ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਸ਼ਰਾਬ ਘਪਲੇ ਚ ਪੁੱਛ-ਗਿੱਛ ਮਗਰੋਂ ED ਦੀ ਵੱਡੀ ਕਾਰਵਾਈ, ਸੰਜੇ ਸਿੰਘ ਗ੍ਰਿਫ਼ਤਾਰ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਦਿੱਲੀ ਦੀ ਸ਼ਰਾਬ ਨੀਤੀ ਘਪਲੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਦਿੱਲੀ ਦੀ ਹੁਣ ਵਾਪਸ ਲਈ ਗਈ ਨਵੀਂ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਬਾਅਦ ਇਸ ਮਾਮਲੇ ‘ਚ ਇਹ ਦੂਜੀ ਹਾਈ-ਪ੍ਰੋਫਾਈਲ ਗ੍ਰਿਫਤਾਰੀ ਹੈ। ਇਹ ਗ੍ਰਿਫਤਾਰੀ ਇਸ ਮਾਮਲੇ ਦੇ ਸਿਲਸਿਲੇ ‘ਚ ‘ਆਪ’ ਦੇ ਰਾਜ ਸਭਾ ਸੰਸਦ ਮੈਂਬਰ ਦੇ ਘਰ ‘ਤੇ ਈਡੀ ਵੱਲੋਂ ਛਾਪੇਮਾਰੀ ਕਰਨ ਤੋਂ ਕੁਝ ਘੰਟੇ ਬਾਅਦ ਹੋਈ ਹੈ।

ਦੱਸ ਦੇਈਏ ਕਿ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਘਰ ਅੱਜ ਯਾਨੀ ਬੁੱਧਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਛਾਪੇਮਾਰੀ ਕੀਤੀ। ਈ.ਡੀ. ਨੇ ਇਹ ਛਾਪੇਮਾਰੀ ਦਿੱਲੀ ਦੀ ਵਿਵਾਦਿਤ ਸ਼ਰਾਬ ਨੀਤੀ ‘ਚ ਘਪਲੇ ਨੂੰ ਲੈ ਕੇ ਕੀਤੀ ਹੈ। ਇਸ ਤੋਂ ਪਹਿਲਾਂ ਸੰਜੇ ਸਿੰਘ ਦੇ ਕਰੀਬੀਆਂ ਦੇ ਇੱਥੇ ਵੀ ਛਾਪੇਮਾਰੀ ਕੀਤੀ ਗਈ ਸੀ। ਸ਼ਰਾਬ ਘਪਲੇ ਦੀ ਚਾਰਜਸ਼ੀਟ ‘ਚ ਵੀ ਸੰਜੇ ਸਿੰਘ ਦਾ ਨਾਮ ਹੈ। ਈ.ਡੀ. ਦੇ ਸੂਤਰਾਂ ਅਨੁਸਾਰ ‘ਆਪ’ ਆਗੂ ਦਾ ਨਾਂ ਈ. ਡੀ. ਦੀ ਚਾਰਜਸ਼ੀਟ ‘ਚ ਚਾਰ ਵਾਰ ਆਇਆ ਹੈ, ਜਿਨ੍ਹਾਂ ‘ਚੋਂ ਇਕ ਅਣਜਾਣੇ ‘ਚ ਟਾਈਪ ਕੀਤਾ ਗਿਆ ਸੀ। ਇਕ ਥਾਂ ‘ਤੇ ਰਾਹੁਲ ਸਿੰਘ ਦੀ ਥਾਂ ਸੰਜੇ ਸਿੰਘ ਦਾ ਨਾਂ ਦਰਜ ਕੀਤਾ ਗਿਆ, ਜੋ ਉਸ ਸਮੇਂ ਦੇ ਆਬਕਾਰੀ ਕਮਿਸ਼ਨਰ ਸਨ।
ਕੀ ਹੈ ਦਿੱਲੀ ਦਾ ਸ਼ਰਾਬ ਘਪਲਾ?
ਮਾਮਲਾ ਦਿੱਲੀ ਸਰਕਾਰ ਦੀ ਨਵੀਂ ਸ਼ਰਾਬ ਨੀਤੀ 2021-22 ਨਾਲ ਜੁੜਿਆ ਹੋਇਆ ਹੈ। ਦਿੱਲੀ ਸਰਕਾਰ ਨੇ 17 ਨਵੰਬਰ 2021 ਤੋਂ ਦਿੱਲੀ ਵਿੱਚ ਨਵੀਂ ਆਬਕਾਰੀ ਨੀਤੀ ਲਾਗੂ ਕੀਤੀ ਸੀ। ਨਵੀਂ ਸ਼ਰਾਬ ਨੀਤੀ ਤਹਿਤ ਸ਼ਰਾਬ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਨਿੱਜੀ ਹੱਥਾਂ ਵਿੱਚ ਸੌਂਪ ਦਿੱਤਾ ਗਿਆ ਅਤੇ ਦਿੱਲੀ ਸਰਕਾਰ ਇਸ ਤੋਂ ਪੂਰੀ ਤਰ੍ਹਾਂ ਬਾਹਰ ਆ ਗਈ। ਦਿੱਲੀ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਲਿਆ ਕੇ ਮਾਫੀਆ ਰਾਜ ਖਤਮ ਕਰਨ ਦੀ ਦਲੀਲ ਦਿੱਤੀ ਸੀ। ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਸਰਕਾਰ ਦਾ ਮਾਲੀਆ ਵਧੇਗਾ। ਨਵੀਂ ਆਬਕਾਰੀ ਨੀਤੀ ਜਦੋਂ ਦਿੱਲੀ ਵਿੱਚ ਲਾਗੂ ਹੋਈ ਤਾਂ ਨਤੀਜੇ ਸਰਕਾਰ ਦੇ ਦਾਅਵਿਆਂ ਦੇ ਬਿਲਕੁਲ ਉਲਟ ਆਏ। ਕਿੱਥੇ ਸਰਕਾਰ ਨੇ ਮਾਲੀਆ ਵਧਣ ਦਾ ਦਾਅਵਾ ਕੀਤਾ ਸੀ ਤੇ ਕਿੱਥੇ ਨੁਕਸਾਨ ਝੱਲਣਾ ਪਿਆ ਸੀ।

Leave a Reply

Your email address will not be published. Required fields are marked *