ਦਿੱਲੀ ਤੋਂ ਸਿੱਖ ਕੌਮ ਨੂੰ ਮਾਰ ਮੁਕਾਉਣ ਦੀਆਂ ਹਮੇਸ਼ਾਂ ਸਾਜਿਸ਼ਾਂ ਚਲਦੀਆਂ ਰਹੀਆਂ ਹਨ- ਨਿਹੰਗ ਮੁਖੀ ਬਾਬਾ ਬਲਬੀਰ ਸਿੰਘ
ਬੁੱਢਾ ਦਲ ਦੇ ਜਰਨੈਲ ਹੀ ਲਾਲ ਕਿਲ੍ਹੇ ’ਤੇ ਫ਼ਤਿਹ ਦੇ ਕੇਸਰੀ ਨਿਸ਼ਾਨ ਝੁਲਾਉਂਦੇ ਰਹੇ ਹਨ
ਅੰਮ੍ਰਿਤਸਰ: 18 ਅਗਸਤ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਯੂ.ਕੇ. ਦੇ ਗੁਰੂ ਘਰਾਂ ਵਿੱਚ ਪ੍ਰਬੰਧਕਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ। ਜੋ ਬੀਤੀ 12 ਅਗਸਤ ਤੋਂ ਅਰੰਭ ਹੋ ਕੇ 29 ਅਗਸਤ ਤੱਕ ਚਲਣਗੇ। ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਆਪਣੀ ਪ੍ਰਚਾਰ ਯਾਤਰਾ ਸਮੇਂ ਸੰਗਤਾਂ ਨੂੰ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਗੁਰਦੁਆਰਾ ਸਿੰਘ ਸਭਾ ਡਰਬੀ ਪ੍ਰਿਸਿੰਸ ਸਟਰੀਟ ਵਿਖੇ ਸੰਗਤਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਬਾਬਾ ਬਲਬੀਰ ਸਿੰਘ ਨੇ ਕਿਹਾ ਸਿੱਖਾਂ ਲਈ ਦਿੱਲੀ ਸ਼ੁਰੂ ਤੋਂ ਹੀ ਜ਼ੁਲਮਾਂ ਤੇ ਮਨ-ਮਰਜੀਆਂ ਦੇ ਫ਼ਤਵੇ ਜਾਰੀ ਕਰਨ ਵਾਲੀ ਥਾਂ ਰਹੀ ਹੈ। ਦਿੱਲੀ ਦਾ ਲਾਲ ਕਿਲ੍ਹਾ ਪੂਰੇ ਭਾਰਤ ਦੀ ਰਾਜਸੀ ਸੱਤਾ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਰਿਹਾ ਹੈ। ਇਥੋਂ ਦੇ ਸਿੰਘਾਸਨ ਤੋਂ ਸੱਚ ਹੱਕ ਤੇ ਨਿਆਂ ਦਾ ਪਹਿਰਾ ਦੇਣ ਵਾਲੇ ਗੁਰੂਆਂ, ਭਗਤਾਂ ਅਤੇ ਫਕੀਰਾਂ ਨੂੰ ਸਤਾਉਣ ਦੇ ਮਨਸੂਬੇ ਘੜੇ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਫਿਰ ਉਹ ਸਮਾਂ ਵੀ ਆਇਆ ਜਦੋਂ ਖਾਲਸੇ ਨੇ ਆਪਣੇ ਪੁਰਾਣੇ ਹਿਸਾਬ ਨੂੰ ਨਿਬੇੜਨ ਲਈ ਅਤੇ ਮੁਗਲਾਂ ਵੱਲੋਂ ਚਾੜੀ ਭਾਜੀ ਨੂੰ ਮੋੜਨ ਲਈ ਕਮਰ ਕੱਸੇ ਕੀਤੇ। ਉਨ੍ਹਾਂ ਕਿਹਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ ਅਤੇ ਜਥੇਦਾਰ ਸਰਦਾਰ ਬਘੇਲ ਸਿੰਘ ਨੇ ਖਾਲਸਈ ਫੌਜਾਂ ਨਾਲ ਦਿੱਲੀ ਦੇ ਲਾਲ ਕਿਲ੍ਹੇ ਨੂੰ ਫ਼ਤਹਿ ਕੀਤਾ ਤੇ ਕੇਸਰੀ ਨਿਸ਼ਾਨ ਝੁਲਾ ਕੇ ਖ਼ਾਲਸਾ ਰਾਜ ਕਾਇਮ ਕੀਤਾ ਸੀ। ਸਿੱਖਾਂ ਨੇ 19 ਵਾਰ ਦਿੱਲੀ ਫ਼ਤਹਿ ਕੀਤੀ ਅਤੇ ਫਤਿਹ ਤੋਂ ਬਾਅਦ ਗੁਰੂ ਹਰਿਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ ਨਾਲ ਸੰਬੰਧਿਤ ਅਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਤੇ ਗੁਰਦੁਆਰਿਆਂ ਦੀ ਉਸਾਰੀ ਕਰਵਾਈ।
