3 ਰੋਜ਼ਾ ‘ਨੇਚਰ’ ਕਲਾ ਪ੍ਰੇਮੀਆਂ ਲਈ ਪੇਸ਼ ਕਰੇਗੀ ‘ਮਨਮੋਹਕ ਨਜ਼ਾਰੇ’
ਅਕਸ਼ੇ, ਛੀਨਾ ਨੇ ਆਰਟ ਗੈਲਰੀ ਵਿਖੇ ਪੇਂਟਿੰਗ ਕਲਾ ਪ੍ਰਦਰਸ਼ਨੀ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 21 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਥਾਨਕ ਆਰਟ ਗੈਲਰੀ ਵਿਖੇ ਕਲਾ ਪ੍ਰੇਮੀਆਂ ਲਈ ਅੱਜ 3 ਰੋਜ਼ਾ ਕਲਾ ਪ੍ਰਦਰਸ਼ਨੀ ‘ਨੇਚਰ’ (ਕੁਦਰਤ) ਦਾ ਉਦਘਾਟਨ ਕੀਤਾ ਗਿਆ। ਇਸ ਪ੍ਰਦਰਸ਼ਨੀ ’ਚ ਵਿਸ਼ਵ ਪ੍ਰਸਿੱਧ ਅਤੇ ਦੁਬਈ ਸਥਿਤ ਕਲਾਕਾਰ ਅਕਸ਼ੈ ਅਰੋੜਾ ਵੱਲੋਂ ਵਿਭਿੰਨ ਵਿਸ਼ਿਆਂ ’ਤੇ ਪੇਂਟਿੰਗਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਅੱਜ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਆਰਟ ਗੈਲਰੀ ਦੇ ਚੇਅਰਮੈਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਅੰਮ੍ਰਿਤਸਰ ਦੇ ਸ਼ਤਾਬਦੀ ਸਮਾਗਮਾਂ ਦੌਰਾਨ ਦੁਬਈ ਦੇ ਮੰਨੇ-ਪ੍ਰਮੰਨੇ ਕਲਾਕਾਰ ਸ੍ਰੀ ਅਰੋੜਾ ਆਪਣੀਆਂ ਸਮਕਾਲੀ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਈ ਪੁੱਜੇ ਹੋਏ ਹਨ।
ਸ: ਛੀਨਾ ਨੇ ਕਿਹਾ ਕਿ ਇਹ ਪੇਂਟਿੰਗਜ਼ 21 ਤੋਂ 23 ਜੁਲਾਈ ਤੱਕ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਅਤੇ ਗੈਲਰੀ ਸਵੇਰੇ 10:00 ਤੋਂ ਸ਼ਾਮ 6:00 ਵਜੇ ਤੱਕ ਲੋਕਾਂ ਦੇ ਦੇਖਣ ਲਈ ਖੁੱਲ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ‘ਨੇਚਰ’ ਦੇਖਣਾ ਬਹੁਤ ਸੁਭਾਗਾਂ ਭਰਿਆ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਅਜਿਹੀਆਂ ਪੇਂਟਿੰਗਾਂ ਹਨ ਨੇੜਿਓਂ ਦੇਖਣ ’ਤੇ ਪਤਾ ਚੱਲਦਾ ਹੈ ਕਿ ਇਹ ਬਹੁਤ ਜ਼ਿਆਦਾ ਵਧਿਆ ਤੇ ਬੇਮਿਸਾਲ ਹਨ। ਸ: ਛੀਨਾ ਨੇ ਕਿਹਾ ਕਿ ਅਸਲ ਸੁੰਦਰਤਾ ਨੂੰ ਉਜਾਗਰ ਕਰਨ ਲਈ ਡੂੰਘੇ ਮੁਲਾਂਕਣ ਦੀ ਲੋੜ ਹੁੰਦੀ ਹੈ ਜੋ ਇਨ੍ਹਾਂ ਪੇਟਿੰਗਜ਼ ਤੋਂ ਪ੍ਰਤੱਖ ਹੁੰਦਾ ਹੈ।
ਇਸ ਮੌਕੇ ਸ੍ਰੀ ਅਰੋੜਾ ਨੇ ਕਿਹਾ ਕਿ ਪੇਂਟਿੰਗਜ਼ ਦਾ ਉਦੇਸ਼ ਕੁਦਰਤ ਦੀਆਂ ਇਨ੍ਹਾਂ ਪਰਤਾਂ ਦੀ ਨਕਲ ਕਰਨਾ ਹੈ”। ਉਨ੍ਹਾਂ ਕਿਹਾ ਕਿ ਇਹ ਸ਼ੋਅ ਉਸ ਦੀ ਮਾਂ ਰੂਪ ਅਰੋੜਾ ਦੀ ਪਿਆਰੀ ਯਾਦ ਨੂੰ ਸਮਰਪਿਤ ਹੈ, ਜੋ ਕਿ ਇਕ ਸ਼ੌਕੀਨ ਕਲਾ ਪ੍ਰੇਮੀ ਸੀ। ਸ੍ਰੀ ਅਰੋੜਾ ਨੇ ਦੁਨੀਆ ਭਰ ਦੇ ਕੁਲੈਕਟਰਾਂ ਨਾਲ ਬਹੁਤ ਸਾਰੇ ਸਫਲ ਸ਼ੋਅ ਕੀਤੇ ਹਨ। ਉਨ੍ਹਾਂ ਦੀਆਂ ਪੇਂਟਿੰਗਾਂ ਭਾਰਤੀ ਕੌਂਸਲੇਟ, ਦੁਬਈ ਵਿਖੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ ਦਾ ਹਿੱਸਾ ਸਨ। ਉਨ੍ਹਾਂ ਦੇ ਬੀਤੇ ਸਮੇਂ ’ਚ ਫ਼ਾਉਂਡਰੀ, ਦੁਬਈ ਅਤੇ ਇੰਡੀਆ ਹੈਬੀਟੇਟ ਸੈਂਟਰ, ਦਿੱਲੀ ਵਿਖੇ ਸੋਲੋ ਸ਼ੋਅ ਬਹੁਤ ਵਧੀਆ ਹੋਏ ਸਨ। ਸ੍ਰੀ ਅਰੋੜਾ ਆਪਣੀ ਪਤਨੀ ਰਾਖੀ ਅਤੇ ਦੋ ਪੁੱਤਰਾਂ ਆਦੀ ਅਤੇ ਅੰਗਦ ਨਾਲ ਦੁਬਈ ’ਚ ਰਹਿੰਦੇ ਹਨ। ਇਸ ਮੌਕੇ ਪ੍ਰਧਾਨ ਸ: ਸ਼ਿਵਦੇਵ ਸਿੰਘ, ਆਨਰੇਰੀ ਜਨ: ਸਕੱਤਰ ਡਾ. ਏ. ਐਸ. ਚਮਕ, ਫ਼ਾਇਨਾਂਸ ਸਕੱਤਰ ਸ: ਸੁਖਪਾਲ ਸਿੰਘ, ਬਿਲਡਿੰਗ ਸਕੱਤਰ ਸ: ਨਰਿੰਦਰਜੀਤ ਸਿੰਘ, ਨਰਿੰਦਰ ਕਪੂਰ, ਡਾ. ਪੀ. ਐਸ. ਗਰੋਵਰ, ਸ੍ਰੀਮਤੀ ਤੇਜਿੰਦਰ ਕੌਰ ਛੀਨਾ, ਚਰਨਜੀਤ ਸਿੰਘ ਬੱਗਾ, ਕੁਲਵੰਤ ਸਿੰਘ ਗਿੱਲ, ਧਰਮਿੰਦਰ ਸ਼ਰਮਾ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।

