ਪਟਿਆਲਾ

ਸਿੰਧੀ ਭਾਸ਼ਾ ਵਿੱਚ ਸਿਖ ਸਾਹਿਤ ਬਾਰੇ ਆਨਲਾਇਨ ਵੈਬੀਨਾਰ ਕਰਵਾਇਆ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਗੁਰਬਾਣੀ ਪਾਠਸ਼ਾਲਾ – ਖੋਜੀ ਉਪਜੈ’ ਵੱਲੋਂ ਲੰਘੇ ਦਿਨੀ ਸਿੰਧੀ ਭਾਸ਼ਾ ਵਿਚ ਸਿੱਖ ਸਾਹਿਤ ਸਰਵੇਖਣ ਅਤੇ ਸੰਭਾਵਨਾਵਾਂ ਬਾਰੇ ਆਨਲਾਈਨ ਵੈਬੀਨਾਰ ਕਰਵਾਇਆ ਗਿਆ। ਮੁੱਖ ਵਕਤਾ ਡਾ. ਮੁਹੱਬਤ ਸਿੰਘ, ਸਹਾਇਕ ਪ੍ਰੋਫੈਸਰ, ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਵਿਸ਼ੇ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਸਿੰਧੀ ਭਾਸ਼ਾ ਵਿੱਚ ਸਿਖ ਸਾਹਿਤ ਦੇ ਨਾਲ ਨਾਲ ਸਿੰਧੀ ਸਮਾਜ ਦੇ ਸਿਖ ਸਰੋਕਾਰਾਂ ਬਾਰੇ ਗੁਰਮੁਖੀ/ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਮਿਲਦੀ ਦਸਤਾਵੇਜ਼ ਸਮਗਰੀ ਬਾਰੇ ਖੋਜ ਭਰਪੂਰ ਪੇਸ਼ਕਾਰੀ ਕੀਤੀ। ਇਸ ਵੈਬੀਨਾਰ ਦੀ ਸ਼ੁਰੂਆਤ ਮੂਲਮੰਤ੍ਰ ਦੇ ਜਾਪ ਉਪਰੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਨੇ ਸਵਾਗਤੀ ਸ਼ਬਦ ਬੋਲ ਕੇ ਕੀਤੀ। ਵੈਬੀਨਾਰ ਦੀ ਪ੍ਰਧਾਨਗੀ ਕਰ ਰਹੇ ਸ. ਤਰਲੋਚਨ ਸਿੰਘ, ਸਾਬਕਾ ਚੇਅਰਮੈਨ ਕੌਮੀ ਘਟ ਗਿਣਤੀ ਕਮਿਸ਼ਨ ਨੇ ਸਿੱਖ ਪੰਥ ਦੇ ਮੋਹਤਬਰ ਆਗੂਆਂ ਤੇ ਸੰਸਥਾਵਾਂ ਨੂੰ ਵੰਗਾਰ ਪਾਈ ਕਿ ਸਿੰਧੀ ਭਾਈਚਾਰੇ ਸਮੇਤ ਉਦਾਸੀ, ਨਿਰਮਲੇ ਆਦਿ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਆਪਣੇ ਨਾਲ ਜੋੜਨ ਦੇ ਕਾਰਗਰ ਉਪਰਾਲੇ ਕੀਤੇ ਜਾਣੇ ਅਤੀ ਲੋੜੀਂਦੇ ਹਨ। ਮੁਖ ਮਹਿਮਾਨ ਸ. ਗਿਆਨ ਸਿੰਘ, ਗੁਰੂ ਨਾਨਕ ਇੰਸਟੀਚਿਊਟ ਗਲੋਬਲ ਸਟੱਡੀਜ਼ ਕੈਨੇਡਾ ਨੇ ਸਿੰਧੀ ਸਾਹਿਤ ਬਾਰੇ ਹੋਏ

ਇਸ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਅਜਿਹੇ ਖੇਤਰਾਂ ਵਿੱਚ ਖੋਜ ਕਰਨ ਵਾਲੇ ਵਿਦਵਾਨਾਂ ਅਤੇ ਨੌਜਵਾਨ ਖੋਜਕਾਰਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦੇ ਕੇ ਖੋਜ ਕਾਰਜ ਕਰਨ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਡਾ. ਸਰਦਾਰਾ ਸਿੰਘ ਜੌਹਲ, ਸਾਬਕਾ ਚਾਂਸਲਰ, ਕੇਂਦਰੀ ਯੂਨੀਵਰਸਿਟੀ ਪੰਜਾਬ, ਬਠਿੰਡਾ ਤੋਂ ਇਲਾਵਾ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਸਿੰਧੀ ਭਾਈਚਾਰੇ ਅਤੇ ਗੁਰਬਾਣੀ ਪ੍ਰੇਮ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ। ਸਾਰਿਆਂ ਵਿਦਵਾਨਾਂ ਨੇ ਸਿੰਧੀ ਸਿਖਾਂ ਦੇ ਗੁਰਬਾਣੀ ਪ੍ਰਤੀ ਅਥਾਹ ਸਤਿਕਾਰ ਦੀ ਪ੍ਰਸੰਸਾ ਕੀਤੀ। ਸਿੰਧੀ ਸਿਖਾਂ ਵੱਲੋਂ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਸਿੰਧੀ ਭਾਸ਼ਾ ਵਿਚ ਕੀਤੇ ਕਾਰਜ ਦਾ ਅਨਿੱਖੜਵਾਂ ਅੰਗ ਹਨ। ਸਿੰਧੀ ਸਿ, ਸਿੱਖੀ ਦੇ ਬੂਟੇ ਦੀ ਅਹਿਮ ਸ਼ਾਖ ਹਨ। ਇਸ ਮੌਕੇ ਮੁੰਬਈ ਤੋਂ ਸਰਦਾਰ ਚਤਰ ਸਿੰਘ ਸਿੰਧੀ, ਰਾਸ਼ਟਰੀ ਰਕਸ਼ਾ ਯੂਨੀਵਰਸਿਟੀ, ਗਾਂਧੀ ਨਗਰ (ਗੁਜਰਾਤ) ਤੋਂ ਡਾਕਟਰ ਜਸਬੀਰ ਕੌਰ ਥਧਾਣੀ; ਸਾਇਮਨ ਫਰੇਜ਼ਰ ਯੂਨੀਵਰਸਿਟੀ ਕੈਨੇਡਾ ਤੋਂ ਪ੍ਰੋਫੈਸਰ ਗੁਰਵਿੰਦਰ ਸਿੰਘ, ਸਿੱਖ ਮਿਸ਼ਨ ਕਲਕੱਤਾ ਤੋਂ ਸ. ਜਗਮੋਹਨ ਸਿੰਘ ਗਿੱਲ, ਉੜੀਸਾ ਦਾ ਸ. ਚਰਨਜੀਤ ਸਿੰਘ ਰੁੜਕੇਲਾ, ਪੂਨੇ ਤੋਂ ਡਾ. ਸੁਰਜੀਤ ਕੌਰ, ਅਮਰੀਕਾ ਤੋਂ ਸ. ਸੁਖਦੇਵ ਸਿੰਘ ਸ਼ਾਂਤ ਤੋਂ ਇਲਾਵਾ ਪੰਜਾਬ ਅਤੇ ਭਾਰਤ ਸਮੇਤ ਦੁਨੀਆਂ ਭਰ ਦੇ ਵਿਦਿਅਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਦੇ 70 ਤੋਂ ਵੱਧ ਵਿਦਵਾਨਾਂ, ਲੇਖਕਾਂ ਅਤੇ ਰਿਸਰਚ ਸਕਾਲਰਾਂ ਨੇ ਸ਼ਮੂਲੀਅਤ ਕੀਤੀ। ਡਾ. ਗੁਰਮੇਲ ਸਿੰਘ, ਮੁਖੀ, ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ।

Leave a Reply

Your email address will not be published. Required fields are marked *