ਸੰਪਾਦਕੀਪੰਜਾਬਪਟਿਆਲਾਲੇਖ

ਬਾਦਲ ਸਾਹਿਬ : ਸ਼ਹਿਰ ਦਾ ਕਮਾਂਡਰ ਕੌਣ ਹੋਵੇ..?

ਪਟਿਆਲਾ 2 ਸਤੰਬਰ (ਕੰਵਰ ਸਿੰਘ ਬੇਦੀ) ਸ਼ੋ੍ਰਮਣੀ ਅਕਾਲੀ ਦਲ ਪਟਿਆਲਾ ਸ਼ਹਿਰ ਦੀ ਕਮਾਂਡ ਕਿਹੜੇ ਹੱਥਾਂ ’ਚ ਹੋਵੇਗਾ ਇਹ ਸਵਾਲ ਇਸ ਕਰਕੇ ਵੱਡਾ ਬਣ ਗਿਆ ਹੈ ਕਿਉਂਕਿ ਨਗਰ ਨਿਗਮ ਚੋਣਾਂ ਸਮੇਤ ਲੋਕ ਸਭਾ ਚੋਣਾਂ ਸਿਰ ’ਤੇ ਹਨ, ਪ੍ਰੰਤੂ ਸ਼ਹਿਰ ਵਿਚ ਸ਼ੋ੍ਰਮਣੀ ਅਕਾਲੀ ਦਲ ਵਾਲੇ ਪੱਖ ਤੋਂ ਕੋਈ ਵੀ ਵਿਰੋਧੀਆਂ ਦਾ ਮੁਕਾਬਲਾ ਕਰਨ ਲਈ ਤਤਪਰ ਵਿਖਾਈ ਨਹੀਂ ਦੇ ਰਿਹਾ। ਵਿਧਾਨ ਸਭਾ ਚੋਣਾਂ ’ਚ ਆਏ ਨਤੀਜਿਆਂ ਕਾਰਨ ਆਈ ਨਿਰਾਸ਼ਾ ਨੇ ਪਾਰਟੀ ਦੇ ਆਗੂਆਂ, ਯੂਥ ਆਗੂਆਂ ਅਤੇ ਵਰਕਰਾਂ ਨੂੰ ਬੇਸ਼ੱਕ ‘ਬੈਕਫੁੱਟ’ ਤੇ ਕੀਤਾ, ਜਿਸ ਨਾਲ ਵੱਡਾ ਖਲਾਅ ਬਣਿਆ ਅਤੇ ਜੱਕੋ ਤੱਕੀ ਵਾਲੀ ਬਣੀ ਮੌਜੂਦਾ ਸਥਿਤੀ ਵਿਚੋਂ ਸ਼ਹਿਰੀ ਲੀਡਰਸ਼ਿਪ ਕਿਵੇਂ ਉਭਰੇ ਇਹ ਆਪਣੇ ਆਪ ਵਿਚ ਏਸ ਕਰਕੇ ਸਵਾਲ ਹੈ ਕਿ ਜਿਹੜੇ ਆਗੂ ਅੱਜ ਪਾਰਟੀ ਵਿਚ ਉਭਰਨ ਲਈ ਉਤਾਵਲੇ ਹਨ ਉਨ੍ਹਾਂ ਦੀ ਭੂਮਿਕਾ ਹਮੇਸ਼ਾ ਸ਼ੱਕੀ ਰਹੀ ਹੈ।

ਸ਼ੋ੍ਰਮਣੀ ਅਕਾਲੀ ਦਲ ਵੱਲੋਂ ਖੜੇ ਕੀਤੇ ਜਾਂਦੇ ਉਮੀਦਵਾਰ ਪ੍ਰਤੀ ਪਾਰਟੀ ਪ੍ਰਧਾਨ ਦਾ ਆਖਾ ਮੰਨਕੇ ਸਾਰੇ ਤੋਰ ਤੁਰਦੇ ਤਾਂ ਰਹੇ, ਪਰ ਮਨ ਤੋਂ ਏਸ ਕਦਰ ਨਾ ਤੁਰੇ, ਜਿਸ ਕਦਰ ਪਾਰਟੀ ਨੇ ਆਸ ਰੱਖੀ ਸੀ। ਖੈਰ ਸ਼ੋ੍ਰਮਣੀ ਅਕਾਲੀ ਦਲ ਨੂੰ ਬਾਦਸਤੂਰ ਹਾਰ ਦਾ ਸਾਹਮਣਾ ਕਰਨਾ ਪਿਆ। ਅਕਾਲੀ ਪਾਰਟੀ ਦੇ ਉਮੀਦਵਾਰ ਦਾ ਵੋਟ ਗਰਾਫ ਦਾ ਘੱਟਣਾ ਏਹ ਦਰਸਾਉਂਦਾ ਹੈ ਕਿ ਵਿਅਕਤੀਤਵ ਤੌਰ ਤੇ ਚਿਹਰੇ ਦੀ ਕੁਝ ਵੋਟ ਹੁੰਦੀ ਹੈ, ਦੂਜੀ ਪਾਰਟੀ ਦੀ ਤੇ ਤੀਸਰੀ ਲੋਕਾਂ ਦੀ ਜਿਨ੍ਹਾਂ ਨੇ ਆਪ ਮੁਹਾਰੇ ਆ ਕੇ ਵੋਟ ਕਰਨੀ ਹੁੰਦੀ, ਪਰ ਅਜਿਹੇ ਤਿੰਨ ਰੁਝਾਨਾਂ ਵਿਚੋਂ ਕੇਵਲ ਤੇ ਕੇਵਲ ਅਕਾਲੀ ਉਮੀਦਵਾਰ ਦਾ ਏਹ ਅੰਕੜਾ ਪਾਰਟੀ ਜਨਰਲ ਜੇ.ਜੇ. ਸਿੰਘ ਵੇਲੇ 11.000 ਹਜ਼ਾਰ ਦੇ ਆਸ ਪਾਸ ਰਿਹਾ, ਉਮੀਦਵਾਰ ਹਰਪਾਲ ਜੁਨੇਜਾ ਦਾ ਵੋਟ ਅੰਕੜਾ ਵੀ 12.000 ਹਜ਼ਾਰ ਦੇ ਆਸ ਪਾਸ ਹੀ ਆ ਕੇ ਰੁਕਿਆ। ਏਸ ਨੂੰ ਕੀ ਮੰਨਿਆ ਜਾਵੇ ਕੀ ਹਰਪਾਲ ਜੁਨੇਜਾ ਦੇ ਚਿਹਰੇ ਨੂੰ ਵੋਟ ਏਨੀ ਹੀ ਪੈਣੀ ਸੀ, ਜੇ ਪੈਣੀ ਸੀ ਤਾਂ ਫੇਰ ਪਾਰਟੀ ਦੀ ਵੋਟ ਕਿੱਥੇ ਗਈ ਜਾਂ ਫੇਰ ਇਹ ਸਮਝ ਲਿਆ ਜਾਵੇ ਕਿ ਅਕਾਲੀ ਦਲ ਦੇ ਖੇਮੇ ਵਿਚੋਂ ਜਿਸ ਕਦਰ ਵੋਟ ਨਿਕਲਣੀ ਚਾਹੀਦੀ ਸੀ ਤਾਂ ਉਹ ਸ਼ਾਇਦ ਨਾ ਨਿਕਲੀ ਹੋਵੇ, ਜਦ ਏਹ ਗੱਲ ਅਕਾਲੀ ਸਫਾਂ ਵਿਚ ਹੋਵੇ ਤਾਂ ਫੇਰ ਆਗੂ ਸਾਹਿਬਾਨ ‘ਖੱਚਰੀ’ ਜੇਹੀ ਹਾਸੀ ਹੱਸ ਕੇ ਨਿਕਲ ਤੁਰਦੇ ਹਨ? ਚਲੋ ਏਹ ਵੀ ਮੰਨ ਲੈਂਦੇ ਹਾਂ ਕਿ ਉਨ੍ਹਾਂ ਨੇ ਵੋਟ ਪਾਈ ਹੋ ਸਕਦੀ, ਫੇਰ ਬਾਕੀ ਵੋਟ ਕਿੱਥੇ ਐ..