ਅੰਮ੍ਰਿਤਸਰਚੰਡੀਗੜ੍ਹਪੰਜਾਬ

ਗੁਰਦੁਆਰਾ ਚੋਣਾਂ ਦੇ ਵੋਟਰ ਫਾਰਮ ਸ਼੍ਰੋਮਣੀ ਕਮੇਟੀ ਡੂੰਘਾਈ ਨਾਲ ਵਾਚੇ: ਜੋਗਿੰਦਰ ਸਿੰਘ ਅਦਲੀਵਾਲ

ਚੋਣਾਂ ਸਬੰਧੀ ਸ਼ੁਰੂ ਹੋਈ ਸ਼ੁਰੂਆਤ ਚੰਗੀ

ਅੰਮ੍ਰਿਤਸਰ:-11 ਅਕਤੂਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਸੇਵਾਮੁਕਤ ਕਰਮਚਾਰੀਆਂ ਦੀ ਸੇਵਾਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਵੱਲੋ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੀਆਂ ਚੋਣਾਂ ਦਾ ਆਗਾਜ਼ ਹੋਣ ਦਾ ਸੁਆਗਤ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਨੇ ਪ੍ਰੈੱਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਬੇਸ਼ੱਕ ਇਹ ਚੋਣਾਂ ਬਹੁਤ ਪਹਿਲਾਂ ਹੋਣੀਆਂ ਚਾਹੀਦੀਆਂ ਸੀ ਪਰ ਦੇਰ ਆਇਦ ਦਰੁਸਤ ਆਇਦ ਅਨੁਸਾਰ ਇਸ ਨੂੰ ਹਾਂ ਪੱਖੀ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਜ਼ਐਕਟ-1925 ਅਨੁਸਾਰ ਇਹ ਚੋਣਾਂ ਹਰ ਪੰਜ ਸਾਲ ਬਾਅਦ ਕਰਵਾਉਣੀਆਂ ਸਰਕਾਰ ਦੀ ਸੰਵਿਧਾਨਕ ਜਿੰਮੇਵਾਰੀ ਹੈ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਗੁਰਦੁਆਰਾ ਚੋਣਾਂ ਨੂੰ ਪਾਰਲੀਮੈਂਟ, ਅਸੰਬਲੀਆਂ, ਕਾਰਪੋਰੇਸ਼ਨਾਂ ਅਤੇ ਪੰਚਾਇਤ ਦੀਆਂ ਚੋਣਾਂ ਦੀ ਤਰਾਂ ਜ਼ਰੂਰੀ ਨਹੀਂ ਸਮਝਿਆ ਜਾਂਦਾ। ਉਨ੍ਹਾਂ ਕਿਹਾ ਕਿ ਸ਼ਾਇਦ ਸਮੇਂ ਦੀਆਂ ਸਰਕਾਰਾਂ ਸ਼੍ਰੋਮਣੀ ਕਮੇਟੀ ਦਾ ਪਰਜਾਤੰਤਰਿਕ ਅਤੇ ਪ੍ਰਤੀਨਿੱਧਤਾ ਸਰੂਪ ਖਤਮ ਕਰਨ ਦੇ ਮੰਦ ਮਨੋਰਥ ਨਾਲ ਗੁਰਦੁਆਰਾ ਚੋਣਾਂ ਕਦੀ 14 ਸਾਲ, ਕਦੀ 17 ਸਾਲ ਤੇ ਹੁਣ 12 ਸਾਲ ਬਾਅਦ ਕਰਵਉਣ ਜਾ ਰਹੀ ਹੈ । ਏਥੋਂ ਤੱਕ ਕਿ ਸਿੱਖ ਨੂੰ ਇਹ ਚੋਣਾਂ ਕਰਵਾਉਣ ਲਈ ਅਦਾਲਤਾਂ ਦਾ ਦਰਵਾਜ਼ਾ ਵੀ ਖੜਕਾਉਣਾ ਪਿਆ ਹੈ।

