ਰੂਪਨਗਰ

ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਣ ਨੂੰ ਪਰਾਲੀ ਦੇ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਦੇ ਆਦੇਸ਼

ਭੱਠਿਆਂ ਵਿੱਚ 20 ਫੀਸਦੀ ਪਰਾਲੀ ਦੀ ਬਾਲਣ ਵਜੋਂ ਵਰਤੋਂ ਯਕੀਨੀ ਬਣਾਉਣ ਦੀ ਹਦਾਇਤ

ਖੇਤੀ ਮਸ਼ੀਨਰੀ ਸਬੰਧੀ ਸਬਸਿਡੀ ਲਈ 20 ਜੁਲਾਈ ਤੱਕ ਕਿਸਾਨ ਕਰ ਸਕਦੇ ਹਨ ਆਨ ਲਾਈਨ ਅਪਲਾਈ

ਜ਼ਿਲ੍ਹੇ ਦੇ ਹਰ ਬਲਾਕ ਵਿੱਚ ਪਰਾਲੀ ਸਟੋਰ ਕਰਨ ਲਈ ਥਾਵਾਂ ਨਿਰਧਾਰਿਤ ਕੀਤੀਆਂ ਜਾਣਗੀਆਂ

ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ

ਰੂਪਨਗਰ , 7 ਜੁਲਾਈ (ਮਧੂਸਾਰ ਬਿਊਰੋ) : ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਦਿਆਂ ਸਮੂਹ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫ਼ਸਰਾਂ ਨੂੰ ਆਦੇਸ਼ ਦਿੱਤੇ ਕਿ ਵਾਤਾਵਰਣ ਨੂੰ ਪਰਾਲੀ ਦੇ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਹਰ ਪੱਧਰ ਉੱਤੇ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨ ਅਤੇ ਰਾਜ ਸਰਕਾਰ ਵਲੋਂ ਪਰਾਲੀ ਨੂੰ ਖੇਤਾਂ ਵਿਚ ਨਾ ਸਾੜਨ ਸਬੰਧੀ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਲਈ ਇਹ ਅਤਿ ਜ਼ਰੂਰੀ ਹੈ ਕਿ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਥਾਵਾਂ ਉਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਹੋਈਆਂ ਹਨ ਓਥੇ ਰੋਜ਼ਾਨਾ ਤਿੰਨ ਸ਼ਿਫਟਾਂ ਵਿਚ ਨੋਡਲ ਅਫਸਰ ਤੈਨਾਤ ਕੀਤੇ ਜਾਣ ਅਤੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਇਸ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੱਥੇ ਪਰਾਲੀ ਸਾੜਨ ਨਾਲ ਪੈਦਾ ਹੋਏ ਪ੍ਰਦੂਸ਼ਣ ਨਾਲ ਸਾਡਾ ਵਾਤਾਵਰਣ ਤੇ ਕੁਦਰਤ ਨੂੰ ਨੁਕਸਾਨ ਪਹੁੰਚਦਾ ਹੈ ਓਥੇ ਹੀ ਇਨਸਾਨਾਂ ਸਮੇਤ ਜੀਵ ਜੰਤੂਆਂ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਜੀਵ ਜੰਤੂ ਆਪਣੀ ਜਾਨ ਗਵਾ ਦਿੰਦੇ ਹਨ। ਉਨ੍ਹਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਭੱਠਿਆਂ ਵਿੱਚ 20 ਫੀਸਦੀ ਬਾਲਣ ਲਈ ਪਰਾਲੀ ਦੀ ਵਰਤੋਂ ਕਰਨਾ ਯਕੀਨੀ ਬਣਾਉਣ ਅਤੇ ਉਨ੍ਹਾਂ ਉਦਯੋਗਾਂ ਵਿਚ ਵੀ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਇੰਧਨ ਵਜੋਂ ਵਰਤੋਂ ਵਿੱਚ ਲਿਆਉਣ ਲਈ ਕਿਹਾ। ਉਨ੍ਹਾਂ ਹਿਮਾਚਲ ਪ੍ਰਦੇਸ਼ ਅਤੇ ਨੇੜਲੇ ਜਿਲ੍ਹਿਆਂ ਵਿੱਚ ਪਰਾਲੀ ਦੀ ਵਰਤੋਂ ਕਰ ਰਹੇ ਉਦਯੋਗਾਂ ਦੇ ਵੇਰਵੇ ਵੀ ਅਗਲੇ ਹਫਤੇ ਦੀ ਮੀਟਿੰਗ ਵਿੱਚ ਪੇਸ਼ ਕਰਨ ਲਈ ਵੀ ਕਿਹਾ।

