ਪੰਜਾਬਪਟਿਆਲਾ

ਭਵਿੱਖ ‘ਚ ਨਿਸ਼ਾਨੇਬਾਜ਼ੀ ‘ਚ ਵੀ ਨਾਂ ਚਮਕਾਉਣਗੇ ਸੰਗਰੂਰ ਦੇ ਖਿਡਾਰੀ

ਆਈ.ਜੀ ਪਟਿਆਲਾ ਜ਼ੋਨ ਵੱਲੋਂ ਪੁਲਿਸ ਲਾਈਨਜ਼ ‘ਚ ਆਧੁਨਿਕ ਸ਼ੂਟਿੰਗ ਰੇਂਜ ਦਾ ਉਦਘਾਟਨ
ਸੰਗਰੂਰ, 14 ਜੂਨ (ਮਧੂਸਾਰ ਬਿਊਰੋ)
ਜ਼ਿਲ੍ਹਾ ਸੰਗਰੂਰ ਪੁਲਿਸ ਨੇ ਸਮਾਜ ਸੇਵੀ ਸੰਗਠਨ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪੁਲਿਸ ਲਾਈਨਜ਼ ਵਿਖੇ ਸੰਨੀ ਓਬਰਾਏ ਸ਼ੂਟਿੰਗ ਰੇਂਜ ਸਥਾਪਤ ਕੀਤੀ ਹੈ ਜਿਸ ਦਾ ਉਦਘਾਟਨ ਕਰਨ ਲਈ ਪੁੱਜੇ ਆਈ.ਜੀ ਪਟਿਆਲਾ ਜ਼ੋਨ ਸ. ਪਰਮਰਾਜ ਸਿੰਘ ਉਮਰਾਨੰਗਲ ਨੇ ਕਿਹਾ ਕਿ ਇਸ ਉਪਰਾਲੇ ਨਾਲ ਭਵਿੱਖ ਵਿੱਚ ਯਕੀਨੀ ਤੌਰ ‘ਤੇ ਸੰਗਰੂਰ ਦੇ ਖਿਡਾਰੀ ਨਿਸ਼ਾਨੇਬਾਜ਼ੀ ਦੀ ਖੇਡ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਬਣਨਗੇ।

