ਨਿਗਮ ਜਨਰਲ ਹਾਊਸ : ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਲਿਜਾਣ ‘ਤੇ ਲੱਗੀ ਮੋਹਰ
ਪਟਿਆਲਾ ਸ਼ਹਿਰ ਵਿਕਾਸ ਪੱਖੋਂ ਮੋਹਰੀ ਜ਼ਿਲ੍ਹੇ ਵਜੋਂ ਉਭਰਿਆ : ਮੇਅਰ ਅਮਰਿੰਦਰ ਬਜਾਜ
ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਅਕਾਲੀ-ਕਾਂਗਰਸੀ ਕੌਂਸਲਰ ਹੋਏ ਆਹਮੋ-ਸਾਹਮਣੇ
ਗੈਰ-ਲੋਕਤੰਤਰ ਢੰਗ ਨਾਲ ਮਤੇ ਕੀਤੇ ਗਏ ਪਾਸ : ਸੰਜੀਵ ਬਿੱਟੂ
ਪਟਿਆਲਾ : ਕੰਵਰ ਬੇਦੀ/ਹਰਵਿੰਦਰ ਸਿੰਘ ਕੁੱਕੂ
ਨਗਰ ਨਿਗਮ ਪਟਿਆਲਾ ਵੱਲੋਂ ਅੱਜ ਸੱਦੇ ਜਨਰਲ ਹਾਊਸ ‘ਚ ਕੌਂਸਲਰਾਂ ਦੀ ਹਾਜ਼ਰੀ ‘ਚ ਪੇਸ਼ ਕੀਤੇ ਗਏ ਵੱਖ-ਵੱਖ ਮੱਤਿਆਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਜਨਰਲ ਹਾਊਸ ‘ਚ ਮੇਅਰ ਅਮਰਿੰਦਰ ਬਜਾਜ ਨੇ ਸ਼ਹਿਰ ਵਿਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਭੇਜੀ ਗਈ ਗ੍ਰਾਂਟ ਨਾਲ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਖਰਚ ਕੀਤਾ ਜਾ ਰਿਹਾ, ਜਿਸ ਨਾਲ ਵਿਰਾਸਤੀ ਸ਼ਹਿਰ ਪਟਿਆਲਾ ਪੰਜਾਬ ਦੇ ਸਾਰਿਆਂ ਜ਼ਿਲ੍ਹਿਆਂ ‘ਚੋਂ ਨੰਬਰ ਇਕ ਦਾ ਸ਼ਹਿਰ ਬਣ ਕੇ ਉਭਰਿਆ ਹੈ।
ਮੇਅਰ ਨੇ ਦੱਸਿਆ ਕਿ ਸ਼ਹਿਰ ‘ਚ ਡੇਅਰੀਆਂ ਕਾਰਨ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਵੱਡੀ ਮੁਸ਼ਕਲ ਨੂੰ ਵੇਖਦਿਆਂ ਹੋਇਆ ਡੇਅਰੀ ਫਾਰਮ ਡਿਵੈਲਪਮੈਂਟ ਸਕੀਮ ਅਬੋਲਵਾਲ ਵਿਖੇ ਸ਼ਿਫਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਵਿਚ ਸਰਵੇ ਕਰਨ ਉਪਰੰਤ ਪਾਇਆ ਗਿਆ ਕਿ ਸ਼ਹਿਰ ਵਿਚ ਅੰਦਰ ਤਕਰੀਬਨ 120 ਡੇਅਰੀਆਂ ਚੱਲ ਰਹੀਆਂ ਹਨ, ਜਿਨਾਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਪਟਿਆਲਾ ਨੂੰ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਵੇਖਦਿਆਂ ‘ਚ ਸਫਾਈ ਵਿਵਸਥਾ ‘ਚ ਕਾਫੀ ਮੁਸ਼ਕਲ ਆ ਰਹੀ ਹੈ ਕਿਉਂਕਿ ਸ਼ਹਿਰ ਵਿਚ ਲੋਂਦੇ ਨਾਲੇ ਵਿਚ ਗੋਹੇ ਦੀਆਂ ਵਸਤੂਆਂ ਡਿੱਗਣ ਕਾਰਨ ਨਾਲਾ ਬਲਾਕ ਹੋ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ 2005 ਡੇਅਰੀਆਂ ਨੂੰ ਸ਼ਿਫਟ ਕਰਨ ਵਾਸਤੇ ਨਗਰ ਨਿਗਮ ਪਟਿਆਲਾ ਵੱਲੋਂ ਤਜਵੀਜ਼ ਤਿਆਰ ਕੀਤੀ ਗਈ ਸੀ, ਜਿਸ ਤਹਿਤ ਕੇਵਲ ਪਲਾਟਿੰਗ ਹੀ ਕੀਤੀ ਗਈ ਅਤੇ ਜੋ ਫੋਰੈਸਟ ਲੈਂਡ ਸੀ ਨੂੰ ਵੇਚਿਆ ਨਹੀਂ ਸੀ ਜਾ ਸਕਦਾ, ਜਿਸ ਕਾਰਨ ਇਹ ਪ੍ਰੋਜੈਕਟ ਅਧੂਰਾ ਪਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਸਾਲ 2015 ਵਿਚ ਫੋਰੈਸਟ ਵਿਭਾਗ ਵੱਲੋਂ ਜਗ੍ਹਾਂ ਨੂੰ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਸ ਮੌਕੇ ਕੌਂਸਲਰ ਰਛਪਾਲ ਸਿੰਘ ਨੇ ਡੇਅਰੀ ਫਾਰਮ ਅਬਲੋਵਾਲ ਸ਼ਿਫਟ ਕੀਤੇ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਡੇਅਰੀ ਫਾਰਮ ਦੂਰ ਸ਼ਿਫਟ ਕੀਤੇ ਜਾਣ ਨਾਲ ਸਾਡਾ ਸਾਰਾ ਕਾਰੋਬਾਰ ਠੱਪ ਹੋ ਜਾਵੇਗਾ। ਦੱਸਣਯੋਗ ਹੈ ਕਿ ਕੌਂਸਲਰ ਹਾਕਮ ਧਿਰ ਦੇ ਹਨ, ਜਿਨਾਂ ਵੱਲੋਂ ਕਈ ਸਾਲਾਂ ਤੋਂ ਆਪਣੇ ਰਿਹਾਇਸ਼ੀ ਮਕਾਨ ਵਿਚ ਡੇਅਰੀ ਚਲਾ ਰਹੀ ਹੈ, ਜਿਸ ਦਾ ਇਲਾਕਾ ਨਿਵਾਸੀਆਂ ਨੇ ਕਈ ਵਾਰ ਵਿਰੋਧ ਕੀਤਾ, ਪ੍ਰੰਤੂ ਹਾਕਮ ਧਿਰ ਦਾ ਕੌਂਸਲਰ ਹੋਣ ਕਾਰਨ ਰਛਪਾਲ ਸਿੰਘ ਆਪਣੀ ਡੇਅਰੀ ਸ਼ਹਿਰ ਵਿਚੋਂ ਬਾਹਰ ਕੱਢਣ ਨੂੰ ਤਿਆਰ ਨਹੀਂ ਹਨ।
ਹਾਲਾਂਕਿ ਵਿਰੋਧੀ ਧਿਰ ਕਾਂਗਰਸ ਨੇ ਹਾਲਾਂਕਿ ਡੇਅਰੀਆਂ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕੀਤੇ ਜਾਣ ਦਾ ਸਵਾਗਤ ਕੀਤਾ, ਪ੍ਰੰਤੂ ਸੰਜੀਵ ਬਿੱਟੂ ਨੇ ਧਿਆਨ ਵਿਚ ਲਿਆਂਦਾ ਕਿ ਜੇ ਡੇਅਰੀ ਨੂੰ ਅਬਲੋਵਾਲ ਸ਼ਿਫਟ ਕਰਨ ਦੀ ਬਜਾਏ ਆਸ-ਪਾਸ ਨੇੜਲੀਆਂ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਸ਼ਿਫਟ ਕੀਤਾ ਜਾਵੇ ਤਾਂ ਡੇਅਰੀ ਮਾਲਕਾਂ ਨੂੰ ਘੱਟ ਪ੍ਰੇਸ਼ਾਨੀ ਹੋਵੇਗੀ। ਮੇਅਰ ਨੇ ਦੱਸਿਆ ਕਿ ਹਾਊਸ ‘ਚ ਠੇਕਾ ਪ੍ਰਣਾਲੀ ਅਧੀਨ ਕੰਮ ਕਰ ਰਹੇ ਸਫਾਈ ਸੇਵਕਾਂ, ਸੀਵਰਜ ਕਾਮਿਆਂ ਅਤੇ ਬਿਜਲੀ ਕਾਮਿਆਂ ਨੂੰ ਮਸਟਰੋਲ ‘ਤੇ ਰੱਖਣ ਸਬੰਧੀ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਕਿਉਂਕਿ ਸਵੀਪਰ ਯੂਨੀਅਨ ਨਗਰ ਨਿਗਮ ਪਟਿਆਲਾ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਸਫਾਈ ਸੇਵਕਾਂ ਨੂੰ ਡੀਸੀ ਰੇਟ ‘ਤੇ ਰੱਖਿਆ ਜਾਵੇ। ਮੇਅਰ ਬਜਾਜ ਨੇ ਹਾਊਸ ‘ਚ ਬੰਡੂਗਰ ਨੇੜੇ ਲੱਗੀ ਕਲਰਕ ਕਾਲੋਨੀ ਵੱਲ ਧਿਆਨ ਦਿਵਾਉਂਦਿਆਂ ਦੱਸਿਆ ਕਿ ਬਿਜਲੀ ਬੋਰਡ ਵੱਲੋਂ ਟੀਪੀ ਸਕੀਮ ਜਿਹੜੀ ਕਿ ਸਰਕਾਰ ਤੋਂ ਮਨਜ਼ੂਰਸ਼ੁਦਾ ਨਹੀਂ ਹੈ ਵਿਚ ਪੈਂਦੀ 100 ਫੁੱਟ ਰੋਡ ਨੂੰ ਲੋਕਲ ਬਾਡੀ ਤੋਂ ਅਮੈਡਮੈਂਟ ਕਰਵਾਉਣ ਦੀ ਮੰਗ ਕੀਤੀ ਹੈ, ਜਿਸ ਦਾ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਰਸਤਾ ਬਣਾਉਣ ਦੀ ਸਿਫਾਰਸ਼ ਕੀਤੀ। ਇਸ ਦੌਰਾਨ ਮੇਅਰ ਨੇ ਮਤਾ ਨੰ: 159 ਦੀ ਚਰਚਾ ਕਰਦਿਆਂ ਦੱਸਿਆ ਕਿ ਪਿੰਡ ਝਿੱਲ ਵਿਚ ਨਗਰ ਨਿਗਮ ਦੀ 13 ਕਨਾਲ 07 ਮਰਲਾ ਜ਼ਮੀਨ ਜਿਸ ਵਿਚੋਂ 8 ਕਨਾਲ ਨਗਰ ਨਿਗਮ, ਪਟਿਆਲਾ ਕੋਲ ਹੈ ਤੇ ਕਮਿਊਨਿਟੀ ਹਾਲ, ਡਿਸਪੈਂਸਰੀ ਬਣਾਉਣ ਲਈ ਮਤਾ ਕੌਂਸਲਰ ਵਾਰਡ ਨੰ: 10 ਦੀ ਬਿਨੈ ‘ਤੇ ਜਨਰਲ ਹਾਊਸ ਤੋਂ ਪ੍ਰਵਾਨ ਹੋਇਆ। ਉਨ੍ਹਾਂ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਝਿੱਲ ਦੇ ਚੇਅਰਮੈਨ ਵੱਲੋਂ ਪਾਸ ਕੀਤਾ ਮਤਾ, ਗੁਰਦੁਆਰਾ ਪ੍ਰਬੰਧਕ ਕਮੇਟੀ ਝਿੱਲ ਵੱਲੋਂ ਪਾਸ ਕੀਤਾ ਮਤਾ, ਇਲਾਕਾ ਨਿਵਾਸੀਆਂ ਪਾਸ ਕੀਤਾ ਮਤਾ, ਐਨਆਰਆਈਜ਼ ਵੱਲੋਂ ਸਕੂਲ ਦੀ ਇਮਾਰਤ ਲਈ ਆਉਣ ਵਾਲੇ ਖਰਚੇ ਸਬੰਧੀ ਸਹਿਮਤੀ ਪੱਤਰ ਅਤੇ ਨਵੀਂ ਇਮਾਰਤ ਦਾ ਨਕਸ਼ਾ ਨੱਥੀ ਕੀਤਾ ਹੈ। ਕਮਿਊਨਿਟੀ ਹਾਲ, ਡਿਸਪੈਂਸਰੀ ਬਣਾਉਣ ਲਈ ਸਾਰੇ ਕੌਂਸਲਰਾਂ ਨੇ ਮੇਜ ਥਪ-ਥਪਾ ਕੇ ਪ੍ਰਵਾਨਗੀ ਦਿੱਤੀ। ਹਾਊਸ ਵਿਚ ਮੇਅਰ ਨੇ ਸਾਰਿਆਂ ਦੇ ਧਿਆਨ ਵਿਚ ਲਿਆਂਦਾ ਕਿ ਸ਼ਹਿਰ ਦੇ ਲੋਕ ਅਕਸਰ ਨਗਰ ਨਿਗਮ ‘ਚ ਪੈਨਸ਼ਨ, ਮੌਤ ਦੇ ਸਰਟੀਫਿਕੇਟ ਤੋਂ ਇਲਾਵਾ ਵੱਖ ਵੱਖ ਕੰਮਾਂ ਲਈ ਆਉਂਦੇ ਹਨ, ਜਿਨਾਂ ਨੂੰ ਅਕਸਰ ਮਿੰਨੀ ਸਕੱਤਰੇਤ ਸੁਵਿਧਾ ਸੈਂਟਰ ਵਿਚ ਜਾ ਕੇ ਕੰਮ ਕਰਵਾਉਣਾ ਪੈਂਦਾ ਸੀ, ਜਿਨਾਂ ਦੀ ਮੁਸ਼ਕਲ ਨੂੰ ਵੇਖਦੇ ਹੋਏ ਨਿਗਮ ਵਿਚ ਹੀ ਸੁਵਿਧਾ ਸੈਂਟਰ ਚਲਾਉਣ ਦਾ ਫੈਸਲਾ ਕੀਤਾ, ਜੋ ਸਾਰਿਆਂ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਜਨਰਲ ਹਾਊਸ ਤੋਂ ਬਾਅਦ ਮੇਅਰ ਅਮਰਿੰਦਰ ਬਜਾਜ, ਡਿਪਟੀ ਮੇਅਰ ਜਗਦੀਸ਼ ਰਾਏ ਚੌਧਰੀ, ਕਮਿਸ਼ਨਰ ਪਰਮਜੀਤ ਸਿੰਘ ਗਿੱਲ ਤੇ ਕੌਂਸਲਰਾਂ ਦੀ ਹਾਜ਼ਰੀ ਵਿਚ ਸੁਵਿਧਾ ਸੈਂਟਰ ਦਾ ਉਦਘਾਟਨ ਕੀਤਾ।
ਸਾਬਕਾ ਮੇਅਰ ਜਸਪਾਲ ਸਿੰਘ ਨੇ ਸੰਜੀਵ ਬਿੱਟੂ ਨੂੰ ਕਰਵਾਇਆ ‘ਚੁੱਪ’