ਬਾਬਾ ਬਲਬੀਰ ਸਿੰਘ ਨੇ ਕਿਹਾ ਬੁੱਢਾ ਦਲ ਦੇ ਚੌਥੇ ਜਥੇਦਾਰ ਖਾਲਸਾ ਪੰਥ ਵਲੋਂ ‘ਸੁਲਤਾਨ-ਉਲ-ਕੌਮ’ ਦੇ ਖ਼ਿਤਾਬ ਨਾਲ ਨਿਵਾਜੇ ਗਏ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਿੱਖ ਰਾਜ ਦੇ ਇੱਕ ਅਨਮੋਲ ਹੀਰੇ ਸਨ। ਆਪ ਜੀ ਨੇ ਅਹਿਮਦ ਸ਼ਾਹ ਦੁੱਰਾਨੀ ਦੇ ਕਬਜ਼ੇ ਵਿਚੋਂ ਅਣਗਿਣਤ ਹਿੰਦੂ ਮਰਦ-ਔਰਤਾਂ ਨੂੰ ਛੁਡਾਇਆ ਅਤੇ ਜੰਗ ਦੇ ਮੈਦਾਨ ਵਿੱਚ 22 ਵੱਡੇ ਜ਼ਖਮ ਖਾ ਕੇ ਵੀ ਬੜੀ ਦਲੇਰੀ ਨਾਲ ਲੜਦੇ ਰਹੇ। ਆਪ ਇੱਕ ਧਰਮਵੀਰ, ਨਿਮਰ, ਦਾਨੀ ਤੇ ਵੱਡੇ ਸਦਾਚਾਰੀ ਸਨ। ਉਨ੍ਹਾਂ ਕਿਹਾ ਕਿ ਗੁਰੂ ਦਾ ਉਪਦੇਸ਼ ਹੈ ਸਿੱਖਾਂ ਨੂੰ ਬਾਣੀ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ।ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਡਰਬੀ ਵਿਖੇ ਸੰਸਾਰ ਪੱਧਰ ਦੇ ਸਿੱਖ ਮਿਊਜੀਅਮ ਦੇ ਦਰਸ਼ਨ ਵੀ ਕੀਤੇ। ਜਿਸ ਵਿਚ ਗੁਰੂ ਸਾਹਿਬਾਨ ਤੋਂ ਲੈ ਕੇ ਹੁਣ ਤੀਕ ਕੌਮੀ ਸ਼ਹੀਦਾਂ ਦੇ ਚਿੱਤਰ ਸਸ਼ੋਭਤ ਹਨ। ਸ. ਰਘਬੀਰ ਸਿੰਘ ਪ੍ਰਧਾਨ ਅਤੇ ਰਜਿੰਦਰ ਸਿੰਘ ਪੁਰੇਵਾਲ ਜਨਰਲ ਸਕੱਤਰ ਤੇ ਸਮੂਹ ਪ੍ਰਬੰਧਕਾਂ ਨੇ ਬੁੱਢਾ ਦਲ ਨੂੰ ਪੇਸ਼ਕਸ ਕੀਤੀ ਕਿ ਪਟਿਆਲਾ ਵਿਖੇ ਇਸੇ ਤਰਜ ਤੇ ਮਿਊਜੀਅਮ ਬਣਾਇਆ ਜਾਵੇ ਅਸੀਂ ਸਹਿਯੋਗ ਕਰਾਂਗੇ। ਇਸ ਮੌਕੇ ਬਾਬਾ ਬਲਬੀਰ ਸਿੰਘ ਨੂੰ ਸਮੂਹ ਪ੍ਰਬੰਧਕਾਂ ਵੱਲੋਂ ਸੋਨ ਤਗਮੇਂ ਨਾਲ ਸਨਮਾਨਤ ਵੀ ਕੀਤਾ ਗਿਆ। ਇਸ ਕੌਮੀ ਸਿੱਖ ਵਿਰਾਸਤ ਕੇਂਦਰ ਅਤੇ ਘਲੂਘਰਾ ਅਜਾਇਬਘਰ ਵਿਚ 1984 ਨੂੰ ਢਹਿ-ਢੇਰੀ ਕੀਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ ਅਤੇ ਤਿੰਨਾਂ ਘਲੂਘਾਰਿਆਂ ਦੀ ਯਾਦਗਾਰੀ ਨਿਸ਼ਾਨੀਆਂ ਸੰਭਾਲੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਗੁਰਦੁਆਰਾ ਸਾਹਿਬ ਡਰਬੀ ਵਿਖੇ ਬੁੱਢਾ ਦਲ ਪਾਸ ਇਤਿਹਾਸਕ ਸਸ਼ਤਰਾਂ ਦੇ ਸੰਗਤਾਂ ਨੂੰ ਦਰਸ਼ਨ ਵੀ ਕਰਵਾਏ ਗਏ। ਇਸ ਸਮੇਂ ਬਾਬਾ ਹਰਜੀਤ ਸਿੰਘ ਖੰਡਾ ਖੜਕੇਗਾ, ਬਾਬਾ ਜਸਵਿੰਦਰ ਸਿੰਘ ਜੱਸੀ ਅਮਰੀਕਾ, ਪੰਥਕ ਸਟੇਜਾਂ ਦੇ ਸ਼ਿੰਗਾਰ ਪ੍ਰਚਾਰਕ ਗਿਆਨੀ ਭਗਵਾਨ ਸਿੰਘ ਜੌਹਲ ਤੇ ਹੋਰ ਸਥਾਨਕ ਨਿਹੰਗ ਸਿੰਘ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਨਾਲ ਸਨ। ਇਸ ਤੋਂ ਅਗਲਾ ਪ੍ਰੋਗਰਾਮ ਗੁਰਦੁਆਰਾ ਗੁਰੂ ਗਰੀਬ ਨਿਵਾਜ਼ ਸਪਰਿੰਗ ਫੀਲਡ ਰੋਡ ਹਾਈਸ ਵਿਖੇ ਹੋਵੇਗਾ।