ਆਈ.ਜੀ ਨੇ ਕਿਹਾ ਕਿ ਆਮ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਦੇ ਬੱਚਿਆਂ ਲਈ ਇਹ ਸ਼ੂਟਿੰਗ ਰੇਂਜ ਅਹਿਮ ਸਾਬਤ ਹੋਵੇਗੀ ਕਿਉਂਕਿ ਨਿਸ਼ਾਨੇਬਾਜ਼ੀ ਮਹਿੰਗੀ ਖੇਡ ਹੋਣ ਕਾਰਨ ਬਹੁਤੇ ਖਿਡਾਰੀ ਦਿਲਚਸਪੀ ਹੋਣ ਦੇ ਬਾਵਜੂਦ ਵੀ ਇਸ ਦੀ ਆਧੁਨਿਕ ਸਿਖਲਾਈ ਤੋਂ ਵਾਂਝੇ ਰਹਿ ਜਾਂਦੇ ਹਨ। ਲਗਭਗ 18 ਲੱਖ ਦੀ ਲਾਗਤ ਨਾਲ ਸਥਾਪਤ ਇਸ ਸ਼ੂਟਿੰਗ ਰੇਂਜ ਵਿੱਚ 9 ਫਾਈਰਿੰਗ ਆਟੋਮੈਟਿਕ ਮਸ਼ੀਨਾਂ ਅਤੇ 2 ਅਤਿ-ਆਧੁਨਿਕ ਕੰਪਿਊਟਰਾਈਜ਼ਡ ਮਸ਼ੀਨਾਂ ਨਾਲ ਇਕੋ ਵੇਲੇ 11 ਖਿਡਾਰੀ ਅਭਿਆਸ ਕਰ ਸਕਣਗੇ। ਇਸ ਮੌਕੇ ਡੀ.ਆਈ.ਜੀ ਪਟਿਆਲਾ ਰੇਂਜ ਸ. ਬਲਕਾਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਨਿਸ਼ਾਨੇਬਾਜ਼ੀ ਦੀ ਮਿਆਰੀ ਤੇ ਆਧੁਨਿਕ ਸਿਖਲਾਈ ਦੇਣ ਲਈ ਸੀਨੀਅਰ ਕੋਚ ਦੀਆਂ ਨਿਯਮਤ ਸੇਵਾਵਾਂ ਲੈਣ ਤੋਂ ਇਲਾਵਾ ਦੇਸ਼ ਦੇ ਪ੍ਰਸਿੱਧ ਨਿਸ਼ਾਨੇਬਾਜ਼ਾਂ ਨੂੰ ਸਮੇਂ-ਸਮੇਂ ‘ਤੇ ਨਵੇਂ ਸਿਖਿਆਰਥੀਆਂ ਦੇ ਰੂਬਰੂ ਕੀਤਾ ਜਾਵੇਗਾ।
ਸ਼ੂਟਿੰਗ ਰੇਂਜ ਵਿੱਚ ਇਨ੍ਹਾਂ ਖਿਡਾਰੀਆਂ ਨੂੰ ਸਿਖਲਾਈ ਲਈ ਲੋੜੀਂਦਾ ਬਿਹਤਰ ਢਾਂਚਾ ਮੁਹੱਈਆ ਕਰਵਾਉਣ ਦੇ ਨਾਲ-ਨਾਲ ਚੰਗੇ ਕੋਚ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਸੰਗਰੂਰ ਦੇ ਖਿਡਾਰੀ ਇਸ ਖੇਡ ਵਿੱਚ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਸ਼ੂਟਿੰਗ ਰੇਂਜ ਦੇ ਉਦਘਾਟਨ ਮਗਰੋਂ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਕਮਾਂਡੈਂਟ ਅਤੇ ਸ਼ੂਟਿੰਗ ਰੇਂਜ ਦੇ ਪ੍ਰਧਾਨ ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਖੇਡ ਸਭਿਆਚਾਰ ਵੱਲ ਪ੍ਰੇਰਿਤ ਕਰਨ ਲਈ ਲਗਾਤਾਰ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਸ਼ੂਟਿੰਗ ਰੇਂਜ ਦੀ ਸਮਰੱਥਾ ਵਿੱਚ ਹੋਰ ਵਾਧਾ ਕੀਤਾ ਜਾਵੇਗਾ ਤਾਂ ਜੋ ਇਕੋ ਸਮੇਂ ਵੱਧ ਤੋਂ ਵੱਧ ਖਿਡਾਰੀ ਅਭਿਆਸ ਕਰ ਸਕਣ।
ਇਸ ਮੌਕੇ ਸਰਬਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਸ. ਐਸ.ਪੀ ਸਿੰਘ ਓਬਰਾਏ, ਜ਼ਿਲ੍ਹਾ ਪੁਲਿਸ ਮੁਖੀ ਸ. ਪ੍ਰਿਤਪਾਲ ਸਿੰਘ ਥਿੰਦ, ਐਸ.ਪੀ (ਡੀ) ਸ. ਜਸਕਿਰਨਜੀਤ ਸਿੰਘ ਤੇਜਾ, ਡੀ.ਐਸ.ਪੀ ਸ. ਜਗਤਪ੍ਰੀਤ ਸਿੰਘ, ਟਰੱਸਟ ਦੀ ਤਰਫੋਂ ਸ. ਜੱਸਾ ਸਿੰਘ ਸਮੇਤ ਹੋਰ ਪਤਵੰਤੇ, ਖੇਡ ਪ੍ਰੇਮੀ ਤੇ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *