ਦੇਸ਼ ਵਿੱਚ ਔਰਤਾਂ ਉਪਰ ਦਿਨੋ ਦਿਨ ਵੱਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ: ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ:- 24 ਜੁਲਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਦੇਸ਼ ਅੰਦਰ ਔਰਤਾਂ ਦੀ ਹੋ ਰਹੀ ਦੁਰਦਸ਼ਾਂ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14 ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕੋਈ ਸ਼ੱਕ ਨਹੀਂ ਕਿ ਰਾਜਸਥਾਨ, ਪੱਛਮੀ ਬੰਗਾਲ, ਬਿਹਾਰ ਅਤੇ ਕਈ ਹੋਰ ਸੂਬਿਆਂ ਵਿਚ ਔਰਤਾਂ ਵਿਰੁੱਧ ਹੋਏ ਅਪਰਾਧਾਂ ਦੀ ਗਿਣਤੀ ਲਗਾਤਾਰ ਵਧੀ ਹੈ, ਕਈ ਥਾਵਾਂ ਤੇ ਪੁਲੀਸ ਨੇ ਕਾਰਵਾਈ ਕੀਤੀ ਹੈ ਪਰ ਬਹੁਤ ਵਾਰ ਨਿਰਾਸ਼ਾਜਨਕ ਰਹੀ ਹੈ। ਪਰ ਉਨ੍ਹਾਂ ਕਿਹਾ ਇਸ ਸਭ ਕੁਝ ਦੇ ਬਾਵਜੂਦ ਇਨ੍ਹਾਂ ਅਪਰਾਧਾਂ ਤੇ ਰੁਝਾਨਾਂ ਦਾ ਮੁਕਾਬਲਾ ਮਨੀਪੁਰ ਵਿਚਲੇ ਹਾਲਾਤ ਨਾਲ ਨਹੀਂ ਕੀਤਾ ਜਾ ਸਕਦਾ। ਮਨੀਪੁਰ ਇਸ ਸਮੇਂ ਅਣਸੁਖਾਵੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ ਜਿੱਥੇ ਘੱਟਗਿਣਤੀ ਫਿਰਕੇ ਦੇ ਲੋਕਾਂ ਵਿਰੁੱਧ ਲਗਾਤਾਰ ਹਿੰਸਾ ਹੋ ਰਹੀ ਹੈ। ਪੁਲੀਸ ਪਾਸੋਂ ਹੀ ਚਾਰ ਹਜ਼ਾਰ ਤੋਂ ਵੱਧ ਹਥਿਆਰ ਲੁੱਟੇ ਗਏ, ਪੁਲੀਸ ਵਾਲਿਆਂ ਨੇ ਜਬਰ ਤੇ ਲੁੱਟਮਾਰ ਕਰਨ ਵਾਲੇ ਲੋਕਾਂ ਦੀਆਂ ਕਾਰਵਾਈਆਂ ਨੂੰ ਅਣਦੇਖਿਆ ਕੀਤਾ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਪੈ੍ਰਸ ਨੋਟ ਵਿੱਚ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕੌਮੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ 2011 ਵਿਚ ਪੂਰੇ ਦੇਸ਼ ਵਿਚ ਔਰਤਾਂ ਵਿਰੁੱਧ ਅਪਰਾਧ ਦੇ ਚਾਰ ਲੱਖ ਅਠਾਈ ਹਜ਼ਾਰ ਦੋ ਸੌ ਤ੍ਰਿਹੱਤ੍ਰ ਮਾਮਲੇ ਦਰਜ ਹੋਏ ਸਨ। ਏਥੇ ਹੀ ਬਸ ਨਹੀਂ ਔਰਤਾਂ ਵਿਰੁੱਧ ਹੋਏ ਅਪਰਾਧ ਬਹੁਤ ਵਾਰ ਦਰਜ ਨਹੀਂ ਕਰਵਾਏ ਜਾਂਦੇ। ਇਨ੍ਹਾਂ ਵਿਚੋਂ 35 ਹਜ਼ਾਰ ਤੋਂ ਜ਼ਿਆਦਾ ਮਾਮਲੇ ਉੱਤਰ ਪ੍ਰਦੇਸ ਵਿਚ, ਦਸ ਹਜ਼ਾਰ ਤੋਂ ਜ਼ਿਆਦਾ ਰਾਜਸਥਾਨ ਅਤੇ 39 ਹਜ਼ਾਰ ਤੋਂ ਜ਼ਿਆਦਾ ਮਹਾਰਾਸ਼ਟਰ ਵਿਚ ਦਰਜ ਕੀਤੇ ਗਏ ਹਨ। ਅਨੁਪਾਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਔਰਤਾਂ ਦੀ ਵਸੋਂ ਦਾ 71 ਫ਼ੀਸਦੀ ਪੱਛਮੀ ਬੰਗਾਲ ਵਿਚ ਹੈ 127 ਫ਼ੀਸਦੀ ਇਸੇ ਸੂਬੇ ਵਿਚ ਦਰਜ ਹੋਏ। 2021 ਵਿਚ ਜਬਰ ਜਨਾਹ ਦੇ ਦੇਸ਼ ਵਿੱਚ 31,677 ਕੇਸ ਦਰਜ ਹੋਏ। ਇਹ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਇਨ੍ਹਾਂ ਅਪਰਾਧਾਂ ਵਿਰੁੱਧ ਲੜਨ ਲਈ ਸਰਕਾਰਾਂ ਤੇ ਸਮਾਜ ਦੀ ਸਮੂਹਿਕ ਇੱਛਾ ਸ਼ਕਤੀ ਦੀ ਜ਼ਰੂਰਤ ਹੈ।
ਬਾਬਾ ਬਲਬੀਰ ਸਿੰਘ ਨੇ ਕਿਹਾ ਮਨੀਪੁਰ ਵਿਚ ਸਮੂਹਿਕ ਹਿੰਸਾ ਨੂੰ ਸਰਕਾਰੀ ਤੇ ਸਿਆਸੀ ਸਰਪ੍ਰਸਤੀ ਮਿਲਣੀ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਭਿਆਨਕ ਘਟਨਾਵਾਂ ਬਾਰੇ ਚੁੱਪ ਧਾਰੀ ਰੱਖਣੀ ਅਜਿਹੇ ਹਲਾਤਾਂ ਨੂੰ ਹੱਲਾਸ਼ੇਰੀ ਦੇਣੀ ਹੈ। ਉਨ੍ਹਾਂ ਕਿਹਾ ਜਦੋਂ ਅਪਰਾਧਾਂ `ਤੇ ਪਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਫ਼ਾਇਦਾ ਅਪਰਾਧੀਆਂ ਨੂੰ ਮਿਲਦਾ ਹੈ। ਸਭ ਤੋਂ ਨਿੰਦਣਯੋਗ ਸਥਿਤੀ ਉਦੋਂ ਹੁੰਦੀ ਹੈ ਜਦ ਸਰਕਾਰੀ ਸੰਸਥਾਵਾਂ ਇਨ੍ਹਾਂ ਅਪਰਾਧਾਂ ਨੂੰ ਰੋਕਣ ਵਿਚ ਲਗਾਤਾਰ ਅਸਫਲ ਹੁੰਦੀਆਂ ਹਨ ਅਤੇ ਸਮਾਜ ਨੂੰ ਹਿੰਸਾ ਤੇ ਜਬਰ ਦੀ ਅੱਗ ਵਿਚ ਝੋਕ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਮਨੀਪੁਰ ਵੀ ਅਜਿਹੀ ਸਥਿਤੀ ਵਿਚੋਂ ਲੰਘ ਰਿਹਾ ਹੈ। ਪੱਛਮੀ ਬੰਗਾਲ, ਰਾਜਸਥਾਨ ਜਾਂ ਕਿਸੇ ਵੀ ਸੂਬੇ ਵਿਚ ਹਰ ਅਪਰਾਧ ਦਾ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਰਕਾਰਾਂ ਏਨਾਂ ਅਪਰਾਧਾਂ ਨੂੰ ਰੋਕਣ ਲਈ ਇਮਾਨਦਾਰੀ ਨਾਲ ਆਪਣੀ ਭੂਮਿਕਾ ਨਿਭਾਉਣ।

