੌਹਾਨ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਭਾਈ ਜਸਵੀਰ ਸਿੰਘ, ਪਰਵਿੰਦਰ ਸਿੰਘ ਰਿਓਂਦ, ਵਰਿੰਦਰ ਸਿੰਘ ਗੋਲਡੀ, ਹਰਵਿੰਦਰ ਸਿੰਘ ਕਾਹਲਵਾਂ, ਸਰਬਜੀਤ ਸਿੰਘਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਆਦਿ ਹਾਜ਼ਰ ਸਨ।

