ਪੰਜਾਬ

ਵਿੱਦਿਆ ਤੇ ਗਿਆਨ ਰਾਹੀਂ ਲੋਕਾਂ ਦਾ ਜੀਵਨ ਰੋਸ਼ਨ ਕਰਨ ਵਾਲੇ ਪਰਉਪਕਾਰੀ ਸੁਆਮੀ ਸ੍ਰੀ ਮਾਨ ਸੰਤ ਅਵਤਾਰ ਸਿੰਘ ਜੀ

28 ਮਈ 14 ਜੇਠ ਬਰਸੀ ਤੇ ਵਿਸ਼ੇਸ਼

ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਮਹਾਨ ਤਪੱਸਵੀ, ਨਾਮ ਦੇ ਰਸੀਏ, ਸਭ ਵਿੱਚ ਬ਼੍ਰਹਮ ਦੇਖਣ ਵਾਲੇ, ਸਰਬੱਤ ਦਾ ਭਲਾ ਸੋਚਣ ਵਾਲੇ, ਨਾਮ ਦੇ ਦਾਤੇ, ਪਰਉਪਕਾਰੀ, ਸੇਵਾ ਦੇ ਪੁੰਜ, ਦੀਨ ਦਿਆਲੂ, ਨਿਰਭੈ ਨਿਰਵੈਰ, ਬ਼੍ਰਹਮ ਗਿਆਨੀ, ਪ੍ਰਮਾਤਮਾਂ ਦਾ ਸਰਗੁਣ ਸਰੂਪ ਹੋਏ ਹਨ। ਉਨ੍ਹਾਂ ਬਾਰੇ ਦੁਨੀਆਂ ਦੇ ਜਿੰਨੇ ਵੀ ਵਿਸ਼ੇਸ਼ਣ ਲਾਏ ਜਾਣ ਤਦ ਵੀ ਉਨ੍ਹਾਂ ਦੀ ਮਹਾਨ ਸ਼ਖ਼ਸੀਅਤ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਸੰਤ ਅਵਤਾਰ ਸਿੰਘ ਜੀ ਦਾ ਜਨਮ ਕਾਉਂਕੇ ਕਲਾਂ (ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ) ਦੇ ਮਾਤਾ ਗੁਰਦਿਆਲ ਕੌਰ ਅਤੇ ਪਿਤਾ ਦੁਰਗਾਦਾਸ ਜੀ ਦੇ ਗ਼੍ਰਹਿ ਵਿਖੇ 10 ਫੱਗਣ, ਦਿਨ ਐਤਵਾਰ 1953 ਨੂੰ ਹੋਇਆ ਸੀ। ਸੰਤ ਅਵਤਾਰ ਸਿੰਘ ਜੀ ਨੇ ਸਕੂਲ ਦੀ ਵਿਦਿਆ ਤਾਂ ਸੰਨ 1970 ਵਿੱਚ ਹੀ ਮੁਕੰਮਲ ਕਰ ਲਈ ਸੀ। ਵਿਦਿਆ ਪ਼੍ਰਾਪਤੀ ਬਾਅਦ ਉਨ੍ਹਾਂ ਨੇ 7 ਸਾਲ ਘਰ ਦੇ ਕਾਰੋਬਾਰ ਵਿੱਚ ਗੁਜ਼ਾਰੇ। ਬ਼੍ਰਹਮਗਿਆਨ ਦੀ ਵਿਦਿਆ ਲੈਣ ਵਾਸਤੇ ਉਨ੍ਹਾਂ ਨੇ ਆਪਣਾ ਤਨ, ਮਨ ਤੇ ਧਨ ਸ਼੍ਰੀਮਾਨ ਸੰਤ ਦਰਬਾਰਾ ਸਿੰਘ ਜੀ ਲੋਪੋਂ ਵਾਲਿਆਂ ਨੂੰ ਅਰਪਣ ਕਰ ਦਿੱਤਾ ਸੀ। ਸੇਵਾ ਦੌਰਾਨ ਆਪ ਜੀ ਨੇ ਨਿਮਰਤਾ, ਹਲੀਮੀ ਅਤੇ ਲਗਨ ਨਾਲ ਆਪਣੇ ਗੁਰੂ ਸੰਤ ਦਰਬਾਰਾ ਸਿੰਘ ਜੀ ਦੇ ਦਿਲ ਵਿਸ਼ੇਸ਼ ਮੁਕਾਮ ਹਾਸਲ ਕਰ ਲਿਆ ਸੀ। ਸੰਤ ਦਰਬਾਰਾ ਸਿੰਘ ਜੀ ਨੇ ਆਪ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣੇ ਬਾਣੇ ਦੀ ਚਾਦਰ, ਜਿਸ ਨੂੰ ਸਾਧੂ ਮੱਤ ਵਿੱਚ ਗਿਲਟੀ ਵੀ ਕਿਹਾ ਜਾਂਦਾ ਹੈ, ਉਹ ਸੰਤ ਅਵਤਾਰ ਸਿੰਘ ਜੀ ਨੂੰ ਬਖਸ਼ਿਸ਼ ਕਰ ਦਿੱਤੀ। ਸੰਤ ਦਰਬਾਰਾ ਸਿੰਘ ਜੀ ਦੇ ਬੈਕੁੰਠ ਜਾਣ ਬਾਅਦ ਆਪ ਜੀ ਨੇ ਬਾਣੇ ਦੀ ਗਿਲਟੀ ਪਹਿਨ ਲਈ ਅਤੇ ਸੰਤ ਰੂਪ ਹੋ ਕੇ ਨਿਰਮਲੇ ਸਾਧੂਆਂ ਵਿੱਚ ਰਲ ਗਏ ਅਤੇ ਹਰਿਦੁਆਰ ਜਾ ਕੇ ਸ਼਼੍ਰੀਮਹੰਤ ਸੁੱਚਾ ਸਿੰਘ ਜੀ ਆਸ਼ਰਮ ਵਿੱਚ ਰਹਿਣ ਲੱਗ ਪਏ।

ਉਹਨਾਂ ਸਮਿਆਂ ਵਿਚ ਨਿਰਮਲ ਕੁਟੀਆ ਦੇ ਸ਼ਰਧਾਵਾਨ ਸੇਵਕਾਂ ਵਲੋਂ ਅਨੇਕ ਸਾਧੂਆਂ ਸੰਤਾਂ ਨੂੰ ਨਿਰਮਲ ਕੁਟੀਆ ਵਿੱਚ ਬਿਰਾਜਮਾਨ ਹੋਣ ਦੀਆਂ ਬੇਨਤੀਆਂ ਕੀਤੀਆਂ ਗਈਆਂ। ਬਹੁਤ ਸਾਰੇ ਸਾਧੂ ਆਏ। ਪਰ ਰਾਤ ਦੇ ਸਮੇਂ ਸ਼ਾਂ ਸ਼ਾਂ ਕਰਦੇ ਬੇਰੀਆਂ ਝਾੜੀਆਂ ਦੇ ਸੰਘਣੇ ਹਨੇਰੇ ਵਿੱਚ ਘਿਰੀ ਕੁਟੀਆ ਵਿੱਚ ਮਨ ਦਹਿਲ ਜਾਂਦਾ ਤਾਂ ਉਹ ਕੁਟੀਆ ਨੂੰ ਛੱਡ ਕੇ ਦੂਰ ਖੇਤਾਂ ਵਿੱਚ ਰਾਤ ਗੁਜ਼ਾਰਦੇ ਅਤੇ ਸਵੇਰ ਸਾਰ ਕਮਰ ਕੱਸਾ ਕਰਦੇ ਅਤੇ ਇਹ ਕਹਿ ਕੇ ਤੁਰ ਜਾਂਦੇ ਕਿ ਇਹ ਕੁਟੀਆ ਬਹੁਤ ਸ਼ਕਤੀ ਵਾਲੀ ਹੈ। ਉਸ ਸਮੇਂ ਸੀਚੇਵਾਲ ਪਿੰਡ ਵਿਚ ਹਰ ਪਾਸੇ ਰੇਤੇ ਦੇ ੳੱੁਚੇ-ਉੱਚੇ ਟਿੱਬੇ ਸਨ, ਸਭ ਪਾਸੇ ਉੱਗੇ ਹੋਏ ਮਲ੍ਹੇ, ਫਲਾਹੀਆਂ, ਕਾਨੇ, ਦੱਭ ਤੇ ਕਾਹੀ ਬੇਸ਼ੁਮਾਰ ਸੀ, ਚੁਫੇਰੇ ਸੰਘਣੀਆਂ ਕੰਡਿਆਲੀਆਂ ਝਾੜੀਆਂ ਸਨ, ਨਿਰਮਲ ਕੁਟੀਆ ਦੇ ਆਲੇ-ਦੁਆਲੇ ਸµਨਾਟਾ ਪੱਸਰਿਆ ਰਹਿੰਦਾ ਸੀ, ਕੁਟੀਆ ਨੂੰ ਜਾਣ ਦਾ ਕੋਈ ਰਸਤਾ ਨਹੀਂ ਸੀ, ਪਾਣੀ ਤੇ ਰੌਸ਼ਨੀ ਦੇ ਪ਼੍ਰਬੰਧਾਂ ਦੀ ਘਾਟ ਸੀ, ਇਸ ਇਲਾਕੇ ਵਿੱਚ ਹਰ ਪਾਸੇ ਵਹਿਮਾਂ ਭਰਮਾਂ ਦਾ ਬੋਲਬਾਲਾ ਸੀ, ਲੋਕਾਂ ਵਿੱਚ ਆਪਸੀ ਵੈਰ ਵਿਰੋਧ ਸਿਖਰਾਂ ’ਤੇ ਸੀ, ਲੋਕ ਵੱਡੇ ਪੱਧਰ ’ਤੇ ਨਸ਼ਿਆਂ ਦੀ ਮਾਰ ਹੇਠ ਸਨ, ਇਲਾਕੇ ਵਿੱਚ ਡੋਡੇ ਸਸਤੇ ਤੇ ਆਟਾ ਮਹਿੰਗਾ ਸੀ ਤੇ ਗੁਰਬਾਣੀ ਬਾਰੇ ਅਗਿਆਨਤਾ ਕਾਰਨ ਲੋਕਾਂ ਦਾ ਜੀਵਨ ਨਰਕ ਦੀ ਨਿਆਈ ਬਣਿਆ ਹੋਇਆ ਸੀ। ਅਜਿਹੇ ਘੋਰ ਅµਧਕਾਰ ਸਮੇਂ ਵਿੱਚ ਸੰਤ ਅਵਤਾਰ ਸਿੰਘ ਜੀ ਨੇ ਨਿਰਮਲ ਕੁਟੀਆ ਵਿਖੇ ਆ ਕੇ ਇਲਾਕੇ ਦੇ ਲੋਕਾਂ ਦੇ ਦੁੱਖਾਂ ਨੂੰ ਸੁਣਿਆ, ਜਾਣਿਆ, ਖੁਦ ਹੰਢਾਇਆ ਅਤੇ ਉਨ੍ਹਾਂ ਦਾ ਨਿਵਾਰਣ ਕਰਨ ਦੇ ਉਪਰਾਲੇ ਕੀਤੇ। ਸੰਤ ਅਵਤਾਰ ਸਿੰਘ ਜੀ ਨੇ ਜਦੋਂ ਨਿਰਮਲ ਕੁਟੀਆ ਸੀਚੇਵਾਲ ਦੀ ਵਾਗਡੋਰ ਸੰਭਾਲੀ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 28 ਸਾਲ ਦੀ ਹੀ ਸੀ। ਦੋਨਾ ਇਲਾਕੇ ਦੇ ਪਿੰਡ ਸੀਚੇਵਾਲ ਨੂੰ ਉਦੋਂ ਕੋਈ ਵਿਰਲਾ ਟਾਂਵਾਂ ਹੀ ਜਾਣਦਾ ਸੀ। ਆਪ ਜੀ ਨੇ ਹਰ ਸਮੇਂ ਪ੍ਰਸੰਨ ਚਿੱਤ ਰਹਿਣਾ, ਗੁਰਬਾਣੀ ਦੀ ਕਥਾ ਕਰਨੀ, ਲੋਕਾਂ ਦੇ ਦੁੱਖ ਦਰਦ ਨਿਿਵ੍ਰਤ ਕਰਨੇ, ਸਿਮਰਨ ਕਰਨਾ ਅਤੇ ਕਰਾਉਣਾ, ਇਹ ਸਭ ਕੁੱਝ ਲੋਕਾਂ ਨੂੰ ਨਿਰਮਲ ਕੁਟੀਆ ਜਾਣ ਲਈ ਖਿੱਚ ਪਾਉਣ ਲੱਗਾ। ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ਨੂੰ ਉਨ੍ਹਾਂ ਨੇ ਸੰਤ ਬਣਾਉਣ ਦਾ ਯਤਨ ਕੀਤਾ। ਆਪ ਜੀ ਅਕਸਰ ਇਹੀ ਸ਼ਬਦ ਦੁਹਰਾਇਆ ਕਰਦੇ ਸਨ:-
ਪਾਰਸ ਅਰ ਸੰਤ ਮੇਂ ਬੜੋ ਅੰਤਰੋ ਜਾਨ।
ਵੁਹ ਪਾਰਸ ਕੰਚਨ ਕਰੇ ਸੰਤ ਕਰ ਲੇ ਆਪ ਸਮਾਨ।

ਆਪ ਜੀ ਨੇ ਸੀਚੇਵਾਲ ਆ ਕੇ ਜੋ ਪਰਉਪਕਾਰ ਕੀਤੇ ਜੇਕਰ ਅੱਖਰਾਂ ਵਿੱਚ ਸੀਮਿਤ ਕਰਨਾ ਚਾਹੀਏ ਨਹੀਂ ਹੋ ਸਕਦੇ। ਆਪ ਜੀ ਨੇ ਸ਼੍ਰੀ ਮਾਨ ਸੰਤ ਲਾਲ ਸਿੰਘ ਜੀ ਦੇ ਤਪ-ਅਸਥਾਨ ਜੋ ਕਿ ਇੱਕ ਝਿੜੀ ਦੇ ਰੂਪ ਵਿੱਚ ਵਿਰਾਨ ਪਿਆ ਸੀ, ਨੂੰ ਚਰਨ ਪਾ ਕੇ ਭਾਗ ਲਗਾਏ। ਕੰਡਿਆਲੀਆਂ ਝਾੜੀਆਂ ਨੂੰ ਪੁੱਟ ਕੇ ਅੰਮ੍ਰਿਤ ਵਰਗੇ ਮੇਵੇ ਜਿਵੇਂ ਅੰਬ, ਬਦਾਮ, ਅਮਰੂਦ, ਨਾਖਾਂ, ਅਤੇ ਕਿੰਨੂਆਂ ਦੇ ਬਾਗ ਲਗਾਏ। ਸੰਤ ਅਵਤਾਰ ਸਿੰਘ ਜੀ ਨੇ ਇਸ ਇਲਾਕੇ ’ਤੇ ਜੋ ਸਭ ਤੋਂ ਵੱਡਾ ਪਰਉਪਕਾਰ ਕੀਤਾ ਉਹ ਇਹ ਸੀ ਕਿ ਉਨ੍ਹਾਂ ਨੇ ਗੁਰਮਿਤ ਅਨੁਸਾਰ ਗੁਰਬਾਣੀ ਦੇ ਪ਼੍ਰਚਾਰ ਤੇ ਪ਼੍ਰਸਾਰ ਲਈ ਸਾਰਾ ਜੀਵਨ ਲਾ ਦਿੱਤਾ। ਉਨ੍ਹਾਂ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ। ਉਨ੍ਹਾਂ ਸੰਤ ਬਲਬੀਰ ਸਿੰਘ ਜੀ ਅਤੇ ਭਾਈ ਸ਼ਿੰਗਾਰਾ ਸਿੰਘ ਜੀ ਨੂੰ ਗੁਰਬਾਣੀ ਦੀ ਸੰਥਿਆ ਦੀ ਸ਼ੁਰੂਆਤ ਕੀਤੀ। ਉਸ ਪਿੱਛੋਂ ਗੁਰਬਾਣੀ ਦੀ ਸੰਥਿਆ ਲਗਾਤਾਰ ਚੱਲਦੀ ਰਹੀ। ਜਿਸ ਸਦਕਾ ਸੀਚੇਵਾਲ ਅਤੇ ਇਲਾਕੇ ਦੇ ਬੱਚੇ ਅਖੰਡ ਪਾਠੀ ਬਣ ਗਏ। ਸੰਤ ਅਵਤਾਰ ਸਿੰਘ ਜੀ ਨੇ ਵੱਡਾ ਪਰਉਪਕਾਰ ਇੱਕ ਇਹ ਵੀ ਕੀਤਾ ਕਿ ਜਿਨ੍ਹਾਂ ਪ਼੍ਰਾਣੀਆਂ ਨੂੰ ਗੁਰਬਾਣੀ ਅਤੇ ਗੁਰੂ ਬਾਰੇ ਗਿਆਨ ਨਹੀਂ ਸੀ, ਉਨ੍ਹਾਂ ਨੂੰ ਨਾਮ ਦੀ ਦਾਤ ਬਖਸ਼ ਕੇ ਗੁਰੂ ਚਰਨਾਂ ਨਾਲ ਜੋੜਿਆ। ਇਸ ਇਲਾਕੇ ਦੇ ਲੋਕ ਕਦੇ ਸੋਚ ਵੀ ਨਹੀਂ ਸੀ ਸਕਦੇ ਕਿ ਸ਼਼੍ਰੀਮਾਨ ਸੰਤ ਲਾਲ ਸਿੰਘ ਜੀ ਦੇ ਤਪ ਅਸਥਾਨ ’ਤੇ ਐਡੀ ਵੱਡੀ ਸੰਸਥਾ ਨਿਰਮਲ ਕੁਟੀਆ ਦੇ ਰੂਪ ਵਿੱਚ ਸਥਾਪਿਤ ਹੋ ਜਾਵੇਗੀ, ਜਿਸ ਵਿੱਚ ਗੁਰਮਤਿ ਮਾਰਗ ’ਤੇ ਚੱਲਣ ਵਾਲੇ ਸੱਚ ਦੇ ਪਾਂਧੀ ਪੈਦਾ ਹੋਣਗੇ।

ਮਹਾਰਾਜ ਜੀ ਨੇ ਆਪਣੇ ਸੰਸਾਰ ਵਿੱਚੋਂ ਜਾਣ ਬਾਰੇ ਸੰਗਤ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਸਾਡੀ ਜਗ੍ਹਾ ਬਲਬੀਰ ਸਿੰਘ ਜੀ ਅੱਗੇ ਤੋਂ ਤੁਹਾਡਾ ਮਾਰਗ ਦਰਸ਼ਨ ਕਰਨਗੇ। ਤੁਸੀਂ ਬਲਬੀਰ ਸਿੰਘ ਜੀ ਨੂੰ ਸਾਡਾ ਰੂਪ ਸਮਝਣਾ ਅਤੇ ਇਨ੍ਹਾਂ ਦਾ ਹੁਕਮ ਮੰਨਦੇ ਸੇਵਾ ਕਰਨੀ। ਆਪ ਜੀ ਨੇ ਸ਼਼੍ਰੀਮਾਨ ਦਰਬਾਰਾ ਸਿੰਘ ਜੀ ਵੱਲੋਂ ਸੰਤ ਅਵਤਾਰ ਸਿੰਘ ਜੀ ਨੂੰ ਬਖਸ਼ਿਸ਼ ਕੀਤੀ ਹੋਈ ਗਿਲਟੀ ਦੀ ਦਾਤ ਸੰਤ ਬਲਬੀਰ ਸਿੰਘ ਜੀ ਨੂੰ ਬਖਸ਼ਿਸ਼ ਦਿੱਤੀ ਸੀ। ਆਪ ਜੀ 14 ਜੇਠ 1988 ਨੂੰ ਸ਼ਾਮ ਚਾਰ ਵਜੇ ਸ਼੍ਰੀ ਮਾਨ ਸੰਤ ਅਵਤਾਰ ਸਿੰਘ ਤੋਂ ਸ਼੍ਰੀ ਮਾਨ ਸੰਤ ਬਲਬੀਰ ਸਿੰਘ ਜੀ ਹੋ ਗਏ। 14 ਜੇਠ ਨੂੰ ਹਰ ਸਾਲ ਸੰਤ ਅਵਤਾਰ ਸਿੰਘ ਜੀ ਦੀ ਯਾਦ ਵਿੱਚ ਨਿਰਮਲ ਕੁਟੀਆ ਵਿਖੇ ਇਲਾਕੇ ਭਰ ਦੀਆਂ ਗੁਰਸੰਗਤਾਂ ਵੱਲੋਂ ਸੰਤ ਬਲਬੀਰ ਸਿੰਘ ਜੀ ਦੀ ਅਗਵਾਈ ਹੇਠ ਆਪ ਜੀ ਦੀ ਬਰਸੀ ਨੂੰ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਸੰਤ ਅਵਤਾਰ ਸਿੰਘ ਜੀ ਵੱਲੋਂ ਦਰਸਾਏ ਗਏ ਸਮਾਜ ਸੇਵਾ ਦੇ ਕਾਰਜਾਂ ਨੂੰ ਗੁਰਬਾਣੀ ਦੇ ਆਸ਼ੇ ਅਨੁਸਾਰ ਹੋਰ ਅੱਗੇ ਲੈ ਜਾਣ ਲਈ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਲਗਾਤਰ ਯਤਨਸ਼ੀਲ ਹਨ। ਉਹਨਾਂ ਦੀ ਅਗਵਾਈ ਹੇਠ ਵਾਤਾਵਰਣ ਦੀ ਸੰਭਾਲ, ਵਿੱਦਿਆ, ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ, ਰਸਤਿਆਂ ਦੀ ਕਾਰਸੇਵਾ, ਪਿੰਡਾਂ ਦੇ ਵਿਕਾਸ ਤੇ ਵੇਈਆਂ ਤੇ ਨਦੀਆਂ ਨੂੰ ਸਾਫ ਸੁਥਰਾ ਰੱਖਣ ਦੀ ਵੱਡੀ ਮੁਹਿੰਮ ਚੱਲ ਰਹੀ ਹੈ ਤੇ ਤੇ ਉਨ੍ਹਾਂ ਦੀ ਯਾਦ ਨੂੰ ਹੀ ਸਮਰਪਿਤ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੰਕੈਡਰੀ ਸਕੂਲ, ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ਼, ਸੰਤ ਆਵਤਾਰ ਸਿੰਘ ਗੱਤਕਾ ਅਖਾੜਾ, ਅਵਤਾਰ ਗਊਸ਼ਾਲਾ ਤੇ ਵੱਖ-ਵੱਖ ਅਦਾਰੇ ਕਾਇਮ ਕੀਤੇ ਜਾ ਰਹੇ ਹਨ। ਆਪ ਜੀ ਮੁੱਢਲੇ ਸਿਧਾਂਤ:- ਸਿਮਰਨ ਕਰਨਾ ਤੇ ਕਰਾਉਣਾ, ਸੰਥਿਆ ਦੇ ਕੇ ਅਖੰਡ ਪਾਠੀ ਤਿਆਰ ਕਰਨੇ, ਮਰਯਾਦਾ ਅਨੁਸਾਰ ਪਾਠ ਕਰਨ ਦੀਆਂ ਵਿਧੀਆਂ ਸਿਖਾਉਣੀਆਂ, ਦੂਸਰਿਆਂ ਨੂੰ ਪ਼੍ਰਮਾਤਮਾ ਦਾ ਰੂਪ ਸਮਝ ਕੇ ਸੇਵਾ ਕਰਨੀ ਤੇ ਉਨ੍ਹਾਂ ਦਾ ਸਤਿਕਾਰ ਕਰਨਾ, ਮਾਤਾਵਾਂ ਭੈਣਾਂ ਨੂੰ ਬਰਾਬਰ ਦਾ ਦਰਜਾ ਦੇਣਾ, ਲੰਗਰ ਦੀ ਸੇਵਾ ਦੇ ਢੰਗ ਸਿਖਾਉਣੇ, ਐਸੇ ਗੁਰਸਿੱਖ ਤਿਆਰ ਕਰਨੇ ਜੋ ਪਰਉਪਕਾਰੀ ਹੋਣ ਤੇ ਦੁਨੀਆਂ ਵਿੱਚ ਸਿੱਖੀ ਨੂੰ ਕਾਇਮ ਰੱਖ ਸਕਣ, ਬੱਚਿਆਂ ਨੂੰ ਮੁਫਤ ਵਿੱਦਿਆ ਦੇਣੀ, ਸੰਤ ਅਵਤਾਰ ਸਿੰਘ ਜੀ ਦੇ ਮੁੱਢਲੇ ਸਿਧਾਂਤ ਸਨ।

Leave a Reply

Your email address will not be published. Required fields are marked *