ਪਟਿਆਲਾ : ਸ਼ਹਿਰ ਵਿਚ ਹੋ ਰਹੇ ਨਾਮਾਤਰ ਵਿਕਾਸ ਦੀ ਗੱਲ ਕਰਦਿਆਂ ਵਿਰੋਧੀ ਧਿਰ ਦੇ ਕਾਂਗਰਸੀ ਆਗੂ ਸੰਜੀਵ ਬਿੱਟੂ ਨੇ ਕਿਹਾ ਕਿ ਵਿਕਾਸ ਦੇ ਨਾਂ ‘ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਅਤੇ ਕਾਂਗਰਸੀ ਧਿਰ ਦੇ ਸੱਤ ਵਾਰਡਾਂ ਵਿਚ ਫੁੱਟੀ ਕੌਡੀ ਤੱਕ ਖਰਚ ਨਹੀਂ ਕੀਤਾ ਜਾ ਰਹੀ, ਜਿਸ ਦੇ ਵਿਰੋਧ ‘ਚ ਸਾਬਕਾ ਮੇਅਰ ਅਤੇ ਕੌਂਸਲਰ ਜਸਪਾਲ ਸਿੰਘ ਪ੍ਰਧਾਨ ਨੇ ਬਹਿਸ ਦੌਰਾਨ ਕਿਹਾ ਕਿ ਅਕਾਲੀ ਸਰਕਾਰ ਨੇ ਸਹਿਰ ਦਾ ਵਿਕਾਸ ਬਿਨਾਂ ਭੇਦਭਾਵ ਤੋਂ ਕਰਵਾਇਆ ਅਤੇ ਸੰਜੀਵ ਬਿੱਟੂ ਖੜੇ ਹੋ ਕੇ ਦੱਸਣ ਕਿ ਸ਼ਹਿਰ ਦਾ ਉਹ ਕਿਹੜਾ ਵਾਰਡ ਜਿਥੇ ਵਿਕਾਸ ਕੰਮ ਨਹੀਂ ਹੋ ਰਹੇ, ਜਿਸ ਤੋਂ ਬਾਅਦ ‘ਸੰਜੀਵ ਬਿੱਟੂ’ ਚੁੱਪ ਚਾਪ ਕੁਰਸੀ ‘ਤੇ ਬੈਠ ਗਏ।
ਗੈਰ-ਲੋਕਤੰਤਰ ਢੰਗ ਨਾਲ ਮਤੇ ਕੀਤੇ ਗਏ ਪਾਸ : ਸੰਜੀਵ ਬਿੱਟੂ
ਪਟਿਆਲਾ : ਕਾਂਗਰਸੀ ਕੌਂਸਲਰ ਅਤੇ ਵਿਰੋਧੀ ਧਿਰ ਦੇ ਆਗੂ ਸੰਜੀਵ ਬਿੱਟੂ ਨੇ ਕਿਹਾ ਕਿ ਜਨਰਲ ਹਾਊਸ ਵਿਚ ਪਾਸ ਕੀਤੇ ਗਏ ਮਤਿਆਂ ਨੂੰ ਗੈਰ-ਲੋਕਤੰਤਰ ਢੰਗ ਨਾਲ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਢੰਗ ਨਾਲ ਲੋਕਾਂ ਨੇ ਸਾਨੂੰ ਚੁਣਿਆ। ਉਨ੍ਹਾਂ ਕਿਹਾ ਕਿ ਕਾਂਗਰਸੀ ਧਿਰ ਨਾਲ ਸਬੰਧਤ ਵਾਰਡਾਂ ਵਿਚ ਸਰਕਾਰ ਤੇ ਨਿਗਮ ਪ੍ਰਸ਼ਾਸਨ ਵੱਲੋਂ ਪੱਖਪਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਰਲ ਹਾਊਸ ਵਿਚ ਲੋਕ ਮਸਲਿਆਂ ਨਾਲ ਜੁੜੇ ਮਤਿਆਂ ‘ਤੇ ਅਸੀਂ ਪ੍ਰਵਾਨਗੀ ਦਿੱਤੀ ਹੈ, ਪ੍ਰੰਤੂ ਵਾਰਡਾਂ ਵਿਚ ਵਿਕਾਸ ਕੰਮਾਂ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਸ਼ਹਿਰ ਵਿਚ ਵਿਕਾਸ ਨਹੀਂ ਵਿਨਾਸ਼ ਦੀ ਮੂੰਹ ਬੋਲਦੀ ਤਸਵੀਰ ਪਟਿਆਲਾ ਵਾਸੀ ਦੇਖ ਰਹੇ ਹਨ।

