ਅੰਮ੍ਰਿਤਸਰਪੰਜਾਬ

ਖਾਲਸਾ ਕਾਲਜ ਵਿਖੇ ਵਿਗਿਆਨ ਮੇਲਾ ਲਗਾਇਆ ਗਿਆ

ਅੰਮ੍ਰਿਤਸਰ, 22 ਨਵੰਬਰ ਖਾਲਸਾ ਕਾਲਜ ਵਿਖੇ ਇਕ ਰੋਜ਼ਾ ਵਿਗਿਆਨ ਮੇਲਾ ਲਗਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਾਇੰਸ ਵਿਭਾਗ ਵੱਲੋਂ ਉਕਤ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ, ਜਿਸ ’ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀ. ਈ. ਓ.) ਸ੍ਰੀ ਸੁਸ਼ੀਲ ਕੁਮਾਰ ਤੁਲੀ ਨੇ ਮੁੱਖ ਮਹਿਮਾਨ ਅਤੇ ਡਿਪਟੀ ਡੀ. ਈ. ਓ. ਸ: ਬਲਰਾਜ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਨੇ ਸ੍ਰੀ ਤੁਲੀ ਅਤੇ ਸ: ਬਲਰਾਜ ਸਿੰਘ ਨੂੰ ਵੱਖ-ਵੱਖ ਵਿਭਾਗਾਂ ਦੀ ਜਾਣ-ਪਛਾਣ ਕਰਵਾਈ ਅਤੇ ਕਾਲਜ ਦੀ ਕਾਰਜ ਨੀਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਪਰੰਤ ਪ੍ਰਿੰ: ਡਾ. ਮਹਿਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਵਿਗਿਆਨਕ ਅਤੇ ਸਿਰਜਣਾਤਮਕ ਪ੍ਰਤਿਭਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੁਆਰਾ ਵਿਗਿਆਨ ਮੇਲੇ ’ਚ ਮਾਡਲ ਡਿਸਪਲੇਅ, ਪੋਸਟਰ ਡਿਸਪਲੇਅ, ਘੋਸ਼ਣਾ ਮੁਕਾਬਲਾ ਅਤੇ ਰੰਗੋਲੀ ਮੁਕਾਬਲੇ ਆਦਿ ’ਚ ਆਪਣੀ ਮਨਮੋਹਕ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨੇ ਸਾਇੰਸ ਵਿਭਾਗ ਦੇ ਨਾਲ-ਨਾਲ ਬਾਇਓਟੈਕਨਾਲੋਜੀ, ਬੋਟਨੀ, ਕੈਮਿਸਟਰੀ, ਕੰਪਿਊਟਰ ਸਾਇੰਸ, ਫੈਸ਼ਨ ਡਿਜ਼ਾਈਨਿੰਗ, ਗਣਿਤ, ਭੌਤਿਕ ਵਿਗਿਆਨ ਅਤੇ ਜ਼ੂਆਲੋਜੀ ਸਮੇਤ ਵੱਖ-ਵੱਖ ਵਿਭਾਗਾਂ ਦੀ ਵਿਸ਼ੇਸ਼ਤਾ ਸਦਕਾ ਪ੍ਰੋਗਰਾਮ ਦੀ ਸਫ਼ਲਤਾ ’ਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਵਿਗਿਆਨ ਦੀ ਦੁਨੀਆ ’ਚ ਬੇਅੰਤ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ।
ਇਸ ਮੌਕੇ ਸ੍ਰੀ ਤੁਲੀ ਅਤੇ ਸ: ਬਲਰਾਜ ਸਿੰਘ ਨੇ ਪ੍ਰਿੰ: ਡਾ. ਮਹਿਲ ਸਿੰਘ ਅਤੇ ਕਾਲਜ ਦੇ ਦਿਲਖਿਚਵੇਂ ਰੂਹਾਨੀ ਮਾਹੌਲ ਅਤੇ ਇਮਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿੱਦਿਅਕ ਅਦਾਰਿਆਂ ’ਚ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਜੀਵਨ ਮਿਆਰ ਨੂੰ ਉਚਾ ਚੁੱਕਣ ’ਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਪ੍ਰੋਗਰਾਮ ਨੌਜਵਾਨ ਦਿਮਾਗ਼ਾਂ ’ਚ ਵਿਗਿਆਨਕ ਉਤਸੁਕਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਕਾਲਜ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਵਿਗਿਆਨ ਮੇਲੇ ’ਚ ਉਕਤ ਮੁਕਾਬਲਿਆਂ ਤੋਂ ਇਲਾਵਾ ਇਕ ਦਿਲਚਸਪ ਜਾਦੂ ਪ੍ਰਦਰਸ਼ਨ ਅਤੇ ਸ਼ਾਨਦਾਰ ਫੈਸ਼ਨ ਡਿਜ਼ਾਈਨਿੰਗ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ, ਜੋ ਵਿਸ਼ੇਸ਼ ਆਕਰਸ਼ਣ ਅਤੇ ਮਨੋਰੰਜਨ ਭਰਪੂਰ ਸਾਬਿਤ ਹੋਇਆ। ਇਸ ਮੇਲੇ ’ਚ ਰਾਜ ਭਰ ਦੇ ਲਗਭਗ 40 ਵੱਖ-ਵੱਖ ਸਕੂਲਾਂ ਦੇ 370 ਤੋਂ ਵਧੇਰੇ ਵਿਦਿਆਰਥੀਆਂ ਅਤੇ 60 ਤੋਂ ਵੱਧ ਅਧਿਆਪਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸਮਾਪਤੀ ’ਤੇ ਪ੍ਰਿੰ: ਡਾ. ਮਹਿਲ ਸਿੰਘ ਨੇ ਸ੍ਰੀ ਤੁਲੀ ਅਤੇ ਸ: ਬਲਰਾਜ ਸਿੰਘ ਨੂੰ ਡਾ. ਭਾਟੀਆ ਨਾਲ ਮਿਲ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਡਾ. ਰਜਿੰਦਰ ਪਾਲ ਕੌਰ, ਡਾ. ਅਮਿਤ ਆਨੰਦ, ਡਾ. ਬਲਵਿੰਦਰ ਸਿੰਘ, ਡਾ. ਕਮਲਜੀਤ ਕੌਰ, ਸ੍ਰੀਮਤੀ ਜਸਮੀਤ ਕੌਰ ਆਦਿ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੀ ਸਮਾਪਤੀ ਜ਼ੂਆਲੋਜੀ ਵਿਭਾਗ ਮੁੱਖੀ ਡਾ. ਜਸਜੀਤ ਕੌਰ ਰੰਧਾਵਾ ਦੇ ਧੰਨਵਾਦੀ ਮਤੇ ਨਾਲ ਹੋਈ। ਉਨ੍ਹਾਂ ਕਿਹਾ ਕਿ ਸਮਾਗਮ ਦੀ ਸਫਲਤਾ ਕਾਲਜ ਦੀ ਗਿਆਨ ਅਤੇ ਨਵੀਨਤਾ ਦੀ ਇਕ ਰੌਸ਼ਨੀ ਵਜੋਂ ਨਿਰੰਤਰ ਭੂਮਿਕਾ ਨੂੰ ਦਰਸਾਉਂਦੀ ਹੈ, ਜੋ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਅਤੇ ਵਿਗਿਆਨ ਸਬੰਧੀ ਜਨੂੰਨ ਪੈਦਾ ਕਰਨ ਲਈ ਸਮਰਪਿਤ ਹੈ।

Leave a Reply

Your email address will not be published. Required fields are marked *