ਵਿਕਲਾਂਗਤਾ ਨਾਲ਼ ਜੁੜੇ ਅਧਿਕਾਰਾਂ ਬਾਰੇ ਦੋ ਦਿਨਾ ਜਾਗਰੂਕਤਾ ਸੈਮੀਨਾਰ ਕਰਵਾਇਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਲੰਘੇ ਸ਼ਨੀਵਾਰ ਨੂੰ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.), ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼ ਅਤੇ ਪਟਿਆਲਾ ਡੈੱਫ ਐਸੋਸੀਏਸ਼ਨ ਵੱਲੋਂ ਸਾਂਝੇ ਤੌਰ ਉੱਤੇ ਦੋ ਦਿਨਾ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਵਿਕਲਾਂਗਤਾ ਨਾਲ਼ ਜੁੜੇ ਅਧਿਕਾਰਾਂ ਸੰਬੰਧੀ ਵਿਸ਼ੇਸ਼ ਕਾਨੂੰਨ ‘ਰਾਈਟਸ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼ ਐਕਟ-2016’ ਬਾਰੇ ਜਾਗਰੂਕਤਾ ਕਰਨ ਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਮਾਹਿਰਾਂ ਵੱਲੋਂ ਦੱਸਿਆ ਗਿਆ ਕਿ ਕਿਸ ਹਾਲਾਤ ਵਿੱਚ ਇਹ ਕਾਨੂੰਨ ਹੋਂਦ ਵਿੱਚ ਆਇਆ ਅਤੇ ਇਸ ਨਾਲ਼ ਵਿਕਲਾਂਗ ਵਿਅਕਤੀਆਂ ਦੀਆਂ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਹੱਲ ਹੋ ਸਕਦਾ ਹੈ। ਚਰਚਾ ਦੌਰਾਨ ਇੱਕ ਵਿਸ਼ੇਸ਼ ਨੁਕਤਾ ਇਹ ਉੱਭਰ ਕੇ ਸਾਹਮਣੇ ਆਇਆ ਕਿ ਵਿਕਲਾਂਗਾਂ ਅੰਦਰ ਵੀ ਕੁੱਝ ਵਿਸ਼ੇਸ਼ ਸ਼ਰੇਣੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਬਾਕੀ ਵਿਕਲਾਂਗ ਸ਼ਰੇਣੀਆਂ ਵੱਲੋਂ ਜਾਂ ਆਮ ਲੋਕਾਂ ਵੱਲੋਂ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਦਾਹਰਨ ਵਜੋਂ ਬੋਲਣ ਸੁਣਨ ਤੋਂ ਅਸਮਰਥ ਲੋਕਾਂ ਬਾਰੇ ਅਦਾਰਿਆਂ ਵਿੱਚ ਆਮ ਤੌਰ ਉੱਤੇ ਇਹ ਧਾਰਨਾ ਬਣੀ ਹੁੰਦੀ ਹੈ ਕਿ ਉਨ੍ਹਾਂ ਨਾਲ਼ ਸੰਵਾਦ ਰਚਾਉਣਾ ਔਖਾ ਹੈ। ਇਸ ਲਈ ਉਨ੍ਹਾਂ ਨੂੰ ਅਕਸਰ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੌਕਰੀਆਂ ਉੱਤੇ ਵੀ ਉਨ੍ਹਾਂ ਨੂੰ ਭਰਤੀ ਨਹੀਂ ਕੀਤਾ ਜਾਂਦਾ ਜਿੱਥੇ ਕਿ ਭਰਤੀ ਕੀਤਾ ਜਾ ਸਕਦਾ ਹੈ। ਵਿਚਾਰ ਚਰਚਾ ਦੌਰਾਨ ਕਿਹਾ ਗਿਆ ਕਿ 21 ਤਰੀਕਿਆਂ ਦੀ ਵਿਕਲਾਂਗਤਾ ਨੂੰ ਠੀਕ ਤਰੀਕੇ ਨਾਲ਼ ਨੁਮਾਇੰਦਗੀ ਮਿਲਣੀ ਚਾਹੀਦੀ ਹੈ। ਇਸ ਕਾਨੂੰਨ ਨੂੰ ਬਣਾਉਣ ਲਈ ਜਿਸ ਤਰ੍ਹਾਂ ਸੰਘਰਸ਼ ਕਰਨਾ ਪਿਆ ਓਸੇ ਤਰ੍ਹਾਂ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਵੀ ਸੰਘਰਸ਼ ਕਰਨਾ ਪਵੇਗਾ।
ਇਸ ਵਰਕਸ਼ਾਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਤੋਂ ਤਕਰੀਬਨ 70 ਜਣਿਆਂ ਨੇ ਸਿ਼ਰਕਤ ਕੀਤੀ ਜਿਨ੍ਹਾਂ ਨੇ ਇਸ ਕਾਨੂੰਨ ਦੇ ਵੱਖ-ਵੱਖ ਪੱਖਾਂ ਬਾਰੇ ਸਵਾਲ ਪੁੱਛੇ। ਇਹ ਵੀ ਚਰਚਾ ਕੀਤੀ ਗਈ ਕਿ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਕਿਸ ਕਿਸਮ ਦੀਆਂ ਲੋੜਾਂ ਹਨ।
ਦਿੱਲੀ ਤੋਂ ਪੁੱਜੇ ਨੈਸ਼ਨਲ ਐਸੋਸੀਏਸ਼ਨ ਆਫ਼ ਡੈੱਫ਼ ਦੇ ਪ੍ਰਧਾਨ ਏ. ਐੱਸ. ਨਰਾਇਣ ਨੇ ਇਸ ਮੌਕੇ ਇੱਕ ਵਿਸਥਾਰ ਪੂਰਵਕ ਪੇਸ਼ਕਾਰੀ ਦਿੱਤੀ ਜਿਸ ਰਾਹੀਂ ਕਾਨੂੰਨ ਨਾਲ਼ ਸੰਬੰਧਤ ਵੱਖ-ਵੱਖ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਦੱਸਿਆ ਗਿਆ। ਉਨ੍ਹਾਂ ਆਪਣੀ ਗੱਲਬਾਤ ਵਿੱਚ ਕਿਹਾ ਕਿ ਵਿਕਲਾਂਗ ਜੀਆਂ ਨੂੰ ਕਿਸੇ ਵੀ ਤਰੀਕੇ ਤ੍ਰਿਸਕਾਰ ਦਾ ਪਾਤਰ ਨਹੀਂ ਬਣਾਉਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਆਮ ਤੌਰ ਉੱਤੇ ਵਿਕਲਾਂਗ ਤਬਕਾ ਆਪਸ ਵਿੱਚ ਵੀ ਇੱਕ ਦੂਜੇ ਬਾਰੇ ਮਜ਼ਾਕ ਜਾਂ ਤ੍ਰਿਸਕਾਰ ਨਾਲ਼ ਵੇਖਣਾ ਸ਼ੁਰੂ ਕਰ ਦਿੰਦਾ ਹੈ ਜੋ ਕਿ ਗ਼ਲਤ ਰੁਝਾਨ ਹੈ। ਉਨ੍ਹਾਂ ਕਿਹਾ ਕਿ ਇਸ ਰੁਝਾਨ ਨੂੰ ਠੱਲ੍ਹ ਪਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਕਲਾਂਗ ਤਬਕੇ ਨੂੰ ਆਪਣਾ ਸਤਿਕਾਰ ਹਾਸਿਲ ਕਰਨ ਲਈ ਆਪਸ ਵਿੱਚ ਵੀ ਇੱਕ ਦੂਜੇ ਨੂੰ ਸਤਿਕਾਰ ਦੇਣ ਦੀ ਲੋੜ ਹੈ। ਇਸ ਮਾਮਲੇ ਵਿੱਚ ਉਨ੍ਹਾਂ ਵਿਕਲਾਂਗ ਜੀਆਂ ਨੂੰ ਆਪਣਾ ਸਮਾਜਿਕ ਵਿਵਹਾਰ ਬਿਹਤਰ ਕਰਨ ਦੀ ਤਾਕੀਦ ਕੀਤੀ। ਪ੍ਰੋਗਰਾਮ ਦੇ ਆਖਰੀ ਪੜਾਅ ਦੀ ਪ੍ਰਧਾਨਗੀ ਈ. ਐੱਮ. ਆਰ. ਸੀ. ਦੇ ਡਾਇਰੈਕਟਰ ਦਲਜੀਤ ਅਮੀ ਨੇ ਕੀਤੀ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਵਿਕਲਾਂਗਤਾ ਨਾਲ਼ ਸੰਬੰਧਤ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਅਦਾਰਿਆਂ ਦੀ ਕਿਹੋ ਜਿਹੀ ਭੂਮਿਕਾ ਹੋ ਸਕਦੀ ਹੈ, ਜੇਕਰ ਇਸ ਖੇਤਰ ਨਾਲ਼ ਜੁੜੇ ਮਾਹਿਰ ਈ. ਐੱਮ.ਆਰ.ਸੀ. ਨੂੰ ਸਮਝਾਉਣਗੇ ਤਾਂ ਈ.ਐੱਮ.ਆਰ.ਸੀ. ਲਾਜ਼ਮੀ ਤੌਰ ਉੱਤੇ ਇਸ ਸੰਬੰਧੀ ਪਹਿਲਕਦਮੀ ਕਰੇਗਾ। ਉਨ੍ਹਾਂ ਦੱਸਿਆ ਕਿ ਈ. ਐੱਮ.ਆਰ. ਸੀ. ਵੱਲੋਂ ਪਹਿਲਾਂ ਹੀ ਇਸ ਮਾਮਲੇ ਵਿੱਚ ਪਹਿਲਕਦਮੀ ਕਰਦਿਆਂ ਇੱਥੇ ਕਰਵਾਏ ਜਾਂਦੇ ਸਾਰੇ ਪ੍ਰੋਗਰਾਮਾਂ ਵਿੱਚ ਸੰਕੇਤ ਭਾਸ਼ਾ ਮਾਹਿਰ ਤੋਂ ਤੁਰੰਤ ਤਰਜਮਾ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਰਵਾਇਤ ਨੂੰ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਦੋਂ ਵੱਖਰੀਆਂ ਵੱਖਰੀਆਂ ਯੋਗਤਾਵਾਂ ਵਾਲੇ ਲੋਕ ਇਕੱਠੇ ਮਿਲ ਵਿਚਰਦੇ ਹਨ ਤਾਂ ਉਨ੍ਹਾਂ ਨੂੰ ਇੱਕ ਦੂਜੇ ਨੂੰ ਬਿਹਤਰ ਸਮਝਣ ਸਮਝਾਉਣ ਦਾ ਮੌਕਾ ਮਿਲਦਾ ਹੈ। ਇਸ ਨਾਲ਼ ਸਮਾਜ ਵੰਨ-ਸੁਵੰਨਤਾਵਾਂ ਨੂੰ ਸਵੀਕਾਰਦਾ ਹੋਇਆ ਵਿਕਾਸ ਦੀਆਂ ਲੀਹਾਂ ਉੱਤੇ ਤੁਰਦਾ ਹੈ। ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਿਟੀਜ਼ ਤੋਂ ਡਾ. ਕਿਰਨ ਨੇ ਕਿਹਾ ਕਿ ਵੱਖ-ਵੱਖ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਇਸ ਕਾਨੂੰਨ ਨੂੰ ਲਾਗੂ ਕਰਨ ਲਈ ਆਪੋ ਆਪਣੇ ਪੱਧਰ ਉੱਤੇ ਪਹਿਲਕਦਮੀਆਂ ਕਰਨ। ਪਟਿਆਲਾ ਡੈੱਫ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਨੇ ਇਸ ਪ੍ਰੋਗਰਾਮ ਦੇ ਆਯੋਜਨ ਉੱਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਲੜੀ ਵਿੱਚ ਹੋਰ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ।