ਉਨ੍ਹਾਂ ਤੋਂ ਕੱਢੀ ਨਹੀਂ ਗਈ ਜਾਂ ਕਢਵਾਈ ਨਹੀਂ ਗਈ। ਏਸ ਨੂੰ ਸ਼ੋ੍ਰਮਣੀ ਅਕਾਲੀ ਦਲ ਕੀ ਸਮਝੇ? ਖੈਰ ਚੋਣਾਂ ’ਚ ਉਮੀਦਵਾਰ ਬਣ ਕੇ ਉਤਰਨ ਵਾਲਾ ਕਦੇ ਨਹੀਂ ਚਾਹੇਗਾ ਉਸ ਦੇ ਪੱਲੇ ਹਾਰ ਹੋਵੇ? ਜਿੱਤ ਹਾਰ ਭਾਵੇਂ ਕਿਸਮਤ ’ਤੇ ਵੀ ਟਿਕੀ ਹੁੰਦੀ, ਪਰ ਆਗੂਆਂ, ਵਰਕਰਾਂ ਦੀ ਪਾਰਟੀ ਪ੍ਰਤੀ ਕੀ ਕੋਈ ਜਵਾਬਦੇਹੀ ਨਹੀਂ ਬਣਦੀ? ਪਾਰਟੀ ਸੱਤਾ ’ਚ ਹੋਵੇ ਤਾਂ ਅੱਗੇ ਭੱਜ ਭੱਜ ਨਿਕਲਣਾ ਤੇ ਉਮੀਦਵਾਰ ਪ੍ਰਤੀ ਭੂਮਿਕਾ ਅਦਾ ਕਰਨ ਵੇਲੇ ਖਿਸਕ ਜਾਣਾ ਏਹ ਵੀ ਕਿਤੇ ਨਾ ਕਿਤੇ ਠੀਕ ਨਹੀਂ ਹੁੰਦਾ?

ਉਮੀਦਵਾਰ ਹਰਪਾਲ ਜੁਨੇਜਾ ਦੇ ਹਾਰ ਜਾਣ ਤੋਂ ਬਾਅਦ ਜਿਹੜੀ ਨਿਰਾਸ਼ਾ ਪਾਰਟੀ ਕੋਲ ਹੋਵੇ ਅਜਿਹੀ ਨਿਰਾਸ਼ਾ ਉਮੀਦਵਾਰ ਰਹੇ ਹਰਪਾਲ ਜੁਨੇਜਾ ਦੇ ਅੰਦਰ ਪਸਰੀ ਪਈ ਹੈ, ਪਰ ਕੀ ਹੁਣ ਸ਼ੋ੍ਰਮਣੀ ਅਕਾਲੀ ਦਲ ਨੂੰ ਹਰਪਾਲ ਜੁਨੇਜਾ ’ਤੇ ਭਰੋਸਾ ਛੱਡ ਦੇਣਾ ਚਾਹੀਦਾ? ਜੇ ਪਾਰਟੀ ਹਰਪਾਲ ਜੁਨੇਜਾ ਦੀ ਅਣਦੇਖੀ ਕਰਨਾ ਚਾਹੁੰਦੀ ਹੈ ਤਾਂ ਏਹ ਵੀ ਸਪੱਸ਼ਟ ਹੋਣਾ ਠੀਕ ਹੋਵੇਗਾ ਕਿ ਅਗਲਾ ਕਿਹੜਾ ਮਾਂ ਦਾ ਸ਼ੇਰ ਸ਼ਹਿਰ ਦੀ ਵਾਗਢੋਰ ਸਾਂਭਣ ਲਈ ਤਿਆਰ ਹੈ? ਕੀ ਉਹ ਪੰਥਕ ਹੈ? ਕੀ ਉਹ ਇਤਿਹਾਸਕ ਰੈਲੀਆਂ ਕਰਵਾਉਣ ਲਈ ਤਤਪਰ ਹੈ? ਕੀ ਉਹ ਆਪਣੇ ਘਰ ਉਹੀ ਰੌਣਕਾਂ ਲਗਾ ਸਕੇਗਾ ਜਿਹੜੀਆਂ ਹਰਪਾਲ ਜੁਨੇਜਾ ਦੇ ਵਿਹੜੇ ਜਾਂ ਸ਼ਹਿਰ ਦੇ ਅੰਦਰ ਬਾਹਰ ਹੋਈਆਂ ਇਤਿਹਾਸਕ ਰੈਲੀਆਂ ਵਿਚ ਨਜ਼ਰ ਆਉਂਦੀਆਂ ਰਹੀਆਂ? ਖੈਰ ਵਾਰ ਵਾਰ ਘਰ ਫੂਕਕੇ ਤਮਾਸ਼ਾ ਵੇਖਣਾ ਬੜਾ ਔਖਾ ਭਰਿਆ ਕਾਰਜ ਹੈ?

