ਸੰਗਰੂਰ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਤਹਿਤ 387 ਮੁਕੱਦਮੇ ਦਰਜ ਕਰਕੇ 462 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ: ਆਈ.ਜੀ ਪਟਿਆਲਾ ਜ਼ੋਨ
ਲੋਕ ਬਿਨਾਂ ਕਿਸੇ ਡਰ ਭੈਅ ਤੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਬੇਨਕਾਬ ਕਰਾਉਣ ਵਿੱਚ ਪੁਲਿਸ ਨੂੰ ਸਹਿਯੋਗ ਦੇਣ: ਉਮਰਾਨੰਗਲ
ਸੰਗਰੂਰ, 14 ਜੂਨ (ਮਧੂਸਾਰ ਬਿਊਰੋ)
ਪੰਜਾਬ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਪ੍ਰਕੋਪ ਤੋਂ ਬਚਾ ਕੇ ਉਨ੍ਹਾਂ ਨੂੰ ਜੀਵਨ ਜਿਊਣ ਦੀ ਸਹੀ ਸੇਧ ਦੇਣ ਲਈ ਰਾਜ ਭਰ ‘ਚ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਪਟਿਆਲਾ ਜ਼ੋਨ ਅਧੀਨ ਆਉਂਦੇ ਜ਼ਿਲ੍ਹਾ ਸੰਗਰੂਰ ‘ਚ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਐਨ.ਡੀ.ਪੀ.ਐਸ ਐਕਟ ਤਹਿਤ 387 ਮੁਕੱਦਮੇ ਦਰਜ ਕਰਕੇ 462 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦਿਆਂ ਆਈ.ਜੀ ਪਟਿਆਲਾ ਜ਼ੋਨ ਸ. ਪਰਮਰਾਜ ਸਿੰਘ ਉਮਰਾਨੰਗਲ ਨੇ ਦੱਸਿਆ ਕਿ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ ਅਤੇ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਗੈਰ-ਸਮਾਜਿਕ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਆਮ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ਼ ਜਾਗਰੂਕ ਕਰਨ ਲਈ ਪਿੰਡਾਂ ਤੇ ਕਸਬਿਆਂ ‘ਚ 902 ਮੀਟਿੰਗਾਂ ਕੀਤੀਆਂ।
ਆਈ.ਜੀ ਨੇ ਦੱਸਿਆ ਕਿ ਸੰਗਰੂਰ ਪੁਲਿਸ ਵੱਲੋਂ ਪਿਛਲੇ ਸਮੇਂ ਦੌਰਾਨ ਭਾਰੀ ਮਾਤਰਾ ਵਿੱਚ ਹੈਰੋਇਨ, ਅਫੀਮ, ਭੁੱਕੀ, ਗਾਂਜਾ, ਚਰਸ, ਨਸ਼ੀਲੀਆਂ ਗੋਲੀਆਂ ਤੇ ਕੈਪਸੂਲ, ਸਮੈਕ, ਨਸ਼ੀਲਾ ਪਾਊਡਰ ਤੇ ਨਸ਼ੀਲਾ ਤਰਲ ਪਦਾਰਥ ਬਰਾਮਦ ਕੀਤਾ ਗਿਆ। ਜ਼ਿਲ੍ਹਾ ਪੁਲਿਸ ਦੀਆਂ ਪ੍ਰਾਪਤੀਆਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਆਈ.ਜੀ ਨੇ ਦੱਸਿਆ ਕਿ ਪੁਲਿਸ ਨੇ 7 ਅੰਨ੍ਹੇ ਕਤਲ ਦੇ ਮਾਮਲਿਆਂ ਨੂੰ ਸੁਲਝਾ ਕੇ 17 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੱਸਿਆ ਕਿ 24 ਵੱਖ-ਵੱਖ ਗਿਰੋਹਾਂ ਨਾਲ ਸਬੰਧਤ 104 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 36 ਪਿਸਤੌਲ, 5 ਰਿਵਾਲਵਰ, 2 ਰਾਈਫਲਾਂ, 116 ਕਾਰਤੂਸ, 14 ਦੇਸੀ ਕੱਟੇ, 2 ਮੈਗਜ਼ੀਨ, 3 