ਡਾ. ਪ੍ਰੀਤੀ ਯਾਦਵ ਨੇ ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਹਰ ਬਲਾਕ ਵਿੱਚ ਪਰਾਲੀ ਇਕੱਠਾ ਸਟੋਰ ਕਰਨ ਲਈ ਥਾਵਾਂ ਨਿਰਧਾਰਿਤ ਕੀਤੀਆਂ ਜਾਣ, ਜਿਸ ਬਾਰੇ ਕਿਸਾਨਾਂ ਨੂੰ ਸੂਚਿਤ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਰਾਲੀ ਦੀ ਬਾਲਣ ਦੇ ਰੂਪ ਵਿੱਚ ਵਰਤੋਂ ਨਾ ਸਿਰਫ ਹਵਾ ਪ੍ਰਦੂਸ਼ਣ ਨੂੰ ਰੋਕਦੀ ਹੈ ਸਗੋਂ ਇਸ ਨਾਲ ਪਰਾਲੀ ਦੇ ਯੋਗ ਪ੍ਰਬੰਧਨ ਵਿੱਚ ਵੀ ਸਹਾਇਤਾ ਮਿਲਦੀ ਹੈ। ਉਨਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਭੱਠਿਆਂ ਦੀ ਲਗਾਤਾਰ ਜਾਂਚ ਯਕੀਨੀ ਬਣਾਈ ਜਾਵੇ ਤਾਂ ਜੋ ਪੰਜਾਬ ਸਰਕਾਰ ਦੀਆਂ ਪ੍ਰਦੂਸ਼ਣ ਰੋਕਣ ਲਈ ਜਾਰੀ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕੀਤਾ ਜਾਂ ਸਕੇ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੇਤੀ ਮਸ਼ੀਨਰੀ ਸਬੰਧੀ ਸਬਸਿਡੀ ਯੋਜਨਾ ਦਾ ਲਾਭ ਲੈਣ ਲਈ ਵੱਧ ਤੋਂ ਵੱਧ ਕਿਸਾਨਾਂ ਨੂੰ ਸੱਦਾ ਦਿੱਤਾ ਜਾਵੇ ਕਿ ਮਸ਼ੀਨਾਂ ਸਬਸਿਡੀ ‘ਤੇ ਉਪਲਬਧ ਕਰਵਾਉਣ ਲਈ ਆਨ ਲਾਈਨ ਪੋਰਟਲ ‘ਤੇ 20 ਜੁਲਾਈ 2023 ਤੱਕ ਕਿਸਾਨ ਆਪਣੀ ਅਰਜ਼ੀ ਦੇ ਸਕਦੇ ਹਨ। ਉਨਾ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਕੋਈ ਵੀ ਯੋਗ ਕਿਸਾਨ ਸਬਸਿਡੀ ਤੋਂ ਵਾਂਝਾ ਨਾ ਰਹੇ ਤੇ ਇਸ ਸਬੰਧੀ ਕਿਸਾਨਾਂ ਨੂੰ ਅਪਲਾਈ ਕਰਨ ਵਿੱਚ ਅਗਵਾਈ ਪ੍ਰਦਾਨ ਕੀਤੀ ਜਾਵੇ।