ਸ. ਅਦਲੀਵਾਲ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ 21 ਅਕਤੂਬਰ ਤੋਂ ਬਣਨ ਵਾਲੀਆਂ ਵੋਟਰ ਸੂਚੀਆਂ ਵਿੱਚ ਨਾਮ ਦਰਜ ਕਰਵਾਉਣ ਲਈ ਸਮੁੱਚੀ ਸਿੱਖ ਕੌਮ ਨੂੰ ਹੁਣ ਤੋਂ ਹੀ ਕਮਰਕੱਸੇ ਕਰ ਲੈਣੇ ਚਾਹੀਦੇ ਹਨ ਤੇ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਲੋੜੀਂਦੀ ਪ੍ਰਕਿਰਿਆ ਪੂਰੀ ਕਰਕੇ ਵੱਡੀ ਗਿਣਤੀ ਵਿੱਚ ਵੋਟਰ ਬਣ ਕੇ ਇਸ ਮਹਾਨ ਸੰਸਥਾ ਦੇ ਪਰਜਾਤੰਤਰਿਕ ਅਤੇ ਪ੍ਰਤੀਨਿਧ ਸਰੂਪ ਤੇ ਮੋਹਰ ਲਾਉਣੀ ਚਾਹੀਦੀ ਹੈ। ਉਨ੍ਹਾਂ ਨੇ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਕਿ ਹਰਿਆਣਾ ਵਿੱਚ ਬਣ ਰਹੀਆਂ ਵੋਟਾਂ ਅਤੇ ਪੰਜਾਬ ਵਿੱਚ ਬਣ ਰਹੀਆਂ ਵੋਟਾਂ ਦੇ ਵੋਟਰ ਫਾਰਮ ਸਾਹਮਣੇ ਰੱਖ ਕੇ ਵੇਖਣ ਤੇ ਜੋ ਅੰਤਰ ਨਜ਼ਰ ਆਵੇ ਉਸ ਸੰਬੰਧੀ ਮਾਹਰਾਂ ਨਾਲ ਰਾਏ ਕਰਕੇ ਸਹੀ ਫੈਸਲਾ ਲੈਣਾ ਚਾਹੀਦਾ ਹੈ। ਸ. ਅਦਲੀਵਾਲ ਨੇ ਹੋਰ ਕਿਹਾ ਹੈ ਕਿ ਹਰਿਆਣਾ ਵਿੱਚ ਵੋਟਰ ਫਾਰਮ ਤੇ ਫੋਟੋ ਅਤੇ ਨਾਲ ਆਧਾਰ ਕਾਰਡ ਦੀ ਕਾਪੀ ਲੱਗ ਰਹੀ ਹੈ, ਪੰਜਾਬ ਵਿੱਚ ਵੀ ਏਵੇਂ ਹੀ ਯਕੀਨੀ ਬਣਾਉਣਾ। ਵੋਟਰ ਫਾਰਮ ਤੇ ਜਿੱਥੇ ਕੇਸ਼ਾਧਾਰੀ ਵੋਟਰ ਫਾਰਮ ਛੱਪ ਰਿਹਾ ਹੈ ਉਸਦੀ ਥਾਂ ਤੇ ਸਾਬਤ ਸੂਰਤ ਸ਼ਬਦ ਦੀ ਵਰਤੋਂ ਲਾਜ਼ਮੀ ਹੋਵੇ। ਸ. ਅਦਲੀਵਾਲ ਨੇ ਹੋਰ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਰਵਉਚ ਧਾਰਮਿਕ ਪ੍ਰਤੀਨਿੱਧ ਸੰਸਥਾ ਹੈ ਅਤੇ ਸਮੁੱਚੇ ਸੰਸਾਰ ਵਿੱਚ ਸਿੱਖ ਕੌਮ ਕੋਲ ਹੀ ਆਪਣੇ ਪਵਿੱਤਰ ਗੁਰਧਾਮਾਂ ਦੇ ਪ੍ਰਬੰਧਕ ਚੁਣਨ ਦਾ ਅਧਿਕਾਰ ਹੈ ਜੋ ਉਨ੍ਹਾਂ ਦੇ ਪੁਰਖਿਆਂ ਨੇ ਆਪਣਾ ਖੂਨ ਡੋਲ੍ਹ ਕੇ ਅੰਗਰੇਜ ਹਕੂਮਤ ਪਾਸੋਂ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਵੋਟਰ ਬਣਨ ਵਿੱਚ ਕਿਸੇ ਕਿਸਮ ਦੀ ਉਦਾਸੀਨਤਾ ਨਾ ਦਿਖਾਈ ਜਾਵੇ ਸਗੋਂ ਵੱਧ ਤੋਂ ਵੱਧ ਵੋਟਰ ਬਣਾਏ ਜਾਣ।

Leave a Reply

Your email address will not be published. Required fields are marked *