ਪੰਜਾਬਪਟਿਆਲਾ

ਡਾ. ਪਰਮਵੀਰ ਸਿੰਘ ਦੀ ਪੁਸਤਕ ਨੂੰ ਐਮ. ਐਸ. ਰੰਧਾਵਾ ਪੁਰਸਕਾਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਲੋਂ 1 ਨਵੰਬਰ ਤੋਂ ਲੈਕੇ 30 ਨਵੰਬਰ ਤੱਕ ਪੰਜਾਬ ਭਰ ਵਿੱਚ ਵੱਖ ਵੱਖ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਪੰਜਾਬੀ ਮਾਹ ਮਨਾਇਆ ਗਿਆ। ਜਿਸ ਦੀ ਸਮਾਪਤੀ ਅੱਜ ਭਾਸ਼ਾ ਵਿਭਾਗ ਪੰਜਾਬ ਦੇ ਮੁੱਖ ਦਫਤਰ ਪਟਿਆਲਾ ਵਿਖੇ ਹੋਈ। ਜਿਸ ਵਿਚ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵਨਗੀਆਂ ਦੇ ਸਾਹਿਤਕਾਰਾਂ ਦੀਆਂ ਖੋਜ ਭਰਪੂਰ ਪੁਸਤਕਾਂ ਨੂੰ ਵੱਖ ਵੱਖ ਸਖਸ਼ੀਅਤਾਂ ਦੇ ਨਾਵਾਂ ਦੇ ਨਾਂ ਸਥਾਪਿਤ ਹੋਏ ਪੁਰਸਕਾਰ ਦਿੱਤੇ ਗਏ। ਇਸ ਸਮੇਂ ਡਾ. ਪਰਮਵੀਰ ਸਿੰਘ, ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਉਹਨਾਂ ਦੀ ਖੋਜ ਭਰਪੂਰ ਪੁਸਤਕ ‘ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬੰਗਲਾਦੇਸ਼ ਦੇ ਗੁਰਧਾਮ’ ਨੂੰ ਐਮ. ਐਸ. ਰੰਧਾਵਾ ਪੁਰਸਕਾਰ (ਡਾ. ਮਹਿੰਦਰ ਸਿੰਘ ਰੰਧਾਵਾ) ਦੇ ਕੇ ਸਨਮਾਨਿਤ ਕੀਤਾ ਗਿਆ। ਡਾ. ਸਾਹਿਬ ਦੀ ਇਹ ਪੁਸਤਕ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਅਤੇ ਬੰਗਲਾਦੇਸ਼ ਦੇ ਗੁਰਧਾਮਾਂ ਦੇ ਇਤਿਹਾਸ, ਪਰੰਪਰਾ ਅਤੇ ਪ੍ਰਬੰਧ ਬਾਰੇ ਵੱਖ ਵੱਖ ਪੱਖਾਂ ਤੋਂ ਲਾਹੇਵੰਦ ਜਾਣਕਾਰੀ ਪ੍ਰਸਤੁਤ ਕਰਦੀ ਹੈ।

ਇਸ ਪੁਸਤਕ ਦੇ ਮੁੱਖ ਰੂਪ ਵਿੱਚ ਦੋ ਭਾਗ ਹਨ। ਪਹਿਲੇ ਭਾਗ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਾਰੇ ਅਤੇ ਦੂਜੇ ਭਾਗ ਵਿਚ ਬੰਗਲਾਦੇਸ਼ ਦੇ ਗੁਰਧਾਮਾਂ ਦੇ ਇਤਿਹਾਸਕ ਪਿਛੋਕੜ, ਗੁਰੂ-ਕਾਲ ਨਾਲ ਸਬੰਧਤ ਅਤੇ ਉਸ ਤੋਂ ਬਾਅਦ ਦੇ ਇਤਿਹਾਸ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਵੱਖ ਵੱਖ ਅਧਿਆਇਆਂ ਵਿੱਚ ਦਿੱਤੀ ਗਈ ਹੈ। ਇਸ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਵੱਖ ਵੱਖ ਸਮਿਆਂ ਦੌਰਾਨ ਜਾਰੀ ਹੋਏ ਹੁਕਮਨਾਮੇ ਅਤੇ ਤਖ਼ਤ ਸਾਹਿਬ ਨਿਰਵਿਘਨ ਸੇਵਾ ਚਲਦੀ ਰੱਖਣ ਲਈ ਸਿੱਖ ਰਾਜਿਆਂ ਮਹਾਰਾਜਿਆਂ ਵਲੋਂ ਪਾਏ ਯੋਗਦਾਨ ਬਾਰੇ ਵੀ ਦੱਸਿਆ ਗਿਆ ਹੈ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ. ਜਸਬੀਰ ਸਿੰਘ ਜੱਸੀ ਸੋਹੀਆਂ, ਚੈਅਰਮੈਨ, ਜਿਲ੍ਹਾ ਵਿਕਾਸ ਪਰਿਸ਼ਦ, ਪਟਿਆਲਾ ਅਤੇ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ, ਭਾਸ਼ਾ ਵਿਭਾਗ ਪੰਜਾਬ ਦੀ ਡਾਇਰੈਕਟਰ ਵੀਰਪਾਲ ਕੌਰ, ਪ੍ਰਸਿੱਧ ਕਵੀ ਦਰਸ਼ਨ ਸਿੰਘ ਬੁੱਟਰ, ਡਾ. ਕਸ਼ਮੀਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀ ਹਾਜਰ ਸਨ।

Leave a Reply

Your email address will not be published. Required fields are marked *