ਪਟਿਆਲਾ

ਗਰੀਬ ਲੋਕਾਂ ਨੂੰ ਸਸਤੇ ਘਰ ਮਿਲਣ ਤੱਕ ਲੜਾਈ ਜਾਰੀ ਰਹੇਗੀ : ਡਾ: ਗਾਂਧੀ

ਪਟਿਆਲਾ (ਮਧੂਸਾਰ ਬਿਊਰੋ)
ਪਿਛਲੇ ਦਿਨੀਂ ਦੀ ਟ੍ਰਿਬਿਉੂਨ ਅਤੇ ਪੰਜਾਬੀ ਟ੍ਰਿਬਿਊਨ ਵਿੱਚ ਛਪੀਆਂ ਖਬਰਾਂ ਅਨੁਸਾਰ ਪੰਜਾਬ ਸਰਕਾਰ ਨਵੀਂ ਈ.ਡਬਲਯੂ.ਐਸ.ਪਾਲਿਸੀ ਤਹਿਤ ਸੈਂਕੜੇ ਏਕੜ ਗਰੀਬ ਲੋਕਾਂ ਦੇ ਹਿੱਸੇ ਦੀ ਜਮੀਨ ਖੁੱਲ੍ਹੀ ਨਿਲਾਮੀ ਰਾਹੀਂ ਆਪਣੇ ਚਹੇਤਿਆਂ ਨੂੰ ਦੇਣ ਲਈ ਤਰਲੋਮੱਛੀ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਇਸ ਸਕੀਮ ਨੂੰ ਆਧਾਰ ਬਣਾ ਕੇ ਪੰਜਾਬ ਸਰਕਾਰ ਲੱਖਾਂ ਹੀ ਲੋਕਾਂ ਦੇ ਹੱਕਾਂ ਅਤੇ ਭਾਵਨਾਵਾਂ ਨਾਲ ਖੇਡ ਰਹੀ ਹੈ। ਗਰੀਬਾਂ ਨੂੰ ਸਸਤੇ ਮਕਾਨ ਦੇ ਸੁਪਨੇ ਵਿਖਾ ਕੇ ਵੋਟਾਂ ਬਟੋਰਨ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਅੰਦਰ ਖਾਤੇ ਆਪਣੇ ਚਹੇਤੇ ਬਿਲਡਰਾਂ ਨੂੰ ਲਾਭ ਪਹੁੰਚਹਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਇਹ ਵਿਚਾਰ ਅੱਜ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਉਹ ਕਈ ਸਾਲਾਂ ਤੋਂ ਮੋਹਾਲੀ ਦੇ ਇੱਕ ਸਮਰਪਿਤ ਆਰ.ਟੀ.ਆਈ ਕਾਰਕੁੰਨ ਸ੍ਰ ਸਤਨਾਮ ਦਾਊਂ ਦੇ ਨਾਲ ਮਿਲਕੇ ਸਰਕਾਰੀ ਧੋਖੇ ਤੇ ਵਾਅਦਾ ਖਿਲਾਫੀ ਦੇ ਵਿਰੁੱਧ ਆਵਾਜ ਉਠਾ ਰਹੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਲਗਾਤਾਰ ਵੱਖ-ਵੱਖ ਸਮੇਂ ਕੀਤੇ ਖੁਲਾਸਿਆਂ ਕਾਰਨ ਸਰਕਾਰ ਨੇ ਮਜਬੂਰ ਹੋਕੇ ਪਿਛਲੇ ਮਹੀਨੇ, ਸਿਰਫ 5 ਤੋਂ 7 ਲੱਖ ਰੁਪਏ ਵਿੱਚ ਸਸਤੇ ਘਰ ਦੇਣ ਲਈ ਇਸ਼ਤਿਹਾਰ ਦਿੱਤੇ ਸਨ। ਇਸ ਸਬੰਧੀ ਲੱਖਾਂ ਲੋੜਵੰਦ ਲੋਕਾਂ ਨੇ ਅਰਜੀਆਂ ਵੀ ਦਿੱਤੀਆਂ। ਪਰ ਸਰਕਾਰ ਦੀ ਬਦਨੀਤੀ ਇੱਥੋਂ ਨਜਰ ਆਉਂਦੀ ਹੈ ਕਿ ਲੱਖਾਂ ਲੋਕਾਂ ਵੱਲੋਂ ਦਿੱਤੀਆਂ ਅਰਜੀਆਂ ਦਾ ਕੋਈ ਵੀ ਡਾਇਰੀ ਨੰਬਰ ਨਹੀਂ ਦਿੱਤਾ ਗਿਆ, ਜਿਸ ਕਾਰਨ ਲੋਕ ਇਹ ਕਲੇਮ ਹੀ ਨਹੀਂ ਕਰ ਸਕਣਗੇ ਕਿ ਉਨ੍ਹਾਂ ਨੇ ਇਸ ਸਕੀਮ ਵਿੱਚ ਅਪਲਾਈ ਕੀਤਾ ਹੈ ਅਤੇ ਇਸ ਤਰਾਂ ਸਰਕਾਰ ਸਿਰਫ ਆਪਣੇ ਚਹੇਤਿਆਂ ਨੂੰ ਸਿੱਧੇ ਤੌਰ ਤੇ ਲਾਭ ਪਹੁੰਚਾ ਸਕਦੀ ਹੈ। ਇਹ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਗੱਲ ਹੈ।
ਉਹਨਾਂ ਕਿਹਾ ਕਿ ਤਾਜਾ ਪ੍ਰਾਪਤ ਹੋਈਆਂ ਖਬਰਾਂ ਮੁਤਾਬਿਕ, ਸਰਕਾਰ ਹੁਣ ਇਸਤੋਂ ਵੀ ਭੱਜ ਰਹੀ ਹੈ ਅਤੇ ਅਲੱਗ-ਅਲੱਗ ਥਾਵਾਂ ਵਿੱਚ ਹਾਉਸਿੰਗ ਵਿਭਾਗ ਵੱਲੋਂ ਮਾਨਤਾ ਦਿੱਤੇ ਗਏ ਕੁੱਲ ਮੈਗਾ ਪ੍ਰਾਜੈਕਟਾਂ ਵਿੱਚੋਂ ਪੰਜਾਬ ਵਿੱਚ ਮੋਹਾਲੀ (219 ਏਕੜ), ਅੰਮ੍ਰਿਤਸਰ (14 ਏਕੜ), ਲੁਧਿਆਣਾ (48 ਏਕੜ), ਬਠਿੰਡਾ (9 ਏਕੜ), ਤੇ ਪਟਿਆਲਾ (11 ਏਕੜ) ਸ਼ਾਮਲ ਹਨ, ਜਮੀਨ ਖੁੱਲੀ ਨੀਲਾਮੀ ਰਾਹੀਂ ਬਿਲਡਰਾਂ ਨੂੰ ਵੇਚਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਦਾ ਮਤਲਬ ਇਹ ਹੈ ਕਿ ਸਰਕਾਰ ਇਸ ਗਰੀਬ-ਹਿੱਤੂ ਸਕੀਮ ਤੋਂ ਖਹਿੜਾ ਛੁਡਾਉਣ ਦੀ ਤਿਆਰੀ ਕਰ ਰਹੀ ਹੈ। ਡਾ: ਗਾਂਧੀ ਨੇ ਸਰਕਾਰ ਨੂੰ ਆਪਣਾ ਵਾਅਦਾ ਪੂਰਾ ਕਰਨ ਅਤੇ ਗਰੀਬ ਲੋਕਾਂ ਨਾਲ ਧੋਖਾ ਬੰਦ ਕਰਨ ਦੀ ਅਪੀਲ ਕੀਤੀ।

Leave a Reply

Your email address will not be published. Required fields are marked *