ਚੰਡੀਗੜ੍ਹਪੰਜਾਬ

ਮੁਹਾਲੀ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਲੋਂ 30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ

ਬਾਰਸ਼ਾਂ ਨਾਲ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਤੇ ਨਵੇਂ ਡਰੇਨੇਜ ਸਿਸਟਮ ਦਾ ਕੰਮ ਸ਼ੁਰੂ-ਮੇਅਰ ਜੀਤੀ ਸਿੱਧੂ

ਮੋਹਾਲੀ, 17 ਅਗਸਤ: (ਮਧੂਸਾਰ ਬਿਊਰੋ) ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਮੁਹਾਲੀ ਨਗਰ ਨਿਗਮ ਵਿਖੇ ਹੋਈ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ 30 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸ਼੍ਰੀ ਸਿੱਧੂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪ੍ਰਵਾਨ ਹੋਏ ਵਿਕਾਸ ਕਾਰਜਾਂ ਵਿੱਚ 13 ਕਰੋੜ ਰੁਪਏ ਦੇ ਨਵੇਂ ਕੰਮ ਵੀ ਸ਼ਾਮਲ ਹਨ। ਉਹਨਾਂ ਇਸ ਸਬੰਧੀ ਵਿਸਥਾਰ ਦਿੰਦਿਆ ਦਸਿਆ ਕਿ ਜਨ ਸਿਹਤ ਨਾਲ ਸਬੰਧਤ ਕੰਮਾਂ ਲਈ ਰੁ. 7.60 ਅਤੇ ਨਵੇਂ ਵਿਕਾਸ ਕਾਰਜਾਂ ਦਾ ਅਨੁਮਾਨ 8.39 ਕਰੋੜ ਰੁਪਏ ਹੈ। ਮੇਅਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਕੁੱਲ 90 ਏਜੰਡਾ ਆਈਟਮਾਂ ਉਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।

ਮੇਅਰ ਨੇ ਕਿਹਾ ਕਿ ਸ਼ਹਿਰ ਵਿਚ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦਿਆਂ 75 ਸਾਲਾਂ ਤੱਕ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਲਾ ਪਾਇਦਾਰ ਨਵਾਂ ਡਰੇਨੇਜ ਸਿਸਟਮ ਉਸਾਰਿਆ ਜਾਵੇਗਾ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਮੁਢਲੀ ਲਾਗਤ ਲਗਭਗ 300 ਕਰੋੜ ਰੁਪਏ ਹੋਵੇਗੀ। ਸ਼੍ਰੀ ਸਿੱਧੂ ਨੇ ਕਿਹਾ ਕਿ ਪਿਛਲੇ ਮਹੀਨੇ ਪਏ ਲਗਾਤਾਰ ਮੀਂਹ ਨੇ ਜਿਥੇ ਗਮਾਡਾ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਸੀ ਉਥੇ ਨਵੇਂ ਡਰੇਨੇਜ ਸਿਸਟਮ ਦੀ ਲੋੜ ਵੀ ਉਭਾਰੀ ਸੀ।

ਸ਼੍ਰੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਨੇ ਪਿਛਲੇ ਮਹੀਨੇ ਪਾਣੀ ਭਰਨ ਕਾਰਨ ਸੜਕਾਂ ਦੇ ਹੋਏ ਨੁਕਸਾਨ ਦਾ ਸਰਵੇਖਣ ਅਤੇ ਮੁਲਾਂਕਣ ਕਰਨ ਤੋਂ ਬਾਅਦ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿਤਾ ਹੈ। ਉਹਨਾਂ ਦਸਿਆ ਕਿ ਸੜਕਾਂ ਦੀ ਮੁਰੰਮਤ ਲਈ ਆਧੁਨਿਕ ਤਕਨੀਕ ਨਾਲ ਲੈਸ ਆਟੋਮੈਟਿਕ ਪ੍ਰੈਸ਼ਰਾਈਜ਼ਡ ਇੰਜੈਕਸ਼ਨ ਮਸ਼ੀਨ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤਕਨਾਲੋਜੀ ਨਾਲ ਨਗਰ ਨਿਗਮ ਨੂੰ ਸਮੇਂ ਅਤੇ ਪੈਸੇ ਦੋਵਾਂ ਦੀ ਬੱਚਤ ਕਰਨ ਵਿੱਚ ਮਦਦ ਕਰੇਗੀ। ਇਸ ਮੀਟਿੰਗ ਵਿੱਚ ਨਗਰ ਨਿਗਮ ਕਮਿਸ਼ਨਰ ਨਵਜੋਤ ਕੌਰ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਤੋਂ ਇਲਾਵਾ ਕੌਂਸਲਰ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *