ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਨੂੰ ਬੀ. ਐਸ. ਸੀ ਐਗਰੀਕਲਚਰ ਲਈ ਪੰਜਾਬ ਸਟੇਟ ਕੌਸਲ ਵੱਲੋਂ ਪ੍ਰਾਪਤ ਹੋਈ ਮਾਨਤਾ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਨੂੰ ਪੰਜਾਬ ਸਟੇਟ ਕੌਸਲ ਫਾਰ ਐਗਰੀਕਲਚਰ ਐਜੂਕੇਸ਼ਨ ਪੰਜਾਬ ਦੀ ਸਿਫ਼ਾਰਸ਼ ਦੇ ਅਧਾਰ ’ਤੇ ਪੰਜਾਬ ਸਰਕਾਰ ਵਲੋਂ ਬੀ.ਐਸ.ਸੀ. ਐਗਰੀਕਲਚਰ ਆਨਰਜ ਦਾ ਕੋਰਸ ਚਲਾਉਣ ਲਈ ਮਾਨਤਾ ਹਾਸਲ ਹੋ ਗਈ ਹੈ। ਜਿਸ ਸਬੰਧੀ ਕਾਲਜ ਨੂੰ ਪੰਜਾਬ ਸਰਕਾਰ ਦਾ ਪੱਤਰ ਹਾਸਲ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋ ਪ੍ਰਾਪਤ ਹੋਏ ਪੱਤਰ ਅਨੁਸਾਰ ਖ਼ਾਲਸਾ ਕਾਲਜ ਪਟਿਆਲਾ ਚਾਲੂ ਸੈਸ਼ਨ ਤੋਂ ਅਗਲੇ ਪੰਜ ਸਾਲਾਂ ਲਈ ਬੀ.ਐਸ.ਸੀ. ਐਗਰੀਕਲਚਰ ਆਨਰਜ਼ ਦਾ ਕੋਰਸ ਚਲਾ ਸਕਦਾ ਹੈ। ਖ਼ਾਲਸਾ ਕਾਲਜ ਦੀ ਇਸ ਪ੍ਰਾਪਤੀ ’ਤੇ ਸ. ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਅਤੇ ਵਿੱਦਿਆ ਸਕੱਤਰ, ਸ. ਸੁਖਮਿੰਦਰ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਖ਼ਾਲਸਾ ਕਾਲਜ ਦੇ ਪਿ੍ਰੰਸੀਪਲ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰਾਪਤੀ ਨਾਲ ਖ਼ਾਲਸਾ ਕਾਲਜ ਨੇ ਆਪਣੀ ਤਰੱਕੀ ਦੀ ਮੰਜ਼ਿਲ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਅੱਗੇ ਵਧਾ ਲਿਆ ਹੈ। ਸ. ਸੁਰਜੀਤ ਸਿੰਘ ਰੱਖੜਾ, ਆਨਰੇਰੀ ਸਕੱਤਰ ਕਾਲਜ ਗਵਰਨਿੰਗ ਬਾਡੀ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਖ਼ਾਲਸਾ ਕਾਲਜ ਇਲਾਕੇ ਦੀ ਮੋਹਰੀ ਵਿਦਿਅਕ ਸੰਸਥਾ ਹੈ। ਖੇਤੀਬਾੜੀ ਨਾਲ ਸੰਬੰਧਿਤ ਕੋਰਸ ਚਲਾਉਣ ਦੀ ਆਗਿਆ ਮਿਲਣ ਨਾਲ ਇਸ ਸੰਸਥਾ ਵਿੱਚ ਕੀਤੀਆਂ ਜਾਣ ਵਾਲੀਆਂ ਖੋਜਾਂ ਦਾ ਲਾਭ ਸਮੁੱਚੇ ਇਲਾਕੇ ਨੂੰ ਪ੍ਰਾਪਤ ਹੋਵੇਗਾ। ਜਿੱਥੇ ਵਿਦਿਆਰਥੀ ਖੇਤੀਬਾੜੀ ਨਾਲ ਸਬੰਧਿਤ ਵਿੱਦਿਆ ਹਾਸਲ ਕਰਨਗੇ ਓਥੇ ਕਿਸਾਨਾਂ ਨੂੰ ਵੀ ਵਿਗਿਆਨਕ ਢੰਗ ਤਰੀਕਿਆਂ ਦੇ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲ ਜਾਵੇਗਾ।

