ਪਟਿਆਲਾ

ਸਬੁੱਧ ਫਾਊਂਡੇਸ਼ਨ ਨਾਲ਼ ਪੰਜਾਬੀ ਯੂਨੀਵਰਸਿਟੀ ਦੀ ਸਾਂਝੇਦਾਰੀ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ

ਪੰਜਾਬੀ ਏ.ਆਈ. ਅਧਾਰਿਤ ਟੂਲਕਿਟ ਜਾਰੀ ਕੀਤੀ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਨਵੇਂ ਜ਼ਮਾਨੇ ਦੀ ਤਕਨੀਕ ਦੇ ਹਾਣ ਦਾ ਬਣਾਉਣ ਲਈ ਸਬੁਧ ਫਾਊਂਡੇਸ਼ਨ ਨਾਲ਼ ਇਕਰਾਰਨਾਮਾ ਕੀਤਾ ਹੋਇਆ ਹੈ ਜਿਸ ਦੇ ਕਿ ਹੁਣ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ। ਯੂਨੀਵਰਸਿਟੀ ਨੇ ਸਬੁਧ ਫਾਊਂਡੇਸ਼ਨ ਨਾਲ ਕੀਤੇ ਆਪਣੇ ਇਕਰਾਰਨਾਮੇ ਤਹਿਤ ਕਾਰਜ ਕਰਦਿਆਂ ਪੰਜਾਬੀ ਭਾਸ਼ਾ ਲਈ ਮਸਨੂਈ ਬੁੱਧੀ ਭਾਵ ਆਰਟੀਫਿਸ਼ਲ ਇੰਟੈਲੀਜੈਂਸ ( ਏ. ਆਈ.) ਆਧਾਰਿਤ ਟੂਲਕਿੱਟ ਜਾਰੀ ਕੀਤੀ ਹੈ। ਇਸ ਨੂੰ ਓਪਨ ਸੋਰਸ ਪਾਈਥਨ ਲਾਇਬ੍ਰੇਰੀ ਦੇ ਰੂਪ ਵਿੱਚ ਜਾਰੀ ਕੀਤਾ ਗਿਆ ਹੈ ਜਿਸ ਵਿੱਚੋਂ ਪੰਜਾਬੀ ਨਾਲ਼ ਸੰਬੰਧਤ ਅਨੁਵਾਦ ਅਤੇ ਲਿਪੀਆਂਤਰ ਜਿਹੇ ਟੂਲਜ਼ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਾਇਥਨ ਲਾਇਬ੍ਰੇਰੀ ਨੂੰ ਲਾਗੂ ਕਰਨ ਵਿੱਚ, ਸਬੁਧ ਫਾਊਂਡੇਸ਼ਨ ਤੋਂ ਮਾਹਿਰਾਂ ਇਸ਼ਪ੍ਰੀਤ ਕੌਰ ਅਤੇ ਗੁਰਜੋਤ ਸਿੰਘ ਦੇ ਨਾਲ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਵਿਸ਼ਾਲ ਗੋਇਲ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਪੀ-ਐਚ.ਡੀ. ਖੋਜਾਰਥੀਆਂ ਕਮਲ ਗੋਇਲ, ਅਜੀਤ ਕੁਮਾਰ, ਕਪਿਲ ਗੋਇਲ, ਮੁਖਤਿਆਰ ਸਿੰਘ, ਨੀਤਿਕਾ ਬਾਂਸਲ, ਉਮਰਿੰਦਰ ਅਤੇ ਜੀਤੇਸ਼ ਪੁਬਰੇਜਾ ਦੀ ਖੋਜ ਦਾ ਇਸ ਕਾਰਜ ਵਿੱਚ ਅਹਿਮ ਯੋਗਦਾਨ ਰਿਹਾ। ਸਬੁੱਧ ਫਾਊਂਡੇਸ਼ਨ ਦੇ ਬਾਨੀ ਡਾ. ਸਰਬਜੋਤ ਸਿੰਘ ਆਨੰਦ ਨੇ ਕਿਹਾ ਕਿ ਇਸ ਲਾਇਬ੍ਰੇਰੀ ਅਤੇ ਇਸ ਨਾਲ ਜੁੜੀ ਵੈਬਸਾਈਟ ਦੀ ਸ਼ੁਰੂਆਤ ਇਸ ਗੱਲ ਦੀ ਮਿਸਾਲ ਹੈ ਕਿ ਜਦੋਂ ਉਦਯੋਗ ਅਤੇ ਅਕਾਦਮਿਕ ਜਗਤ ਆਪਸ ਵਿੱਚ ਸਹਿਯੋਗ ਕਰਦੇ ਹਨ ਤਾਂ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ। ਅਸੀਂ ਇਨ੍ਹਾਂ ਟੂਲਜ਼ ਵਿੱਚ ਹੋਰ ਸੁਧਾਰ ਕੀਤੇ ਜਾ ਸਕਣ ਦੀ ਉਮੀਦ ਕਰਦੇ ਹਾਂ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨੇੜ ਭਵਿੱਖ ਵਿੱਚ ਦੋਹਾਂ ਅਦਾਰਿਆਂ ਦੀ ਇਹ ਆਪਸੀ ਸਾਂਝ ਹੋਰ ਪਹਿਲਕਦਮੀਆਂ ਨੂੰ ਅੱਗੇ ਲੈ ਕੇ ਆਵੇਗੀ।

