ਦਿੱਲੀ ਚ ਹੋਈ 25 ਕਰੋੜ ਦੀ ਚੋਰੀ, ਛੱਤੀਸਗੜ੍ਹ ਤੋਂ 3 ਬਦਮਾਸ਼ ਗ੍ਰਿਫ਼ਤਾਰ
ਨਵੀਂ ਦਿੱਲੀ (ਮਧੂਸਾਰ ਬਿਊਰੋ)ਰਾਸ਼ਟਰੀ ਰਾਜਧਾਨੀ ਦੇ ਭੋਗਲ ਇਲਾਕੇ ‘ਚ ਗਹਿਣਿਆਂ ਦੀ ਇਕ ਦੁਕਾਨ ਤੋਂ 25 ਕਰੋੜ ਰੁਪਏ ਦੀ ਡਕੈਤੀ ਦੇ ਮਾਮਲੇ ‘ਚ ਛੱਤੀਸਗੜ੍ਹ ਦੇ ਬਿਲਾਸਪੁਰ ਤੋਂ 3 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹਿਰਾਸਤ ‘ਚ ਲਏ ਗਏ ਲੋਕਾਂ ਤੋਂ ਪੁੱਛ-ਗਿੱਛ ਜਾਰੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਅਨੁਸਾਰ, ਦਿੱਲੀ ‘ਚ ਡਕੈਤੀ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ ‘ਚ ਸ਼ਾਮਲ ਇਸ ਵਾਰਦਾਤ ‘ਚ ਘੱਟੋ-ਘੱਟ ਤਿੰਨ ਅਣਪਛਾਤੇ ਲੋਕ ਸ਼ਾਮਲ ਸਨ।
ਉਨ੍ਹਾਂ ਦੱਸਿਆ ਕਿ ਦੋਸ਼ੀ ਇਸ ਹਫ਼ਤੇ ਦੀ ਸ਼ੁਰੂਆਤ ‘ਚ ਦੁਕਾਨ ‘ਚ ਆਏ, ਸਟਰਾਂਗ ਰੂਮ ‘ਚ ਛੇਕ ਕੀਤਾ ਅਤੇ 20 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਗਹਿਣਿਆਂ ਦੇ ਨਾਲ-ਨਾਲ 5 ਲੱਖ ਰੁਪਏ ਨਕਦ ਲੈ ਕੇ ਫਰਾਰ ਹੋ ਗਏ। ਪੁਲਸ ਅਨੁਸਾਰ, ਦੱਖਣੀ ਦਿੱਲੀ ਦੇ ਭੋਗਲ ‘ਚ ਉਮਰਾਵ ਸਿੰਘ ਜਿਊਲਰਜ਼ ਨਾਂ ਦੀ ਦੁਕਾਨ ‘ਚ ਕਈ ਸੀ.ਸੀ.ਟੀ.ਵੀ. ਕੈਮਰੇ ਲੱਗੇ ਸਨ ਪਰ ਐਤਵਾਰ ਅੱਧੀ ਰਾਤ ਦੇ ਨੇੜੇ-ਤੇੜੇ ਉਨ੍ਹਾਂ ਨੂੰ ਤੋੜ ਦਿੱਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਦੁਕਾਨ ਦੇ ਮਾਲਕ ਨੇ ਐਤਵਾਰ ਰਾਤ ਕਰੀਬ 8 ਵਜੇ ਦੁਕਾਨ ਬੰਦ ਕੀਤੀ ਸੀ ਅਤੇ ਮੰਗਲਵਾਰ ਸਵੇਰੇ ਕਰੀਬ 10.30 ਵਜੇ ਮੁੜ ਦੁਕਾਨ ਖੋਲ੍ਹੀ ਤਾਂ ਉਸ ਨੂੰ ਘਟਨਾ ਦੀ ਜਾਣਕਾਰੀ ਹੋਈ। ਇਹ ਦੁਕਾਨ ਸੋਮਵਾਰ ਨੂੰ ਬੰਦ ਰਹਿੰਦੀ ਹੈ।