ਸ਼ੋ੍ਰਮਣੀ ਅਕਾਲੀ ਦਲ ਨੂੰ ਇਥੇ ਇਹ ਵੀ ਦੱਸਣਾ ਪਵੇਗਾ ਕਿ ਹੁਣ ਅਗਲਾ ਕਿਹੜਾ ‘ਘਰ ਫੂਕਣ’ ਲਈ ਤਿਆਰ ਬਰ ਤਿਆਰ ਹੈ ਕਿਉਂਕਿ ਚਿਹਰੇ ਬਦਲ ਲੈਣ ਨਾਲ ਕਦੇ ਤਕਦੀਰਾਂ ਨਹੀਂ ਬਦਲਦੀਆਂ? ਪਾਰਟੀ ਪ੍ਰਤੀ ਭਰੋਸਾ, ਵਿਸ਼ਵਾਸ਼, ਪੰਥਕ ਜਜਬਾ ਅਤੇ ਹਮੇਸ਼ਾ ਹਾਰਨਾ ਵੀ ਪਾਰਟੀ ਲਈ, ਜਿੱਤਣਾ ਵੀ ਪਾਰਟੀ ਲਈ ਹੋਣਾ ਚਾਹੀਦਾ। ਪਾਰਟੀ ਨੂੰ ‘ਮਾਂ ਪਾਰਟੀ’ ਕਹਿਣ ਵਾਲਿਆਂ ਦੀ ਆਪਣੀ ਮਾਂ ਪ੍ਰਤੀ ਕਿਸ ਤਰ੍ਹਾਂ ਦੀ ਭੂਮਿਕਾ ਹੋਵੇ ਏਹ ਉਨ੍ਹਾਂ ਲਈ ਸਵਾਲ ਹੈ, ਜਿਨ੍ਹਾਂ ਨੂੰ ਪਾਰਟੀ ਨੇ ਬਹੁਤ ਕੁਝ ਦਿੱਤਾ, ਵਿਧਾਇਕੀ, ਜ਼ਿਲ੍ਹਾ ਇੰਚਾਰਜੀ, ਚੇਅਰਮੈਨੀ ਵਰਗੇ ਅਹੁਦਿਆਂ ’ਤੇ ਆਨੰਦ ਮਾਣੇ ਜਾਂ ਫੇਰ ਜਦ ਮਤਲਬ ਨਿਕਲ ਗਿਆ ਤਾਂ ਫੇਰ ਪਾਰਟੀ ਦੇ ਏਨਾਂ ਆਗੂਆਂ ਦਾ ਏਹ ਆਖਣਾ ‘ਪਾਰਟੀ’ ਨੇ ਦਿੱਤਾ ਕੀ ਹੈ? ਜਿਹੜੀ ਮਾਂ ਪਾਲ ਪਲੋਸ ਕੇ ਆਪਣੇ ਪੁੱਤ ਨੂੰ ਜਵਾਨ ਕਰੇ, ਵਿਆਹੇ ਤੇ ਜਦ ਪੁੱਤ ਪੋਤਰੇ ਹੋ ਜਾਣ ਤਾਂ ਫੇਰ ਏਹ ਆਖਣ ‘ਮਾਂ ਪਾਰਟੀ’ ਦਾ ਹੁਣ ਕੀ ਕੰਮ ਰਹਿ ਗਿਆ। ਸ਼ੋ੍ਰਮਣੀ ਅਕਾਲੀ ਦਲ ਨੂੰ ਵੀ ਪਾਰਟੀ ਅੰਦਰ ਪੈਦਾ ਹੋਈਆਂ ਅਜਿਹੀਆਂ ਸਥਿਤੀਆਂ ਤੇ ਹਾਲਾਤਾਂ ਬਾਰੇ ਗਹਿਗੱਚ ਹੋ ਕੇ ਸੋਚਣ, ਵਿਚਾਰਨ ਤੇ ਸਮੀਖਿਆ ਕਰਨ ਦੀ ਲੋੜ ਹੈ ਕਿ ਜੇ ‘ਪੁੱਤ’ ‘ਕਪੁੱਤ’ ਨਿਕਲਣ ਪੈਣ ਤਾਂ ਉਨ੍ਹਾਂ ਦਾ ਕਰਨਾ ਕੀ ਹੈ?
ਸ਼ੋ੍ਰਮਣੀ ਅਕਾਲੀ ਦਲ ਸਮੇਤ ਹਰੇਕ ਸਿਆਸੀ ਪਾਰਟੀ ਨੂੰ ਨਵੇਂ ਚਿਹਰੇ, ਨਵੇਂ ਲੋਕ ਮਿਲ ਜਾਣਗੇ ਅਜਿਹੇ ਲੋਕਾਂ ਦੀ ਕਤਾਰ ਬਹੁਤ ਲੰਮੀ ਹੁੰਦੀ ‘ਮਿਲਦੇ-ਰਹਿੰਦੇ, ‘ਚਲਦੇ-ਰਹਿੰਦੇ’ ਪਰ ਅਜਿਹੇ ਚਿਹਰਿਆਂ ਦੀ ਸ਼ਨਾਖਤ ਵੀ ਕਰਨੀ ਹੋਵੇਗੀ ਜਿਹੜੇ ਪਾਰਟੀ ਨਾਲ ਚੱਲਦੇ ਰਹਿਣ, ਜੇ ਪਾਰਟੀ ਹਾਰੇ ਤਾਂ ਉਹ ਵੀ ਹਾਰਨ, ਜੇ ਪਾਰਟੀ ਜਿੱਤੇ ਤਾਂ ਉਹ ਵੀ ਜਿੱਤਣ? ਪਾਰਟੀ ਅੰਦਰ ਅਜਿਹਾ ਰੁਝਾਨ ਨਹੀਂ ਹੋਣਾ ਚਾਹੀਦਾ ਕੀ ਪਾਰਟੀ ਪ੍ਰਤੀ ‘ਘਰ ਫੂਕ’ ਕੇ ਤਮਾਸ਼ਾ ਵੇਖਣ ਵਾਲਿਆਂ ਨੂੰ ‘ਘਰ ਬੈਠਣ ਲਈ ਮਜਬੂਰ ਹੋਣਾ ਪਵੇ? ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੇ ਚਾਹੁੰਦੇ ਨੇ ਕਿ ‘ਮ’ ਪਾਰਟੀ ਪ੍ਰਤੀ ਆਗੂ ਸਾਹਿਬਾਨ, ਹਰ ਛੋਟਾ ਵੱਡਾ ਵਰਕਰ ਫਰਜ਼ਾਂ ਦੀ ਪਹਿਰੇਦਾਰੀ ਕਰੇ ਤਾਂ ਏਹ ਰੁਝਾਨ ਤੇ ਸੋਚ ਵੀ ਤਿਆਗਣੀ ਹੋਵੇ ਕੀ ‘ਚਿਹਰੇ’ ਬਦਲ ਲੈਣ ਨਾਲ ‘ਤਕਦੀਰਾਂ’ ਵੀ ਬਦਲ ਜਾਇਆ ਕਰਦੀਆਂ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੇ ਚਾਹੁੰਦੇ ਹੋਣ ਤਾਂ ‘ਪਾਰਟੀ’ ਪਤੰਗ ਬਣਕੇ ਅਸਮਾਨ ਤੇ ਅੰਬੂਰਾਂ ਛੂਹ ਜਾਵੇ ਤਾਂ ਏਹ ਗੱਲ ਸਮਝ ਲੈਣ ਕਿ ਪਾਰਟੀ ਲਈ ਆਪਣੀ ਰੂਹ ਫੂਕਣ ਵਾਲੇ ਬੰਦੇ ਆਮ ਨਹੀਂ ਹੁੰਦੇ ਅਤੇ ਪਾਰਟੀ ਨੂੰ ਮਾਂ ਕਹਿਣ ਵਾਲੇ ‘ਕਪੁੱਤ’ ਪੁੱਤ ਕਦੇ ਵੀ ਪਾਰਟੀ ਦਾ ਭਲਾ ਨਹੀਂ ਲੋਚ ਸਕਦੇ।

Leave a Reply

Your email address will not be published. Required fields are marked *