ਸਬਸਿਡੀ ਵਾਲੀਆਂ ਮਸ਼ੀਨਾਂ ਵਿੱਚ ਪੈਡੀ ਟਰਾਂਸਪਲਾਂਟਰਜ਼, ਡੀ.ਐਸ.ਆਰ. ਡਰਿੱਲ, ਪੋਟੈਟੋ ਪਲਾਂਟਰ (ਆਟੋਮੈਟਿਮ/ਸੈਮੀ ਆਟੋਮੈਟਿਕ), ਟਰੈਕਟਰ ਆਪਰੇਟਿਡ ਬੂਮ ਸਪਰੇਅ, ਪੀ.ਟੀ.ਓ. ਆਪਰੇਟਿਡ ਬੰਡ ਫੋਰਮਰ, ਆਇਲ ਮਿਲ, ਮਿੰਨੀ ਪ੍ਰੋਸੈਸਿੰਗ ਪਲਾਂਟ, ਨਰਸਰੀ ਸੀਡਰ ਸਮੇਤ ਪੋਰਟਲ ‘ਤੇ ਮਸ਼ੀਨਾਂ ਦੀ ਉਪਲਬਧ ਸੂਚੀ ਅਨੁਸਾਰ ਕਿਸਾਨ ਸਬਸਿਡੀ ਲਈ ਅਪਲਾਈ ਕਰ ਸਕਦੇ ਹਨ। ਸਬ-ਮਸ਼ੀਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਤਹਿਤ ਸਬਸਿਡੀ ਦੀ ਦਰ ਸਕੀਮ ਦੀਆਂ ਗਾਈਡਲਾਈਨਜ਼ ਅਨੁਸਾਰ ਹੋਵੇਗੀ, ਜਿਸ ਦੀ ਸੂਚੀ ਕੀਮਤ ਅਤੇ ਮਿਲਣ ਵਾਲੀ ਸਬਸਿਡੀ ਸਬੰਧੀ ਪੂਰੀ ਜਾਣਕਾਰੀ ਵੈਬਸਾਈਟ ‘ਤੇ ਉਪਬਲਧ ਕਰਵਾਈ ਗਈ ਹੈ ਅਤੇ ਐਸ.ਸੀ. ਕਿਸਾਨਾਂ ਲਈ ਸਕੀਮ ਅਧੀਨ ਵੱਖਰੇ ਤੌਰ ‘ਤੇ ਫੰਡ ਉਪਲਬਧ ਹਨ। ਕਿਸਾਨ ਆਨ ਲਾਈਨ ਪੋਰਟਲ agrimachinerypb.com ਰਾਹੀਂ ਅਪਲਾਈ ਕਰ ਸਕਦੇ ਹਨ। ਸਹਾਇਕ ਪੌਦ ਅਫ਼ਸਰ ਡਾ. ਰਣਜੋਧ ਸਿੰਘ ਅਫ਼ਸਰ ਨੇ ਦੱਸਿਆ ਕਿ ਕਿਸਾਨ ਕਿਸੇ ਕਿਸਮ ਦੀ ਸਲਾਹ ਲਈ ਵਿਭਾਗ ਦੇ ਬਲਾਕ ਪੱਧਰੀ ਅਧਿਕਾਰੀਆਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ, ਸਹਾਇਕ ਕਮਿਸ਼ਨਰ (ਸ਼ਿਕਾ.) ਸ. ਅਰਵਿੰਦਰਪਾਲ ਸਿੰਘ ਸੋਮਲ, ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀਮਤੀ ਮਨੀਸ਼ਾ ਰਾਣਾ, ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ, ਐਸ.ਡੀ.ਐਮ. ਮੋਰਿੰਡਾ ਸ਼੍ਰੀ ਦੀਪਾਂਕਰ ਗਰਗ, ਡੀ.ਐੱਸ.ਪੀ ਦੀਪਇੰਦਰ ਕੌਰ, ਡੀ.ਐੱਫ.ਐਸ.ਸੀ ਸਤਵੀਰ ਸਿੰਘ ਅਤੇ ਹੋਰ ਸਬੰਧਿਤ ਵਿਭਾਗਾਂ ਤੋਂ ਸੀਨੀਅਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *