ਮਣੀਪੁਰ ਮੁੱਦੇ ਤੇ PM ਮੋਦੀ ਦਾ ਮੌਨ ਵਰਤ ਤੋੜਨ ਲਈ ਲਿਆਏ ਹਾਂ ਬੇਭਰੋਸਗੀ ਮਤਾ
ਨਵੀਂ ਦਿੱਲੀ- (ਮਧੂਸਾਰ ਬਿਊਰੋ) ਲੋਕ ਸਭਾ ਵਿਚ ਮੰਗਲਵਾਰ ਨੂੰ ਕਾਂਗਰਸ ਨੇ ਮਣੀਪੁਰ ‘ਚ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ‘ਤੇ ਪੂਰੀ ਤਰ੍ਹਾਂ ਫੇਲ੍ਹ ਰਹਿਣ ਦਾ ਦੋਸ਼ ਲਾਇਆ। ਕਾਂਗਰਸ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਵਲੋਂ ਬੇਭਰੋਸਗੀ ਮਤਾ ਮਜ਼ਬੂਰੀ ‘ਚ ਲਿਆਉਣਾ ਪਿਆ ਤਾਂ ਕਿ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੌਨ ਵਰਤ ਤੋੜਿਆ ਜਾ ਸਕੇ। ਸਦਨ ਵਿਚ ਪਾਰਟੀ ਦੇ ਉਪ ਨੇਤਾ ਗੌਰਵ ਗੋਗੋਈ ਨੇ ਲੋਕ ਸਭਾ ‘ਚ ਸਰਕਾਰ ਖਿਲਾਫ ਬੇਭਰੋਸਗੀ ਮਤੇ ਨੂੰ ਚਰਚਾ ਲਈ ਰੱਖਦੇ ਹੋਏ ਇਹ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਨੇ ਮਣੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ ਅਤੇ ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਨੂੰ ਅਹੁਦੇ ‘ਤੇ ਕਿਉਂ ਬਣਾ ਕੇ ਰੱਖਿਆ?
ਉਨ੍ਹਾਂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੌਨ ਰਹਿਣਾ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਸਿਰਫ ਆਪਣੇ ਅਕਸ ਨਾਲ ਲਗਾਅ ਹੈ ਅਤੇ ਉਹ ਆਪਣੀ ਸਰਕਾਰ, ਗ੍ਰਹਿ ਮੰਤਰਾਲਾ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਸਫਲਤਾਵਾਂ ਨੂੰ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ। ਗੋਗੋਈ ਨੇ ਕਿਹਾ ਕਿ ਮੈਂ ਇਸ ਬੇਭਰੋਸਗੀ ਮਤੇ ਦਾ ਸਮਰਥਨ ਕਰਨ ਲਈ ਇੰਡੀਆ ਗਠਜੋੜ ਦੀਆਂ ਪਾਰਟੀਆਂ ਦਾ ਧੰਨਵਾਦ ਕਰਦਾ ਹਾਂ। ਇਹ ਸਾਡੀ ਮਜ਼ਬੂਰੀ ਹੈ ਕਿ ਸਾਨੂੰ ਇਹ ਬੇਭਰੋਸਗੀ ਮਤਾ ਲਿਆਉਣਾ ਪਿਆ ਹੈ। ਇਹ ਗਿਣਤੀ ਨੂੰ ਲੈ ਕੇ ਨਹੀਂ ਸਗੋਂ ਮਣੀਪੁਰ ਦੇ ਇਨਸਾਫ਼ ਲਈ ਹੈ। ਅੱਜ ਮਣੀਪੁਰ ਇਨਸਾਫ ਮੰਗਦਾ ਹੈ, ਮਣੀਪੁਰ ਦੇ ਨੌਜਵਾਨ, ਔਰਤਾਂ ਇਨਸਾਫ ਮੰਗਦੀਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਅੱਜ ਮਣੀਪੁਰ ਸੜ ਰਿਹਾ ਹੈ ਤਾਂ ਭਾਰਤ ਸੜ ਰਿਹਾ ਹੈ। ਗੋਗੋਈ ਨੇ ਅੱਗੇ ਕਿਹਾ ਕਿ ਸਾਡੀ ਮੰਗ ਸੀ ਕਿ ਦੇਸ਼ ਦੇ ਮੁਖੀਆ ਹੋਣ ਦੇ ਨਾਅਤੇ ਪ੍ਰਧਾਨ ਮੰਤਰੀ ਸਦਨ ਵਿਚ ਬਿਆਨ ਦੇਣ ਅਤੇ ਇੱਥੋਂ ਸੰਦੇਸ਼ ਦਿੱਤਾ ਜਾਵੇ ਕਿ ਦੁੱਖ ਦੀ ਘੜੀ ‘ਚ ਅਸੀਂ ਮਣੀਪੁਰ ਦੇ ਲੋਕਾਂ ਨਾਲ ਖੜ੍ਹੇ ਹਾਂ ਪਰ ਪ੍ਰਧਾਨ ਮੰਤਰੀ ਨੇ ਮੌਨ ਵਰਤ ਰੱਖ ਲਿਆ ਹੈ। ਇਸ ਲਈ ਅਸੀਂ ਬੇਭਰੋਸਗੀ ਮਤਾ ਲਿਆਏ ਕਿਉਂਕਿ ਪ੍ਰਧਾਨ ਮੰਤਰੀ ਦਾ ਮੌਨ ਵਰਤ ਤੋੜਨਾ ਚਾਹੁੰਦੇ ਹਾਂ।

