ਡਾ. ਧਰਮਿੰਦਰ ਸਿੰਘ ਉੱਭਾ ਦਾ ਕਾਵਿ ਸੰਗ੍ਰਹਿ ’ਆ ਦੋ ਗੱਲਾਂ ਕਰੀਏ’ ਕੀਤਾ ਗਿਆ ਲੋਕ ਅਰਪਣ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਦਾ ਸੱਤਵਾਂ ਕਾਵਿ ਸੰਗ੍ਰਹਿ ’ਆ ਦੋ ਗੱਲਾਂ ਕਰੀਏ’ ਅੱਜ ਸ. ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ,ਪੰਜਾਬ ਸਰਕਾਰ , ਸ. ਸਿਕੰਦਰ ਸਿੰਘ ਮਲੂਕਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਤੇ ਸ. ਰਣਦੀਪ ਸਿੰਘ ਆਹਲੂਵਾਲੀਆ ਜੁਆਇੰਟ ਡਾਇਰੈਕਟਰ ਪਬਲਿਕ ਰਿਲੇਸ਼ਨ,ਪੰਜਾਬ ਸਰਕਾਰ ਵੱਲੋਂ ਕਾਲਜ ਵਿਖੇ ਕਰਵਾਏ ਗਏ ਇਕ ਸਮਾਗਮ ਵਿਚ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਰਿਲੀਜ਼ ਸਮਾਰੋਹ ਵਿਚ ਉਹਨਾਂ ਨਾਲ ਸ. ਸਤਵਿੰਦਰ ਸਿੰਘ ਟੌਹੜਾ, ਸ੍ਰੀ ਅਜੇ ਜੇਠੀ ਅਤੇ ਸ੍ਰੀਮਤੀ ਸਵਰਨਜੀਤ ਕੌਰ ਉੱਭਾ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਡਾ. ਉੱਭਾ ਕਵਿਤਾ ਤੋਂ ਇਲਾਵਾ ਵਾਰਤਕ ਵੰਨਗੀ ਵਿੱਚ ਵੀ ਹੱਥ ਅਜ਼ਮਾ ਚੁੱਕੇ ਹਨ।
ਇਸ ਮੌਕੇ ਆਪਣੇ ਸੰਬੋਧਨ ਵਿਚ ਸ. ਰੱਖੜਾ ਨੇ ਕਿਹਾ ਕਿ ਡਾ. ਧਰਮਿੰਦਰ ਸਿੰਘ ਉੱਭਾ ਇੱਕ ਸਰਬ ਪੱਖੀ ਸਖਸ਼ੀਅਤ ਹਨ। ਜਿੱਥੇ ਉਹ ਇਕ ਕੁਸ਼ਲ ਪ੍ਰਬੰਧਕ ਹਨ ਉਥੇ ਸਾਹਿਤ ਦੇ ਖੇਤਰ ਵਿੱਚ ਵੀ ਇਹ ਇੱਕ ਜਾਣੀ-ਪਹਿਚਾਣੀ ਸ਼ਖ਼ਸੀਅਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡਾ. ਉਭਾ ਦੇ ਪਰਿਵਾਰ ਵਿਚਲੇ ਸਾਹਿਤਕ ਮਾਹੌਲ ਦੀ ਬਦੌਲਤ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਸਾਹਿਤਕ ਰਚਨਾ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਡਾ. ਉਭਾ ਦਾ ਇਹ ਕਾਵਿ ਸੰਗ੍ਰਹਿ ਪੰਜਾਬੀ ਪਾਠਕਾਂ ਲਈ ਇਕ ਨਵੀਂ ਤਾਜ਼ਗੀ ਦਾ ਜ਼ਾਮਨ ਬਣੇਗਾ।
ਸ. ਮਲੂਕਾ ਨੇ ਡਾ. ਉੱਭਾ ਨੂੰ ਇਸ ਮੌਕੇ ਵਧਾਈ ਦਿੰਦੇ ਹੋਏ ਕਿਹਾ ਕਿ ਕਵਿਤਾ ਆਦਿ ਕਾਲ ਤੋਂ ਹੀ ਮਨੁੱਖ ਦੀ ਸਭ ਤੋਂ ਨੇੜਲੀ ਸਾਥਣ ਰਹੀ ਹੈ। ਮਨੁੱਖੀ ਭਾਵਨਾਵਾਂ ਦੀ ਤਰਜ਼ਮਾਨੀ ਵਿਚ ਕਵਿਤਾ ਸਭ ਤੋਂ ਕਾਮਯਾਬ ਸਾਹਿਤਕ ਵਿਧਾ ਹੈ। ਸ. ਆਹਲੂਵਾਲੀਆ ਨੇ ਇਸ ਮੌਕੇ ਦੱਸਿਆ ਕਿ ਡਾ.ਉੱਭਾ ਕਾਮਰਸ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਪੰਜਾਬੀ ਸਾਹਿਤ ਨਾਲ ਵਿਸ਼ੇਸ ਲਗਾਵ ਰੱਖਣ ਵਾਲੀ ਸ਼ਖ਼ਸੀਅਤ ਹਨ। ਇਨ੍ਹਾਂ ਦਾ ਅੱਜ ਰਿਲੀਜ਼ ਕੀਤਾ ਗਿਆ ਕਾਵਿ-ਸੰਗ੍ਰਹਿ ਆ ’ਦੋ ਗੱਲਾਂ ਕਰੀਏ’ ਇਨਾਂ ਦੇ ਕਾਵਿ-ਅਨੁਭਵ ਦੀ ਪ੍ਰੋੜ ਅਵਸਥਾ ਨੂੰ ਸਾਹਮਣੇ ਲਿਆਉਂਦਾ ਹੈ। ਡਾ. ਜਗਜੀਤ ਸਿੰਘ ਮੁਖੀ ਸੰਗੀਤ ਗਾਇਨ ਨੇ ਇਸ ਮੌਕੇ ਕਿਹਾ ਕਿ ਉਹ ਡਾ. ਧਰਮਿੰਦਰ ਸਿੰਘ ਉੱਭਾ ਦੇ ਸਮੁੱਚੇ ਕਾਵਿ ਸਫ਼ਰ ਦੇ ਗਵਾਹ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਦੁਆਰਾ ਲਿਖੇ ਗਏ ਅਨੇਕਾਂ ਹੀ ਗੀਤਾਂ ਨੂੰ ਨਾਮਵਰ ਗਾਇਕਾਂ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ। ਡਾ. ਦਵਿੰਦਰ ਸਿੰਘ ਨੇ ਇਸ ਮੌਕੇ ਕਾਵਿ ਸੰਗ੍ਰਹਿ ’ਆ ਦੋ ਗੱਲਾਂ ਕਰੀਏ’ ’ਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਇਹ ਕਾਵਿ ਸੰਗ੍ਰਹਿ ਸਮਕਾਲ ਵਿਚ ਪਰਿਵਾਰਾਂ ਦੀ ਤਿੜਕ ਰਹੀ ਵੇਦਨਾ ਤੋਂ ਪਾਰ ਜਾ ਕੇ ਇੱਕ ਅਦਰਸ਼ ਪਰਿਵਾਰ ਦੇ ਨਿਜ਼ਾਮ ਨੂੰ ਸਥਾਪਤ ਕਰਦਾ ਹੈ। ਨਾਲ ਹੀ ਮਨੁੱਖ ’ਤੇ ਭਾਰੂ ਹੁੰਦੀ ਜਾ ਰਹੀ ਇਕੱਲਤਾ ਦੇ ਸੰਤਾਪ ਤੋਂ ਬਾਹਰ ਨਿਕਲਣ ਵਿੱਚ ਸਹਾਈ ਹੋਣ ਦੀਆਂ ਪੂਰੀਆਂ ਸੰਭਾਵਨਾਵਾਂ ਰੱਖਦਾ ਹੈ। ਇਸ ਕਾਵਿ-ਸੰਗ੍ਰਹਿ ਵਿਚ ਕਵੀ ਦੇ ਨਿੱਜੀ ਅਨੁਭਵ ਤੋਂ ਲੈ ਕੇ ਵਿਸ਼ਵ ਪੱਧਰ ਤੇ ਵਾਪਰੀਆਂ ਘਟਨਾਵਾਂ ਤੱਕ ਦੀ ਨਿਸ਼ਾਨਦੇਹੀ ਕੀਤੀ ਮਿਲਦੀ ਹੈ। ਇਸ ਵਿਚ ਜ਼ਿਆਦਾਤਰ ਖੁੱਲ੍ਹੀਆਂ ਨਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ ਅੰਤ ਤੇ ਕੁਝ ਲੈਅਬੱਧ ਰਚਨਾਵਾਂ ਵੀ ਸ਼ਾਮਲ ਹਨ । ਡਾ. ਧਰਮਿੰਦਰ ਸਿੰਘ ਉੱਭਾ ਨੇ ਸਮਾਗਮ ਦੇ ਅੰਤ ਤੇ ਆਏ ਹੋਏ ਮਹਿਮਾਨਾਂ ਅਤੇ ਸ਼ਾਮਲ ਸ਼ਖ਼ਸੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਥੇ ਕਾਮਰਸ ਦੇ ਵਿਸ਼ੇ ਨੇ ਉਹਨਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕੀਤਾ। ਉਥੇ ਨਾਲ ਹੀ ਸਾਹਿਤ ਸਿਰਜਣਾ ਨੇ ਉਨ੍ਹਾਂ ਦੀ ਰੂਹ ਨੂੰ ਹੁਲਾਰਾ ਬਖਸ਼ਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਕਾਵਿ ਸਿਰਜਣਾ ਦੇ ਸਫ਼ਰ ਵਿਚ ਉਹਨਾਂ ਦੇ ਪਰਿਵਾਰ ਦਾ ਹਮੇਸ਼ਾਂ ਹੀ ਮਹੱਤਵਪੂਰਨ ਯੋਗਦਾਨ ਰਿਹਾ। ਵਿਸ਼ੇਸ਼ ਕਰਕੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸਵਰਨਜੀਤ ਕੌਰ ਉੱਭਾ ਉਨ੍ਹਾਂ ਦੇ ਕਾਵਿਕ ਸਫ਼ਰ ਵਿਚ ਹਮੇਸ਼ਾਂ ਹਮਸਫ਼ਰ ਰਹੀ ਤੇ ਉਨ੍ਹਾਂ ਨੂੰ ਪਹਿਲੀ ਸਰੋਤਾ ਹੋਣ ਦਾ ਮਾਣ ਵੀ ਹਾਸਲ ਹੁੰਦਾ ਰਿਹਾ। ਇਸ ਮੌਕੇ ਉਨ੍ਹਾਂ ਪੰਜਾਬੀ ਪਾਠਕਾਂ ਵੱਲੋਂ ਮਿਲਦੇ ਨਿੱਘੇ ਪਿਆਰ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਸੋਹਜਬੀਰ ਸਿੰਘ ਉੱਭਾ, ਪੋਤਰੀ ਇਲਾਹੀ, ਡਿਪਟੀ ਪਿ੍ਰੰਸੀਪਲ ਡਾ.ਹਰਵਿੰਦਰ ਕੌਰ, ਕੰਟਰੋਲਰ ਪ੍ਰੀਖਿਆਵਾਂ ਡਾ.ਜਸਪ੍ਰੀਤ ਕੌਰ, ਸੁਪਰਡੈਂਟ ਸ.ਰਵਿੰਦਰਜੀਤ ਸਿੰਘ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।