ਸ. ਸਤਵਿੰਦਰ ਸਿੰਘ ਟੌਹੜਾ ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਖ਼ਾਲਸਾ ਕਾਲਜ ਦੀ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ । ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਟੇਟ ਕੌਸਲ ਫਾਰ ਐਗਰੀਕਲਚਰ ਐਜੂਕੇਸ਼ਨ ਦੀ ਟੀਮ ਨੇ ਕਾਲਜ ਵੱਲੋਂ ਸਥਾਪਤ ਕੀਤੇ ਗਏ ਸੈਂਟਰ ਫਾਰ ਐਡਵਾਂਸਡ ਸਟੱਡੀਜ਼ ਧਬਲਾਨ ਦਾ ਦੌਰਾ ਕੀਤਾ ਗਿਆ ਸੀ ਅਤੇ ਕਾਲਜ ਵਲੋਂ ਕੋਰਸ ਚਲਾਉਣ ਲਈ ਕੀਤੇ ਗਏ ਪ੍ਰਬੰਧ ’ਤੇ ਸੰਤੁਸ਼ਟੀ ਜਾਹਿਰ ਕਰਦੇ ਹੋਏ ਟੀਮ ਵਲੋਂ ਪੰਜਾਬ ਸਰਕਾਰ ਨੂੰ ਕੀਤੀਆਂ ਗਈਆਂ ਸਿਫਾਰਸ਼ਾਂ ਦੇ ਆਧਾਰ ’ਤੇ ਖ਼ਾਲਸਾ ਕਾਲਜ ਪਟਿਆਲਾ ਨੇ ਹੁਣ ਖੇਤੀਬਾੜੀ ਨਾਲ ਸਬੰਧਿਤ ਬੀ.ਐਸ.ਸੀ. ਐਗਰੀਕਲਚਰ ਆਨਰਜ਼ ਦਾ ਕੋਰਸ ਚਲਾਉਣ ਲਈ ਮਾਨਤਾ ਹਾਸਲ ਕਰ ਲਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਮਿਲੀ ਆਗਿਆ ਅਨੁਸਾਰ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਚਾਲੂ ਵਿਦਿਅਕ ਸੈਸ਼ਨ ਦੌਰਾਨ 120 ਸੀਟਾਂ ਲਈ ਵਿਦਿਆਰਥੀਆਂ ਦੇ ਦਾਖਲੇ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਸਬੰਧਤ ਕੋਰਸ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਕਾਲਜ ਪਹੁੰਚ ਕੇ ਦਾਖਲਾ ਲੈ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਦਾਖ਼ਲਾ ਪ੍ਰਕਿਰਿਆ ਸੀਟਾਂ ਪੂਰੀਆਂ ਹੋਣ ਤੱਕ ਹੀ ਰਹੇਗੀ। ਇਸ ਮੌਕੇ ਉਨ੍ਹਾਂ ਕਾਲਜ ਦੇ ਖੇਤੀਬਾੜੀ ਡੀਨ ਪ੍ਰੋ ਸੰਦੀਪ ਚਹਿਲ, ਵਿਭਾਗ ਦੇ ਮੁਖੀ ਅਤੇ ਸਟਾਫ ਮੈਂਬਰਾਂ ਨੂੰ ਵੀ ਮੁਬਾਰਕਬਾਦ ਦਿੱਤੀ।

Leave a Reply

Your email address will not be published. Required fields are marked *