ਪ੍ਰੋ. ਵਿਸ਼ਾਲ ਗੋਇਲ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ‘ਉਨ੍ਹਾਂ ਐੱਨ. ਐੱਲ.ਪੀ. ਖੇਤਰ ਵਿੱਚ ਵਿਸ਼ੇਸ਼ ਤੌਰ ਉੱਤੇ ਪੰਜਾਬੀ ਭਾਸ਼ਾ ਲਈ ਕੰਮ ਕਰਦਿਆਂ ਆਪਣੇ 18 ਸਾਲਾਂ ਦੇ ਕੈਰੀਅਰ ਵਿੱਚ ਮਹਿਸੂਸ ਕੀਤਾ ਹੈ ਕਿ ਇਸ ਖੇਤਰ ਦੇ ਖੋਜਕਰਤਾਵਾਂ ਨੂੰ ਆਪਣੇ ਤੋਂ ਪਹਿਲਾਂ ਵਿਕਸਤ ਸਾਧਨਾਂ ਅਤੇ ਸਰੋਤਾਂ ਦੀ ਵਰਤੋਂ ਕਰਨ ਲਈ ਸਰੋਤ ਕੋਡ ਪ੍ਰਾਪਤ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਹ ਜ਼ਰੂਰੀ ਸੀ ਕਿ ਇਸ ਖੇਤਰ ਦੀ ਕੋਈ ਵੀ ਖੋਜ ਨੂੰ ਇੱਕ ਪੜਾਅ ਤੋਂ ਅਗਲੇ ਪੜਾਅ ਉੱਤੇ ਲਿਜਾਣ ਲਈ ਪੁਰਾਣੀ ਖੋਜ ਦੇ ਟੂਲਜ਼ ਨੂੰ ਓਪਨ ਸੋਰਸ ਵਜੋਂ ਨਵੇਂ ਖੋਜਾਰਥੀਆਂ ਦੇ ਹਵਾਲੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਬੁਧ ਫਾਊਂਡੇਸ਼ਨ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਦਾ ਇਹ ਛੋਟਾ ਜਿਹਾ ਕਦਮ ਇਸ ਖੇਤਰ ਦੇ ਸਮੁੱਚੀ ਖੋਜ ਬਿਰਾਦਰੀ ਨੂੰ ਬਹੁਤ ਲਾਭ ਪਹੁੰਚਾਏਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਭਾਰਤੀ ਭਾਸ਼ਾਵਾਂ ਦੀ ਸਾਹਿਤਕ ਚੋਰੀ ਦਾ ਖੋਜ ਟੂਲ, ਜੋ ਪਹਿਲਾਂ ਹੀ ਵਿਕਸਤ ਕੀਤਾ ਗਿਆ ਹੈ, ਉਹ ਹੁਣ ਬਲੂਏਵਜ਼ ਈ-ਹੈਲਥ ਲਿਮਟਿਡ ਦੇ ਆਈਟੀ ਵਰਟੀਕਲ ਵੱਲੋਂ ਇੱਕ ਪ੍ਰੋਡਕਟ ਵਿੱਚ ਤਬਦੀਲ ਕਰਨ ਲਈ ਅੱਗੇ ਵਧਾਇਆ ਜਾਵੇਗਾ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਨੇ ਇਸ ਕਾਰਜ ਰਾਹੀਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਸੰਬੰਧੀ ਆਪਣੇ ਸਥਾਪਨਾ ਮੰਤਵ ਦੀ ਪੂਰਤੀ ਵੱਲ ਅਗਾਂਹਵਧੂ ਕਦਮ ਪੁੱਟਿਆ ਹੈ। ਉਨ੍ਹਾਂ ਕਿਹਾ ਕਿ ਉਹ ਅਕਸਰ ਕਹਿੰਦੇ ਹਨ ਪੰਜਾਬੀ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਇਸ ਦੇ ਤਕਨੀਕ ਨਾਲ ਜੁੜੇ ਪੱਖ ਨੂੰ ਮਜ਼ਬੂਤ ਕਰਨਾ ਬਹੁਤ ਲਾਜ਼ਮੀ ਹੈ। ਜਿ਼ਕਰਯੋਗ ਹੈ ਕਿ ਸਬੁਧ ਫਾਊਂਡੇਸ਼ਨ ਵੱਲੋਂ ਯੂਨੀਵਰਸਿਟੀ ਨਾਲ਼ ਸਿਰਜੀ ਸਾਂਝੇਦਾਰੀ ਤਹਿਤ ਮੋਹਾਲੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸੈਂਟਰ ਫਾਰ ਐਮਰਜਿੰਗ ਐਂਡ ਇਨੋਵੇਟਿਵ ਟੈਕਨਾਲੋਜੀ ਰਾਹੀਂ ਵਿਦਿਆਰਥੀਆਂ ਨੂੰ ਏ.ਆਈ. ਅਤੇ ਡੈਟਾ ਸਾਇੰਸ ਜਿਹੇ ਖੇਤਰਾਂ ਵਿੱਚ ਹੁਨਰਮੰਦ ਬਣਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *