ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੇਡਵਾਲ ਦਾ ਇਕ ਰੋਜਾ ਵਿਦਿਅਕ ਟੂਰ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਵਿਖੇ ਗਿਆ
ਪਟਿਆਲਾ 3 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੇਡਵਾਲ ਦਾ ਇਕ ਰੋਜਾ ਵਿਦਿਅਕ ਟੂਰ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਦੀਪ ਕੌਰ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ, ਚੰਡੀਗੜ੍ਹ ਵਿਖੇ ਗਿਆ ਜਿਸ ਵਿੱਚ ਸਕੂਲ ਦੇ 70 ਵਿਦਿਆਰਥੀ ਅਤੇ 5 ਅਧਿਆਪਕ ਸ਼ਾਮਿਲ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਲੈਕਚਰਾਰ ਸਰਦਾਰ ਤਰਨਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆ ਨੂੰ ਪੰਜਾਬ ਵਿਧਾਨ ਸਭਾ ਵਿਖਾਈ ਗਈ ਜਿਸ ਵਿੱਚ ਵਿਧਾਨ ਸਭਾ ਦਾ ਉਹ ਹਾਊਸ ਵੀ ਵਿਖਾਇਆ ਜਿਥੇ ਸੈਸ਼ਨ ਹੁੰਦਾ ਹੈ, ਵਿਧਾਨ ਸਭਾ ਦੀ ਲਾਇਬਰੇਰੀ, ਕਮੇਟੀ ਰੂਮ ਜਿਸ ਥਾਂ ਤੇ ਵਿਧਾਨ ਸਭਾ ਦੀਆਂ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ।
ਵਿਧਾਨ ਸਭਾ ਦੇ ਗਾਈਡ ਨੇ ਵਿਦਿਆਰਥੀਆਂ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਹੈ, ਸਪਿਕਰ ਸਾਹਿਬ ਕਿਸ ਕੁਰਸੀ ਤੇ ਬੈਠਦੇ ਹਨ, ਮੁੱਖ ਮੰਤਰੀ ਸਾਹਿਬ ਅਤੇ ਉਹਨਾਂ ਦੀ ਕੈਬਨਿਟ ਮੰਤਰੀ ਪਹਿਲਿਆਂ ਕੁਰਸੀਆਂ ਤੇ ਬੈਠਦੇ ਹਨ, ਉਹਨਾਂ ਦੇ ਸਾਹਮਣੇ ਵਾਲੀਆਂ ਕੁਰਸੀਆਂ ਤੇ ਵਿਰੋਧੀ ਧਿਰ ਦੇ ਨੇਤਾ ਅਤੇ ਉਹਨਾਂ ਦੀ ਪਾਰਟੀ ਦੇ ਮੈਂਬਰ ਬੈਠਦੇ ਹਨ ਜਿਹੜੇ ਕਿ ਵਿਧਾਨ ਸਭਾ ਦੇ ਮੈਂਬਰ ਹੁੰਦੇ ਹਨ। ਵਿਧਾਨ ਸਭਾ ਵੇਖਣ ਤੋਂ ਬਾਅਦ ਵਿਦਿਆਰਥੀਆਂ ਨੂੰ ਰੌਕ ਗਾਰਡਨ, ਸੁਖਨਾ ਝੀਲ ਅਤੇ ਅੰਤ ਵਿੱਚ ਇਲਾਂਟੇ ਮਾਲ ਵੀ ਵਿਖਾਇਆ ਗਿਆ। ਇਹ ਟੂਰ ਵਿਦਿਆਰਥੀਆ ਦੀ ਜਾਣਕਾਰੀ ਵਿਚ ਵਾਧਾ ਕਰਨ ਲਈ ਬਹੁਤ ਸਹਾਈ ਸਿੱਧ ਹੋਇਆ ਜਿਸਦਾ ਵਿੱਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ। ਇਸ ਵਿਦਿਅਕ ਟੂਰ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੁਰਦੀਪ ਕੌਰ ਪੰਜਾਬੀ ਅਧਿਆਪਕ ਸ੍ਰੀ ਸੁਰੇਸ਼ ਜੋਸ਼ੀ, ਸ੍ਰੀਮਤੀ ਖੁਸ਼ਬੀਰ ਕੌਰ, ਸਰਦਾਰ ਤਰਨਜੀਤ ਸਿੰਘ ਸਿੱਧੂ ਇੰਗਲਿਸ਼ ਲੈਕਚਰਾਰ ਸ਼ਾਮਿਲ ਸਨ।

