ਪੰਜਾਬਪਟਿਆਲਾ

ਪਟਿਆਲਾ ਦਿਹਾਤੀ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਵਾਂਗਾ : ਸਤਬੀਰ ਸਿੰਘ ਖੱਟੜਾ

ਟੌਹੜਾ ਪਰਿਵਾਰ ਨੇ ਖ਼ੁਦ ਛੱਡੀ ਪਟਿਆਲਾ ਦਿਹਾਤੀ ਸੀਟ : ਚਰਨਜੀਤ ਸਿੰਘ ਬਰਾੜ
ਪਟਿਆਲਾ ਹਲਕੇ ਦੀਆਂ ਅੱਠ ਸੀਟਾਂ ‘ਤੇ ਕਾਬਜ਼ ਹੋਵਾਂਗੇ : ਸੁਰਜੀਤ ਸਿੰਘ ਰੱਖੜਾ
ਪਟਿਆਲਾ : ਕੰਵਰ ਬੇਦੀ/ਹਰਵਿੰਦਰ ਸਿੰਘ ਕੁੱਕੂ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 2017 ‘ਚ ਤੀਜੀ ਵਾਰ ਸਰਕਾਰ ਬਣਾਉਣ ਦੇ ਮਨਸੂਬੇ ਨਾਲ ਪਟਿਆਲਾ ਦਿਹਾਤੀ ਦੀ ਜ਼ਿੰਮੇਵਾਰੀ ਨੌਜਵਾਨ ਆਗੂ ਸਤਬੀਰ ਸਿੰਘ ਖੱਟੜਾ ਸੌਂਪੇ ਜਾਣ ਤੋਂ ਬਾਅਦ ਅੱਜ ਦਿਹਾਤੀ ਪਿੰਡਾਂ ਦੇ ਸਰਪੰਚਾਂ-ਪੰਚਾਂ ਤੇ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਪਾਰਟੀ ਨੇ ਵਿਸ਼ਵਾਸ ਤੇ ਭਰੋਸਾ ਜਿਤਾਇਆ, ਜਿਸ ਨੂੰ ਕਾਇਮ ਰੱਖਦੇ ਹੋਏ ਹਲਕਾ ਦਿਹਾਤੀ ‘ਚ ਜਿਥੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇਗਾ, ਉਥੇ ਹਰ ਵਰਗ ਦੇ ਲੋਕਾਂ ਨੂੰ ਨਾਲ ਤੋਰ ਕੇ ਪਟਿਆਲਾ ਦਿਹਾਤੀ ਦੀ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ‘ਚ ਪਾਈ ਜਾਵੇਗੀ।

ਉਨ੍ਹਾਂ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ‘ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨਹੀਂ ਹੈ ਅਤੇ ਟਕਸਾਲੀ ਆਗੂਆਂ ਨਾਲ ਲੈ ਕੇ 2017 ਦੇ ਮਿਸ਼ਨ ਨੂੰ ਫਤਹਿ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਮੈਂ ਅਜ਼ਾਦ ਤੌਰ ‘ਤੇ ਚੋੜ ਲੜੀ, ਪ੍ਰੰਤੂ ਕਦੇ ਵੀ ਅਕਾਲੀ ਦਲ ਜਾਂ ਟੌਹੜਾ ਪਰਿਵਾਰ ਦੀ ਵਿਰੋਧਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਟੌਹੜਾ ਪਰਿਵਾਰ ਹਮੇਸ਼ਾ ਸਾਰਿਆਂ ਦਾ ਮਾਰਗ ਦਰਸ਼ਕ ਕਰਦਾ ਰਿਹਾ ਹੈ, ਜਿਨ੍ਹਾਂ ਨੂੰ ਨਾਲ ਲੈ ਕੇ ਘਰ-ਘਰ ਤੱਕ ਪਹੁੰਚ ਕਰਕੇ ਜਿੱਤ ਨੂੰ ਯਕੀਨੀ ਬਣਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਅਜਿਹੀ ਸੋਚ ਲੈ ਕੇ ਚਲੇ ਹਾਂ, ਜਿਸ ਨਾਲ ਆਉਣ ਵਾਲੇ ਸਮੇਂ ਜਿਥੇ ਦਿਹਾਤੀ ਦੀ ਸੀਟ ‘ਤੇ ਜਿੱਤ ਪੱਕੀ ਕਰਾਂਗੇ, ਉਥੇ ਮੈਂਬਰ ਪਾਰਲੀਮੈਂਟ ਦੀ ਸੀਟ ਵੀ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਪਿੰਡਾਂ ‘ਚ ਧੜੇਬੰਦੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਅਕਾਲੀ ਦਲ ਦੇ ਸੱਚੇ ਸਿਪਾਹੀ ਹੋਣ ਦੇ ਨਾਤੇ ਸਾਨੂੰ ਧੜੇਬੰਦੀ ਛੱਡ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਅੱਗੇ ਆਉਣਾ ਚਾਹੀਦਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦਾ ਜੋ 25 ਸਾਲ ਰਾਜ ਕਰਨ ਦਾ ਸੁਪਨਾ ਉਹ ਸਾਕਾਰ ਹੋ ਸਕੇ। ਉਨ੍ਹਾਂ ਕਿਹਾ ਕਿ ਦਿਹਾਤੀ ਖੇਤਰ ‘ਚ ਜਿਥੇ ਵੀ ਟਕਸਾਲੀ ਪਰਿਵਾਰ ਜਾਂ ਅਕਾਲੀ ਦਲ ਨਾਲ ਲੰਮੇ ਸਮੇਂ ਤੋਂ ਜੁੜ ਕੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਅੱਗੇ ਬਿਠ ਕੇ ਨਾਲ ਤੋਰਿਆ ਜਾਵੇਗਾ।
ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ À.ਐਸ.ਡੀ. ਅਤੇ ਜ਼ਿਲ੍ਹਾ ਪਟਿਆਲਾ ਦੇ ਕੋਆਰਡੀਨੇਟਰ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਟਕਸਾਲੀ ਆਗੂ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਰੋਸੇ-ਸ਼ਿਕਵੇ ਛੱਡ ਕੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਤੀਜੀ ਵਾਰ ਸਰਕਾਰ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਮੇਲ ਸਿੰਘ ਟੌਹੜਾ ਪਰਿਵਾਰ ਨੂੰ ਸਨੌਰ ਤੇ ਪਟਿਆਲਾ ਦਿਹਾਤੀ ਦੀ ਸੀਟ ਦਿੱਤੀ ਗਈ, ਪ੍ਰੰਤੂ ਹੁਣ ਟੌਹੜਾ ਪਰਿਵਾਰ ਨੇ ਖ਼ੁਦ ਪਟਿਆਲਾ ਦਿਹਾਤੀ ਸੀਟ ਲੜਨ ਤੋਂ ਨਾਂਹ ਕੀਤੀ, ਜਿਸ ਕਾਰਨ ਵਿਰੋਧਤਾ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਟੌਹੜਾ ਨੇ ਖ਼ੁਦ ਪਾਰਟੀ ਪ੍ਰਧਾਨ ਕੋਲ ਪਹੁੰਚ ਕੇ ਸੀਟ ਲੈਣ ਤੋਂ ਨਾਹ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੇ ਸੂਬੇ ‘ਚ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਮੰਗ ‘ਤੇ ਵਿਚਾਰ ਕਰਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ 50 ਫੀਸਦੀ ਕੋਟੇ ‘ਤੇ ਸਹੀ ਪਾਉਂਦਿਆਂ ਨੁਮਾਇੰਦਗੀਆਂ ਦਿੱਤੀਆਂ, ਜਿਨਾਂ ਦੇ ਹੱਥਾਂ ‘ਚ ਭਵਿੱਖ ਕਾਫੀ ਸੁਰੱਖਿਅਤ ਵਿਖਾਈ ਦੇ ਰਿਹਾ।
ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣ ਵਿਕਾਸ ਦੇ ਮੁੱਦੇ ‘ਤੇ ਲੜੀ ਜਾਣੀ ਹੈ ਅਤੇ ਜਿਹੜਾ ਕੂੜ ਪ੍ਰਚਾਰ ਵਿਰੋਧੀ ਧਿਰਾਂ ਵੱਲੋਂ ਕੀਤਾ ਜਾ ਰਿਹਾ ਉਨ੍ਹਾਂ ਨੂੰ ਸ਼ੀਸ਼ਾ ਵਿਖਾਇਆ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ 9 ਸਾਲਾਂ ਦੇ ਕਾਰਜਕਾਲ ‘ਚ ਉਹ ਕਰ ਵਿਖਾਇਆ ਜੋ ਕਾਂਗਰਸ ਆਪਣੇ ਲੰਮੇ ਕਾਰਜਕਾਲ ‘ਚ ਨਹੀਂ ਕਰ ਸਕੀ। ਉਨ੍ਹਾਂ ਇਹ ਵੀ ਦੱਸਿਆ ਕਿ 3000 ਹਜ਼ਾਰ ਕਰੋੜ ਰੁਪਏ ਜਿਥੇ ਸੂਬੇ ਦੀ ਵਿਰਾਸਤ ਨੂੰ ਸਾਂਭਣ ਲਈ ਖਰਚੇ ਗਏ, ਉਥੇ ਸੂਬੇ ਦੀ ਤਰੱਕੀ ਲਈ ‘ਵਿਕਾਸ’ ਜ਼ੋਰਾਂ-ਸ਼ੋਰਾਂ ਨਾਲ ਵਿਕਾਸ ਕਰਵਾਇਆ।
ਇਸ ਉਪਰੰਤ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਨੌਰ ਤੇ ਪਟਿਆਲਾ ਦਿਹਾਤੀ ਹਲਕੇ ਲਈ ਹੋਣਹਾਰ, ਪੜ੍ਹੇ ਲਿਖੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਸਾਂਪਣ ਨਾਲ ਨਵੀਂ ਕ੍ਰਾਂਤੀ ਲਿਆਂਦੀ, ਜਿਸ ਨਾਲ ਅਗਾਮੀ ਚੋਣਾਂ ‘ਚ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਲੋਕਾਂ ‘ਚ ਲੋਕਪ੍ਰਿਯਤਾ ਵਧੀ ਹੈ, ਜਿਸ ਨਾਲ ਪਟਿਆਲਾ ਹਲਕੇ ਦੀਆਂ ਅੱਠ ਸੀਟਾਂ ‘ਤੇ ਕਾਬਜ਼ ਹੋਵਾਂਗੇ।
ਇਸ ਮੌਕੇ ਹਲਕਾ ਦਿਹਾਤੀ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ, ਨਰਦੇਵ ਸਿੰਘ ਆਕੜੀ, ਮਨਜੋਤ ਸਿੰਘ ਚਹਿਲ, ਜਸਪਾਲ ਸਿੰਘ ਕਲਿਆਣ, ਚੇਅਰਮੈਨ ਸੁਰਜੀਤ ਸਿੰਘ ਅਬੋਲਵਾਲ, ਮੇਅਰ ਅਮਰਿੰਦਰ ਬਜਾਜ, ਹਰਬਖਸ਼ ਸਿੰਘ ਚਹਿਲ, ਮਨਬੀਰ ਸਿੰਘ ਵਿਰਕ, ਚੇਅਰਮੈਨ ਵਿਸ਼ਨੂੰ ਸ਼ਰਮਾ, ਦੀ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੰਗ, ਅਮਰੀਕ ਸਿੰਘ ਸਿਉਣਾ, ਤਰਸੇਮ ਸਿੰਘ ਕਸਿਆਣਾ, ਬੱਬੀ ਟਿਵਾਣਾ, ਕੰਵਰ ਗੁਰਪ੍ਰੀਤ ਸਿੰਘ, ਭਗਵੰਤ ਸਿੰਘ, ਗੁਰੀ ਸਿੱਧੂਵਾਲ ਤੋਂ ਇਲਾਵਾ ਕੌਂਸਲਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *