ਪਟਿਆਲਾ

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੂੰ ਮਿਲੇਗਾ ਕੌਮਾਂਤਰੀ ਪੱਧਰ ਦਾ ਲਾਈਫ਼ ਟਾਈਮ ਅਚੀਵਮੈਂਟ ਐਵਾਰਡ

ਕਰਨਾਟਕ ਦੀ ਯੂਨੀਵਰਸਿਟੀ ਆਫ਼ ਮੈਸੂਰ ਵਿੱਚ ਕਾਰਜਸ਼ੀਲ ਹਨ ਪ੍ਰੋ. ਮੇਵਾ ਸਿੰਘ

ਸਿ਼ਵਾਲਿਕ ਖੇਤਰ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਤੱਕ ਦੇ ਬਾਂਦਰਾਂ ਬਾਰੇ ਕੀਤੀਆਂ ਹਨ ਖੋਜਾਂ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਪ੍ਰੋ. ਮੇਵਾ ਸਿੰਘ ਦੀ ਇੰਟਰਨੈਸ਼ਨਲ ਪਰਾਈਮੈਟੌਲੋਜੀਕਲ ਸੋਸਾਇਟੀ ਦੇ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਲਈ ਚੋਣ ਹੋਈ ਹੈ। ਇਸ ਐਵਾਰਡ ਲਈ ਚੁਣੇ ਜਾਣ ਵਾਲੀ ਉਹ ਏਸ਼ੀਆ ਦੀ ਦੂਜੀ ਅਤੇ ਭਾਰਤ ਦੀ ਪਹਿਲੀ ਸ਼ਖ਼ਸੀਅਤ ਹਨ। ਇਹ ਐਵਾਰਡ ਹੁਣ ਤੱਕ ਸੰਸਾਰ ਭਰ ਦੀਆਂ ਸਿਰਫ਼ 10 ਸ਼ਖ਼ਸੀਅਤਾਂ ਨੂੰ ਹੀ ਪ੍ਰਾਪਤ ਹੋਇਆ ਹੈ। ਜਿ਼ਕਰਯੋਗ ਹੈ ਕਿ ਕਰਨਾਟਕਾ ਦੀ ਯੂਨੀਵਰਸਿਟੀ ਆਫ਼ ਮੈਸੂਰ ਵਿਖੇ ਕਾਰਜਸ਼ੀਲ ਪ੍ਰੋ. ਮੇਵਾ ਸਿੰਘ ਨੇ 1971 ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਗੌਰਮਿੰਟ ਕਾਲਜ ਮਲੇਰਕੋਟਲਾ ਤੋਂ ਬੀ. ਏ. ਕੀਤੀ ਹੈ। ਬਾਅਦ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮਨੋਵਿਗਿਆਨ ਵਿਸ਼ੇ ਵਿੱਚ ਐੱਮ.ਐੱਸ.ਸੀ. ਕਰਨ ਉਪਰੰਤ ਉਨ੍ਹਾਂ ਵਿਗਿਆਨ ਨੂੰ ਆਪਣਾ ਖੋਜ ਖੇਤਰ ਚੁਣ ਲਿਆ ਸੀ। ਜਾਨਵਰਾਂ ਦੇ ਵਿਵਹਾਰ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰੋ. ਮੇਵਾ ਸਿੰਘ ਨੇ ਆਰੰਭ ਵਿੱਚ ਸਿ਼ਵਾਲਿਕ ਖੇਤਰ ਵਿਚਲੇ ਬਾਂਦਰਾਂ ਨੂੰ ਆਪਣੀ ਖੋਜ ਦਾ ਵਿਸ਼ਾ ਬਣਾਇਆ ਜਿਸ ਨੂੰ ਜਾਰੀ ਰਖਦਿਆਂ ਉਨ੍ਹਾਂ ਸਿ਼ਵਾਲਿਕ ਤੋਂ ਲੈ ਕੇ ਅੰਡੇਮਾਨ ਨਿਕੋਬਾਰ ਦੇ ਟਾਪੂਆਂ ਵਿਚਲੇ ਬਾਂਦਰਾਂ ਬਾਰੇ ਵਿਗਿਆਨਕ ਖੋਜਾਂ ਕੀਤੀਆਂ। ਮੌਜੂਦਾ ਸਮੇਂ ਅੰਡੇਮਾਨ ਨਿਕੋਬਾਰ ਦੇ ਦੋ ਟਾਪੂਆਂ ਉੱਤੇ ਉਨ੍ਹਾਂ ਦੀ ਅਗਵਾਈ ਵਿੱਚ ਦੋ ਖੋਜਾਰਥੀ ਵੀ ਬਾਂਦਰਾਂ ਉੱਤੇ ਖੋਜ ਕਰ ਰਹੀਆਂ ਹਨ।

ਪ੍ਰੋ. ਮੇਵਾ ਸਿੰਘ, ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਨਾਲ਼ ਜੁੜੇ ਹੋਣ ਉੱਤੇ ਮਾਣ ਹੈ, ਆਪਣੀ ਖੋਜ ਦੇ ਖੇਤਰ ਬਾਰੇ ਗੱਲ ਕਰਦਿਆਂ ਦਸਦੇ ਹਨ ਕਿ ਉਨ੍ਹਾਂ ਦੀ ਖੋਜ ਰਾਹੀਂ ਜੁਟਾਏ ਜਾਣ ਵਾਲੇ ਅੰਕੜੇ ਵੱਖ-ਵੱਖ ਪੱਖਾਂ ਤੋਂ ਸਹਾਈ ਸਾਬਿਤ ਹੋਏ ਹਨ। ਜਿੱਥੇ ਇਹ ਮੈਡੀਕਲ ਖੇਤਰ ਲਈ ਸਹਾਈ ਸਿੱਧ ਹੁੰਦੇ ਹਨ ਉੱਥੇ ਹੀ ਚੌਗਿਰਦੇ ਦੀ ਸੰਤੁਲਨ ਪ੍ਰਣਾਲ਼ੀ ਅਤੇ ਬਾਂਦਰਾਂ ਦੇ ਵਿਵਹਾਰ ਨੂੰ ਸਮਝਣ ਵਿੱਚ ਵੀ ਲਾਭਦਾਇਕ ਹਨ। ਉਨ੍ਹਾਂ ਦੱਸਿਆ ਕਿ ਬਾਂਦਰਾਂ ਦੀਆਂ ਕੁੱਝ ਅਲੋਪ ਹੋ ਰਹੀਆਂ ਨਸਲਾਂ ਦੇ ਹਵਾਲੇ ਨਾਲ਼ ਕੀਤਾ ਗਿਆ ਉਨ੍ਹਾਂ ਦਾ ਅਧਿਐਨ ਸੰਬੰਧਤ ਨਸਲਾਂ ਦੇ ਵੇਲ-ਵਾਧੇ ਅਤੇ ਵਿਗਾਸ ਨੂੰ ਕੇਂਦਰ ਵਿੱਚ ਰੱਖ ਕੇ ਇਸ ਖੇਤਰ ਦੀਆਂ ਬਹੁਤ ਸਾਰੀਆਂ ਪਰਤਾਂ ਉਜਾਗਰ ਕਰਦਾ ਹੈ। ਉਨ੍ਹਾਂ ਖੁਸ਼ੀ ਪ੍ਰਗਟਾਈ ਕਿ ਅਜਿਹਾ ਹੋਣਾ ਉਨ੍ਹਾਂ ਦੇ ਕੰਮ ਨੂੰ ਰਸਮੀ ਪ੍ਰਵਾਨਗੀ ਪ੍ਰਦਾਨ ਕਰਦਾ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪ੍ਰੋ. ਮੇਵਾ ਸਿੰਘ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬੀ ਯੂਨੀਵਰਸਿਟੀ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਖੁਦ ਵਿਗਿਆਨ ਖੇਤਰ ਨਾਲ਼ ਸੰਬੰਧਤ ਹੋਣ ਦੇ ਨਾਤੇ ਉਹ ਇਸ ਵੱਕਾਰੀ ਐਵਾਰਡ ਦੀ ਅਹਿਮੀਅਤ ਨੂੰ ਬਾਖ਼ੂਬੀ ਸਮਝਦੇ ਹਨ। ਇਹ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਮੇਵਾ ਸਿੰਘ ਜਿਹੀਆਂ ਸ਼ਖ਼ਸੀਅਤਾਂ ਪੰਜਾਬੀ ਯੂਨੀਵਰਸਿਟੀ ਦੇ ਕੱਦ ਨੂੰ ਹੋਰ ਉੱਚਾ ਕਰਦੀਆਂ ਹਨ।

Leave a Reply

Your email address will not be published. Required fields are marked *