ਭਾਰਤ’ ਨੂੰ ਰੋਗ ਮੁਕਤ ਕਰੇਗਾ ‘ਯੋਗਾ’ : ਨਰਿੰਦਰ ਮੋਦੀ
ਭਾਰਤ ਸਰਕਾਰ ਵੱਲੋਂ ਅਗਲੇ ਸਾਲ ਦਿੱਤੇ ਜਾਣਗੇ ਕੌਮਾਂਤਰੀ ਯੋਗ ਐਵਾਰਡ ਅਤੇ ਰਾਸ਼ਟਰੀ ਯੋਗ ਐਵਾਰਡ
ਚੰਡੀਗੜ੍ਹ ਤੋਂ ਕੰਵਰ ਬੇਦੀ ਅਤੇ ਹਰਵਿੰਦਰ ਸਿੰਘ ਕੁੱਕੂ ਦੀ ਰਿਪੋਰਟ : ਚੰਡੀਗੜ੍ਹ ਦੇ ਨਹਿਰੂ ਸਟੇਡੀਅਮ ਵਿਚ ਯੂਨਾਈਟਿਡ ਨੇਸ਼ਨ ਦੇ ਸੱਦੇ ‘ਤੇ ਦੇਸ਼ ‘ਚ ਕੌਮਾਂਤਰੀ ਪੱਧਰ ‘ਤੇ ਮਨਾਏ ਜਾ ਰਹੇ ਯੋਗ-ਦਿਵਸ ‘ਚ ਹਿੱਸਾ ਲੈਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੌਮਾਂਤਰੀ ਪੱਧਰ ‘ਤੇ ਯੂਨਾਈਟਿਡ ਨੇਸ਼ਨ ਵੱਲੋਂ ਭਾਵੇਂ ਵਰਲੱਡ ਕੈਂਸਰ-ਡੇ, ਵਰਲਡ-ਹੈਲਥ, ਵਰਲੱਡ ਮੈਂਟਲ-ਡੇਅ, ਵਰਲੱਡ ਏਜ਼-ਡੇ ਤੋਂ ਇਲਾਵਾ ਕਈ ਦਿਵਸ ਮਨਾਏ ਜਾਂਦੇ ਹਨ, ਪ੍ਰੰਤੂ ਦੇਸ਼ ਦੇ ਕੋਨੇ-ਕੋਨੇ ‘ਚ ਮਨਾਏ ਜਾ ਰਹੇ ਯੋਗਾ-ਡੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੌਮਾਂਤਰੀ ਯੋਗਾ ਦਿਵਸ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ।
ਪ੍ਰਧਾਨ ਮੰਤਰੀ ਨੇ 30,000 ਹਜ਼ਾਰ ਦੇ ਕਰੀਬ ਯੋਗਾ ਦਿਵਸ ਮਨਾਉਣ ਪੁੱਜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਯੋਗਾ ਸਾਨੂੰ ਵਿਰਾਸਤ ‘ਚ ਮਿਲਿਆ ਹੈ, ਜੇ ਦੇਸ਼ ਦਾ ਹਰ ਨਾਗਰਿਕ ਯੋਗ ਨੂੰ ਅਪਣਾ ਲਵੇ ਤਾਂ ਸਰੀਰਕ, ਬੁੱਧੀ, ਮਨ ਅਤੇ ਆਤਮਾ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਮਨ ਦੀ ਸਥਿਰਤਾ ਨੂੰ ਕਾਇਮ ਰੱਖਣ ਲਈ ਸਾਨੂੰ ਯੋਗ ਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਮਨ ਦੇ ਅਸਥਿਰ ਰਹਿਣ ਨਾਲ ਅਸੀਂ ਇਧਰ-ਉਧਰ ਭਟਕਦੇ ਫਿਰਦੇ ਹਾਂ, ਪ੍ਰੰਤੂ ਮਨ ਨੂੰ ਸਥਿਰ ਅਤੇ ਸਰੀਰ ਨੂੰ ਗਤੀਵਾਨ ਬਣਾਉਣ ਦੇ ਨਾਲ-ਨਾਲ ਸੰਕਲਪਾਂ ਦੀ ਪੂਰਤੀ ਲਈ ਯੋਗ ਉਤਮ ਮਾਰਗ ਹੈ। ਪ੍ਰਧਾਨ ਮੰਤਰੀ ਯੋਗ ਆਸਣ ਕਰਨ ਆਏ ਲੋਕਾਂ ਨਾਲ ਰੂਬਰੂ ਹੋਏ ਜਿਨਾਂ ‘ਚ ਵਿਦਿਆਰਥੀ, ਸਾਬਕਾ ਸੈਨਿਕ, ਅੰਗਹੀਣ ਨਾਲ ਉਨ੍ਹਾਂ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਖ਼ੁਦ ਵੀ ਵੱਖ-ਵੱਖ ਕਿਰਿਆਵਾਂ ‘ਚ ਯੋਗ ਆਸਣ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ‘ਰੋਗ ਮੁਕਤ’ ਕਰਨ ਲਈ ਜ਼ਿੰਦਗੀ ‘ਚ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਅੱਜ ਹਰ ਵਿਅਕਤੀ ਮੋਬਾਇਲ ਦੀ ਵਰਤੋਂ ਕਰ ਰਿਹਾ ਹੈ, ਪ੍ਰੰਤੂ ਯੋਗ ਨੂੰ ਧਾਰਨ ਕਰ ਲੈਣ ਨਾਲ ਔਖੇ ਤੋਂ ਔਖਾ ਕਾਰਜ ਵੀ ਅਸਾਨੀ ਨਾਲ ਸਫਲਤਾ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਯੋਗ ਸਾਰਿਆਂ ਲਈ ਸਰੀਰਕ, ਅਧਿਆਤਮਕ ਅਤੇ ਸਮਾਜਕ ਚੇਤਨਾ ਦਾ ਕੇਂਦਰ ਬਿੰਦੂ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ‘ਚ ਯੋਗ ਵੱਡਾ ਆਰਥਿਕ ਕਾਰੋਬਾਰ ਵੀ ਬਣਦਾ ਜਾ ਰਿਹਾ ਹੈ, ਜੋ ਪੂਰੇ ਵਿਸ਼ਵ ‘ਚ ਬਹੁਤ ਵੱਡੇ ਕਾਰੋਬਾਰ ਦੇ ਰੂਪ ਵਿਚ ਵਿਕਸਿਤ ਹੋ ਰਿਹਾ ਹੈ। ਯੋਗ ਆਸਣ ਦੀ ਟ੍ਰੇਨਿੰਗ ਦੇਣ ਵਾਲਿਆਂ ਦੀ ਮੰਗ ਵੀ ਵਧੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਅਗਲੇ ਸਾਲ ਸਾਨੂੰ ਯੋਗ ਵਿਸ਼ਵ ਪੱਧਰ ‘ਤੇ ਮਨਾਉਣ ਲਈ ਸਾਨੂੰ ਸਾਰਿਆਂ ਨੂੰ ਯੋਗ ਧਾਰਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਦੋ ਐਵਾਰਡ ਘੋਸ਼ਿਤ ਕੀਤੇ ਜਾ ਰਹੇ ਹਨ, ਜਿਨਾਂ ਨੂੰ ਅਗਲੇ ਸਾਲ 21 ਜੂਨ ਨੂੰ ਦੇਸ਼ ਦੇ ਲੋਕਾਂ ‘ਚ ਹਾਜ਼ਰੀ ‘ਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੌਮਾਂਤਰੀ ਯੋਗ ਐਵਾਰਡ ਅਤੇ ਰਾਸ਼ਟਰੀ ਯੋਗ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ।

