ਵਰਲਡ ਯੂਨੀਵਰਸਿਟੀ ਦੇ ਸੀ.ਐੱਸ.ਆਰ.ਆਈ. ਨੇ ਸਫਲ ਇਨੋਵੇਟਰ ਦੁਆਰਾ ਪ੍ਰੇਰਣਾਤਮਕ ਸੈਸ਼ਨ ਦਾ ਕੀਤਾ ਆਯੋਜਨ
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (CSRI-SGGSWU) ਦੇ ਸੈਂਟਰ ਫਾਰ ਸਾਇੰਟਿਫਿਕ ਰਿਸਰਚ ਐਂਡ ਇਨੋਵੇਸ਼ਨ ਸੈੱਲ ਨੇ ਸਫਲ ਇਨੋਵੇਟਰ ਡਾ: ਬਲਵਿੰਦਰ ਸਿੰਘ ਸੂਚ, ਪ੍ਰੋਫ਼ੈਸਰ ਅਤੇ ਮੁਖੀ ਬਾਇਓਟੈਕਨਾਲੋਜੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਇੱਕ ਦਿਨਾ ਪ੍ਰੇਰਣਾਤਮਕ ਸੈਸ਼ਨ ਦਾ ਆਯੋਜਨ ਕੀਤਾ। ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ, ਡਾ: ਰੁਪਿੰਦਰ ਕੌਰ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਬੁਲਾਰੇ ਦੀ ਜਾਣ ਪਛਾਣ ਕਰਵਾਈ। ਡਾ: ਬਲਵਿੰਦਰ ਸਿੰਘ ਸੂਚ ਨੇ ਨੌਜਵਾਨ ਅਤੇ ਗਤੀਸ਼ੀਲ ਫੈਕਲਟੀ ਮੈਂਬਰਾਂ ਦੇ ਨਾਲ-ਨਾਲ ਖੋਜ ਵਿਦਿਆਰਥੀਆਂ ਨਾਲ ਆਪਣੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਆਈ.ਪੀ.ਆਰ. ਬਾਰੇ ਜਾਗਰੂਕਤਾ ਮੁਹਿੰਮਾਂ ਨਾਲ ਭਾਰਤ ਪੇਟੈਂਟ ਅਵਾਰਡਾਂ ਵਿੱਚ ਵਿਦੇਸ਼ਾਂ ਦੇ ਬਰਾਬਰ ਹੈ ਅਤੇ ਵੱਖ-ਵੱਖ ਰਾਜਾਂ ਵਿੱਚੋਂ ਪੰਜਾਬ ਪੇਟੈਂਟ ਅਵਾਰਡਾਂ ਵਿੱਚ 5ਵੇਂ ਸਥਾਨ ‘ਤੇ ਹੈ।
ਉਸਨੇ ਵੱਖ-ਵੱਖ ਆਈ.ਪੀ.ਆਰ ਸ਼ਾਖਾਵਾਂ ਵਿੱਚ ਖਾਸ ਤੌਰ ‘ਤੇ ਵਿਦਿਆਰਥਣਾਂ ਲਈ ਨੌਕਰੀ ਦੇ ਵੱਖ-ਵੱਖ ਮੌਕਿਆਂ ਬਾਰੇ ਵੀ ਚਰਚਾ ਕੀਤੀ। ਸੈਸ਼ਨ ਦੌਰਾਨ ਵੱਖ-ਵੱਖ ਸਟਰੀਮ ਦੇ ਲਗਭਗ 35 ਫੈਕਲਟੀ ਮੈਂਬਰਾਂ ਅਤੇ 75 ਖੋਜ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ: ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਅਜਿਹੇ ਮੀਲ ਪੱਥਰਾਂ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ, ਧੀਰਜ ਅਤੇ ਮਾਹਿਰ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ । ਪ੍ਰੋ. ਤੇਜਬੀਰ ਸਿੰਘ, ਚੇਅਰਮੈਨ, ਸੀ.ਐੱਸ.ਆਰ.ਆਈ. ਨੇ ਸਾਰੇ ਪਤਵੰਤਿਆਂ ਅਤੇ ਡਾ. ਸੂਚ ਦਾ ਆਪਣਾ ਕੀਮਤੀ ਸਮਾਂ ਕੱਢਣ ਅਤੇ ਸਰੋਤਿਆਂ ਨੂੰ ਸਖ਼ਤ ਮਿਹਨਤ ਲਈ ਪ੍ਰੇਰਿਤ ਕਰਨ ਲਈ ਧੰਨਵਾਦ ਪ੍ਰਗਟ ਕੀਤਾ। ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਸਮਾਗਮ ਦੇ ਸਫਲ ਆਯੋਜਨ ਲਈ ਸੀ.ਐੱਸ.ਆਰ.ਆਈ. ਟੀਮ ਨੂੰ ਵਧਾਈ ਦਿੱਤੀ।

