ਖ਼ਾਲਸਾ ਕਾਲਜ ਫ਼ਾਰਮੇਸੀ ਵਿਖੇ ਸਿਹਤ ਜਾਗਰੂਕਤਾ ਮੁਹਿੰਮ ਦਾ ਆਯੋਜਨ ਕੀਤਾ ਗਿਆ
ਅੰਮ੍ਰਿਤਸਰ, 2 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਫਾਰਮੇਸੀ ਅਤੇ ਖ਼ਾਲਸਾ ਕਾਲਜ ਆਫ਼ ਫਾਰਮੇਸੀ ਐਂਡ ਟੈਕਨਾਲੋਜੀ ਵੱਲੋਂ ਵਿਦਿਆਰਥੀਆਂ ਨੂੰ ‘75ਵੇਂ ਵਿਸ਼ਵ ਸਿਹਤ ਦਿਵਸ’ ਸਬੰਧੀ ਜਾਗਰੂਕ ਕਰਨ ਲਈ ‘ਸਿਹਤ ਜਾਗਰੂਕਤਾ ਮੁਹਿੰਮ’ ਆਯੋਜਿਤ ਕੀਤੀ ਗਈ। ਜਿਸ ’ਚ ਕਾਲਜ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੱਡੀ ਗਿਣਤੀ ’ਚ ਹਿੱਸਾ ਲਿਆ। ਕਾਲਜ ਡਾਇਰੈਕਟਰ-ਪ੍ਰਿੰਸੀਪਲ ਡਾ. ਆਰ. ਕੇ. ਧਵਨ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਮੌਕੇ ਡਬਲਯੂ. ਐਚ. ਓ. ਦੀ ‘ਹੈਲਥ ਫ਼ਾਰ ਆਲ ਕੰਪੇਨ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਸਰੀਰਿਕ ਗਤੀਵਿਧੀ ਅਤੇ ਸ਼ੁੱਧ ਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਵੱਲ ਪ੍ਰੇਰਿਤ ਕਰਨ ਲਈ ਵਾਕਾਥੌਨ ਦਾ ਆਯੋਜਨ ਕੀਤਾ ਗਿਆ ਸੀ।
ਇਸ ਮੌਕੇ ਡਾ. ਧਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਬਲਯੂ. ਐਚ. ਓ. ਦੇ ਉਪਦੇਸ਼ ਨੂੰ 75ਵੀਂ ਮੁਹਿੰਮ ਦੇ ਵੀਡੀਓ ਰਾਹੀਂ ਵੀ ਦਰਸਾਇਆ ਗਿਆ ਸੀ, ਜਿਸ ’ਚ ਜਨ ਸਿਹਤ ਨੂੰ ਬੇਹੱਤਰ ਬਣਾਉਣ ਲਈ ਕਮਿਊਨਿਟੀਆਂ ਨੂੰ ਇਕੱਠਿਆਂ ਲਿਆ ਕੇ ਨਵੀਆਂ ਦਵਾਈਆਂ ਅਤੇ ਟੀਕਿਆਂ ਦੀ ਖੋਜ ਲਈ ਕੰਮ ਕਰਨ ਲਈ ਡਬਲਯੂ. ਐਚ. ਓ. ਦੇ 75 ਸਾਲਾਂ ਦੇ ਸਫ਼ਰ ਦੀ ਵਿਸ਼ੇਸ਼ਤਾ ਦਿੱਤੀ ਗਈ ਸੀ, ਜੋ ਲੋਕਾਂ ਨੂੰ ਦਰਦਨਾਕ ਅਤੇ ਘਾਤਕ ਬਿਮਾਰੀਆਂ ਤੋਂ ਬਚਾਉਂਦੀਆਂ ਹੈ। ਇਸ ਮੌਕੇ ਉਨ੍ਹਾਂ ਨੇ ਪ੍ਰੋਗਰਾਮ ਸਬੰਧੀ ਕੋਆਰਡੀਨੇਟਰ ਡਾ. ਨਰਿੰਦਰ ਕੌਰ, ਡਾ. ਕਮਲਦੀਪ ਕੌਰ, ਡਾ. ਪ੍ਰਭਸਿਮਰਨ ਸਿੰਘ, ਸ੍ਰੀ ਰਾਜਨ ਸਲਵਾਨ ਅਤੇ ਸ੍ਰੀਮਤੀ ਮਨਜੀਤ ਕੌਰ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੇ ਵਿਦਿਆਰਥੀਆਂ ਨੂੰ ਮੌਜ਼ੂਦਾ ਅਤੇ ਭਵਿੱਖ ਦੀਆਂ ਸਿਹਤ ਚੁਣੌਤੀਆਂ ਨਾਲ ਨਜਿੱਠਣ ਲਈ ਕਾਰਵਾਈ ਸਬੰਧੀ ਵੀ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸਿਹਤ ਸੰਭਾਲ ’ਚ ਇਨਫੈਕਸ਼ਨਾਂ ਅਤੇ ਐਂਟੀ-ਮਾਈਕ੍ਰੋਬਾਇਲ ਪ੍ਰਤੀਰੋਧ ਨੂੰ ਰੋਕਣ ਲਈ ਹੱਥਾਂ ਦੀ ਸਫਾਈ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ।

