ਆਪ ਪਾਰਟੀ ਵਾਲੇ ਪੰਜਾਬ ਨੂੰ ਬਦਨਾਮ ਕਰਨ ਤੋਂ ਬਾਜ ਆਉਣ : ਹੈਪੀ ਲੋਹਟ
ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਚਲਾਈ ਮੁਹਿੰਮ ਨੂੰ ਮਿਲ ਰਿਹੈ ਵੱਡਾ ਹੁੰਗਾਰਾ
ਕਾਂਗਰਸ ਕੋਲ ਕੂੜ ਪ੍ਰਚਾਰ ਤੋਂ ਸਿਵਾਏ ਕੁਝ ਨਹੀਂ ਰਿਹਾ
ਪਟਿਆਲਾ 6 ਜੂਨ (ਕੰਵਰ ਬੇਦੀ)
ਪਿੰਡ ਸ਼ੇਰਮਾਜਰਾ ਵਿਖੇ ਸ਼ੁਰੂ ਹੋਏ ਤਿੰਨ ਰੋਜ਼ਾ 20-20 ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਐਸ਼.ਸੀ. ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਹੈਪੀ ਲੋਹਟ ਨੇ ਕੀਤਾ। ਕ੍ਰਿਕਟ ਪ੍ਰਤੀ ਵੱਧ ਰਹੀ ਰੁਚੀ ਨੂੰ ਵੇਖਦੇ ਹੋਏ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ 20-25 ਦੇ ਕਰੀਬ ਟੀਮਾਂ ਨੇ ਭਾਗ ਲਿਆ।
ਟੂਰਨਾਮੈਂਟ ਵਿਚ ਹਿੱਸਾ ਲੈਣ ਆਈਆਂ ਟੀਮਾਂ ਦੀ ਹੌਂਸਲਾ ਅਫਜ਼ਾਈ ਕਰਦਿਆਂ ਐਸ.ਸੀ. ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਹੈਪੀ ਲੋਹਟ ਨੇ ਕਿਹਾ ਕਿ ਪੰਜਾਬ ਸਰਕਾਰ ਜਿਥੇ ਹਰ ਵਰਗ ਦੇ ਵਿਕਾਸ ਲਈ ਵਚਨਬੱਧ ਹੈ, ਉਥੇ ਖੇਡਾਂ ਦੇ ਮਿਆਰ ਨੂੰ ਉਚਾ ਚੁੱਕਣ ਵਿਚ ਅਹਿਮ ਰੋਲ ਅਦਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਕਬੱਡੀ ਨੂੰ ਕੌਮਾਂਤਰੀ ਪੱਧਰ ‘ਤੇ ਪਹੁੰਚਾਇਆ ਅਤੇ ਵੱਖ ਵੱਖ ਖੇਡਾਂ ਰਾਹੀਂ ਅਜਿਹੇ ਨੌਜਵਾਨ ਅੱਗੇ ਲਿਆਂਦੇ, ਜੋ ਓਲੰਪਿਕ ਵਿਚ ਪਹੁੰਚ ਕੇ ਆਪਣੀ ਖੇਡ ਦਾ ਲੋਹਾ ਮੰਨਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਹਿਰਾਂ ਤੇ ਪਿੰਡਾਂ ਦੇ ਨੌਜਵਾਨਾਂ ਵਿਚ ਖੇਡਾਂ ਵਿਚ ਰੁਚੀ ਪੈਦਾ ਕਰਨ ਲਈ ਜਿਥੇ ਖੇਡ ਕੈਂਪ ਆਯੋਜਨ ਕੀਤੇ ਜਾ ਰਹੇ ਹਨ, ਉਥੇ ਖੇਡਾਂ ਪ੍ਰਤੀ ਰੁਚੀ ਰੱਖਣ ਵਾਲਿਆਂ ਨੂੰ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਹੈਪੀ ਲੋਹਟ ਨੇ ਆਮ ਆਦਮੀ ਪਾਰਟੀ ਦੇ ਆਗੂ ਕੁਮਾਰ ਵਿਸ਼ਵਾਸ ‘ਤੇ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਪ ਪਾਰਟੀ ਦੇ ਵਰਕਰ ਪੰਜਾਬ ਨੂੰ ਨਸ਼ਿਆਂ ਦੇ ਮਾਮਲੇ ਵਿਚ ਲਿਆ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਿਚ ਲੱਗੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਆਪ ਪਾਰਟੀ ਵਾਲੇ ਪੰਜਾਬ ਨੂੰ ਬਦਨਾਮ ਕਰਨ ਤੋਂ ਬਜਾ ਆਉਣ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਅਤੇ ਕਰਵਾਏ ਸਰਵੇ ਵਿਚ ਸਾਹਮਣੇ ਆਇਆ ਹੈ ਕਿ ਨਸ਼ੇ ਦੇ ਖਾਤਮੇ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲ ਰਿਹਾ।
ਉਨ੍ਹਾਂ ਕਿਹਾ ਕਿ ਸਰਕਾਰ ਭੈੜੀ ਸੰਗਤ ਵਿਚ ਫਸੀ ਨੌਜਵਾਨੀ ਨੂੰ ਬਚਾਉਣ ਲਈ ਠੋਸ ਉਪਰਾਲੇ ਕਰ ਰਹੀ ਹੈ, ਪ੍ਰੰਤੂ ਕਾਂਗਰਸ ਅਤੇ ਆਪ ਪਾਰਟੀ ਵਾਲੇ ਸੱਤਾ ਦਾ ਸੁੱਖ ਮਾਨਣ ਲਈ ਪੰਜਾਬ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨਸ਼ਾ ਮੁਕਤ ਹੋ ਚੁੱਕਿਆ ਹੈ ਅਤੇ ਮਿਸ਼ਨ 2017 ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ, ਜਿਸ ਕਾਰਨ ਬੁਖਲਾਹਟ ਵਿਚ ਆ ਚੁੱਕੀਆਂ ਕਾਂਗਰਸ ਅਤੇ ਆਪ ਵਰਗੀਆਂ ਹੋਰ ਵਿਰੋਧੀ ਧਿਰਾਂ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਨ ਵਿਚ ਲੱਗੀਆਂ ਹੋਈਆਂ ਹਨ। ਹੈਪੀ ਲੋਹਟ ਨੇ ਆਪ ਆਗੂਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸੱਤਾ ਹਾਸਲ ਕਰਨ ਦੇ ਲਾਲਚ ਵਿਚ ਆਪ ਆਗੂ ਪੰਜਾਬ ਨੂੰ ਬਦਨਾਮ ਨਾ ਕਰਨ। ਉਨ੍ਹਾਂ ਕਿਹਾ ਕਿ ਜੇ ਆਪ ਆਗੂਆਂ ਨੇ ਅਜਿਹੀ ਦੂਸ਼ਣਬਾਣੀ ਬੰਦ ਨਾ ਕੀਤੀ ਤਾਂ ਆਪ ਦਾ ਘਿਰਾਓ ਐਸ.ਸੀ. ਯੂਥ ਵਿੰਗ ਕਰੇਗਾ।

