ਓਕ ਡੈਂਟਲ ਗਰੁੱਪ ਅਤੇ ਪ੍ਰਯੋਗ ਫਾਊਡੇਸ਼ਨ ਨੇ ਕਲਗੀਧਰ ਸਕੂਲ ਵਿਚ ਲਗਾਇਆ ਮੈਗਾ ਮੈਡੀਕਲ ਕੈਂਪ
ਸੈਂਕੜੇ ਲੋਕਾਂ ਨੇ ਕਰਵਾਈ ਅੱਖਾਂ ਦੀ ਜਾਂਚ, ਡਾਕਟਰਾਂ ਨੇ ਲੋਕਾਂ ਨੂੰ ਕੈਂਸਰ ਸਬੰਧੀ ਕੀਤਾ ਜਾਗਰੂਕ
50 ਵਿਅਕਤੀਆਂ ਨੇ ਕੀਤਾ ਖੂਨਦਾਨ
ਪਟਿਆਲਾ, 29 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਪੁਲਿਸ ਦੇ ਏ. ਡੀ. ਜੀ. ਪੀ. ਐਮ. ਐਸ. ਛੀਨਾ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਨੂੰ ਆਪਣੀਆਂ ਸੇਵਾਵਾਂ ਦਾ ਦਾਇਰਾ ਵਧਾਉਣਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣ। ਸਮਾਜਸੇਵੀ ਦੀ ਪ੍ਰਭੀਸ਼ਾ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ ਅਤੇ ਇਹ ਵਿਅਕਤੀ ਦੇ ਅੰਦਰ ਜਜਬੇ ਦੇ ਬਿਨ੍ਹਾਂ ਸੰਭਵ ਨਹੀਂ ਹੈ। ਛੀਨਾ ਅੱਜ ਕਲਗੀਧਰ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਮੂੰਗੋ ਵਿਖੇ ਓਕ ਡੈਂਟਲ ਗਰੁੱਪ ਅਤੇ ਪ੍ਰਯੋਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੈਨੇਡਾ ’ਚ ਵੱਸਦੇ ਭਾਰਤੀਆਂ ਵੱਲੋਂ ਲਗਾਏ ਗਏ ਮੈਗਾ ਮੈਡੀਕਲ ਚੈਕਅੱਪ ਕੈਂਪ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੱਖਾਂ ਲੋਕ ਵਿਦੇਸ਼ਾਂ ’ਚ ਜਾ ਕੇ ਕਾਰੋਬਾਰ ਕਰ ਰਹੇ ਹਨ ਪਰ ਬਹੁਤ ਘੱਟ ਅਜਿਹੇ ਹਨ ਜੋ ਆਪਣੀ ਮਾਂ ਭੂਮੀ ਅਤੇ ਸਮਾਜ ਦੇ ਹਿੱਤ ਵਿੱਚ ਕੰਮ ਕਰ ਰਹੇ ਹਨ।
ਛੀਨਾ ਨੇ ਪ੍ਰਵਾਸੀ ਭਾਰਤੀ ਡਾ. ਆਰ. ਖਟੜਾ, ਡਾ. ਜਸਬੀਰ ਸਿੰਘ ਮੁੰਡੀ, ਹਰਜਿੰਦਰ ਸਿੰਘ, ਰਾਜੀਵ ਸ਼ਰਮਾ ਦੇ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਕੈਂਪਾਂ ਦੇ ਆਯੋਜਨ ਨਾਲ ਉਨ੍ਹਾਂ ਲੋਕਾਂ ਨੂੰ ਫਾਇਦਾ ਹੁੰਦਾ ਹੈ ਜੋ ਆਪਣੀ ਕਿਸੇ ਵੀ ਬਿਮਾਰੀ ਲਈ ਹਸਪਤਾਲ ਵੀ ਨਹੀਂ ਪਹੁੰਚ ਸਕਦੇ। ਇਸ ਮੌਕੇ ਹਾਜ਼ਰ ਮਹਿਮਾਨਾਂ ਦਾ ਸਵਾਗਤ ਕਰਦਿਆਂ ਡਾ: ਜਸਬੀਰ ਮੁੰਡੀ ਨੇ ਐਲਾਨ ਕੀਤਾ ਕਿ ਭਵਿੱਖ ਵਿੱਚ ਅਜਿਹੇ ਕੈਂਪਾਂ ਦਾ ਵਿਸਥਾਰ ਕਰਨ ਲਈ ਉਪਰਾਲੇ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਘਰ ਬੈਠੇ ਹੀ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਨੇ ਕੈਂਪ ਦੇ ਆਯੋਜਨ ਲਈ ਇਸ ਪਿੰਡ ਦੀ ਚੋਣ ’ਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਪ੍ਰਬੰਧਕ ਭਵਿੱਖ ’ਚ ਵੀ ਅਜਿਹੇ ਸਮਾਗਮ ਕਰਵਾਉਣ ਲਈ ਹਰ ਸੰਭਵ ਸਹਿਯੋਗ ਦੇਣਗੇ। ਇਸ ਦਿਨ ਚੱਲੇ ਮੈਗਾ ਮੈਡੀਕਲ ਹੈਲਥ ਕੈਂਪ ਦੌਰਾਨ ਡਾ: ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਨੇ 300 ਤੋਂ ਵੱਧ ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕੀਤਾ ਉਥੇ ਹੀ ਡਾ. ਬਲਬੀਰ ਖਾਨ ਦੀ ਅਗਵਾਈ ਵਿਚ ਡਾਕਟਰਾਂ ਦੀ ਟੀਮ ਨੇ 350 ਰੋਗੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ। ਸੋਹਾਣਾ ਆਈ ਹਸਪਤਾਲ ਦੇ ਸਹਿਯੋਗ ਨਾਲ ਆਯੋਜਿਤ ਖੂਨਦਾਨ ਕੈਂਪ ਵਿਚ 50 ਨੇ ਖੂਨਦਾਨ ਕੀਤਾ।