ਚਾਕੂ, 8 ਕਿਰਪਾਨਾਂ, 2 ਕੁਹਾੜੀਆਂ, 20 ਲੋਹੇ ਦੇ ਰਾਡ, 4 ਦਾਹ ਲੋਹਾ ਅਤੇ 1 ਗੈਸ ਕਟਰ ਬਰਾਮਦ ਕਰਵਾਇਆ। ਇਸ ਤੋਂ ਇਲਾਵਾ 7 ਕਾਰਾਂ, 26 ਮੋਟਰਸਾਇਕਲ/ਸਕੂਟਰੀਆਂ, 2 ਟਰੱਕ, 173 ਕੁਇੰਟਲ ਸਰੀਆ, 2 ਕੁਇੰਟਲ ਤਾਂਬਾ, ਸੋਨੇ ਤੇ ਚਾਂਦੀ ਦੇ ਗਹਿਣੇ ਸਮੇਤ ਹੋਰ ਚੋਰੀਸ਼ੁਦਾ ਸਮਾਨ ਬਰਾਮਦ ਕੀਤਾ ਗਿਆ ਜਿਨ੍ਹਾਂ ਦੀ ਕੀਮਤ ਲਗਭਗ 58 ਲੱਖ ਰੁਪਏ ਬਣਦੀ ਹੈ।
ਆਈ.ਜੀ ਨੇ ਦੱਸਿਆ ਕਿ ਸ਼ਰਾਬ ਦੀ ਤਸਕਰੀ ਕਰਨ ਵਾਲੇ ਅਨਸਰਾਂ ਦੇ ਖਿਲਾਫ਼ ਕੁਲ 518 ਮੁਕੱਦਮੇ ਦਰਜ ਕਰਕੇ 539 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 17146 ਲੀਟਰ ਦੇਸੀ ਸ਼ਰਾਬ, 5923 ਲੀਟਰ ਅੰਗਰੇਜੀ ਸ਼ਰਾਬ, 385 ਲੀਟਰ ਤੋਂ ਵੱਧ ਨਜਾਇਜ਼ ਸ਼ਰਾਬ, 5 ਚਾਲੂ ਭੱਠੀਆਂ ਤੇ 1401 ਕਿਲੋ ਲਾਹਣ ਬਰਾਮਦ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਦੜੇ ਸੱਟੇ ਦਾ ਧੰਦਾ ਕਰਨ ਵਾਲੇ 264 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 8 ਲੱਖ 55 ਹਜ਼ਾਰ 366 ਰੁਪਏ ਬਰਾਮਦ ਕਰਵਾਏ ਗਏ।
ਸ. ਉਮਰਾਨੰਗਲ ਨੇ ਦੱਸਿਆ ਕਿ ਵੱਖ-ਵੱਖ ਥਾਣਿਆਂ/ਜੁਡੀਸ਼ੀਅਲ ਮਾਲਖਾਨਿਆਂ ਵਿੱਚ ਐਨ.ਡੀ.ਪੀ.ਐਸ ਐਕਟ ਤਹਿਤ 3137 ਮੁਕੱਦਮਿਆਂ ਦਾ ਮਾਲ ਤਲਫ਼ ਕਰਵਾਇਆ ਗਿਆ ਜਿਸ ਵਿੱਚ 901 ਕੁਇੰਟਲ 28 ਕਿਲੋ 200 ਗ੍ਰਾਮ ਭੁੱਕੀ ਚੂਰਾ ਪੋਸਤ, 6 ਕੁਇੰਟਲ 22 ਕਿਲੋ 405 ਗ੍ਰਾਮ ਅਫੀਮ, 442 ਗ੍ਰਾਮ ਹੈਰੋਇਨ, 479 ਗ੍ਰਾਮ ਸਮੈਕ, 13 ਕਿਲੋ ਚਰਸ, 6 ਕਿਲੋ 900 ਗ੍ਰਾਮ ਗਾਂਜਾ, 33 ਲੱਖ 28 ਹਜ਼ਾਰ 994 ਨਸ਼ੀਲੀਆਂ ਗੋਲੀਆਂ, 1 ਲੱਖ 29 ਹਜ਼ਾਰ 546 ਕੈਪਸੂਲ, 17961 ਨਸ਼ੀਲੀਆਂ ਸ਼ੀਸ਼ੀਆਂ, 2 ਲੱਖ 42 ਹਜ਼ਾਰ 731 ਨਸ਼ੀਲੇ ਟੀਕੇ, 368 ਲੀਟਰ 207 ਮਿਲੀਲੀਟਰ ਨਸ਼ੀਲਾ ਤਰਲ ਪਦਾਰਥ, 41 ਕਿਲੋ ਨਸ਼ੀਲਾ ਪਾਊਡਰ ਅਤੇ 5 ਕਿਲੋ 779 ਗ੍ਰਾਮ ਸੁਲਫ਼ਾ ਨਸ਼ਟ ਕਰਵਾਇਆ ਗਿਆ।
ਸ਼੍ਰੀ ਉਮਰਾਨੰਗਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਬੇਨਕਾਬ ਕਰਾਉਣ ਵਿੱਚ ਪੁਲਿਸ ਨੂੰ ਪੂਰਾ ਸਹਿਯੋਗ ਦੇਣ। ਪ੍ਰੈਸ ਕਾਨਫਰੰਸ ਦੌਰਾਨ ਡੀ.ਆਈ.ਜੀ ਪਟਿਆਲਾ ਰੇਂਜ ਸ. ਬਲਕਾਰ ਸਿੰਘ ਸਿੱਧੂ, ਐਸ.ਐਸ.ਪੀ ਸੰਗਰੂਰ ਸ. ਪ੍ਰਿਤਪਾਲ ਸਿੰਘ ਥਿੰਦ, ਐਸ.ਪੀ ਡੀ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ, ਡੀ.ਐਸ.ਪੀ ਸ਼੍ਰੀ ਰਾਜਵਿੰਦਰ ਸਿੰਘ ਰੰਧਾਵਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।

