ਪੰਜਾਬਪਟਿਆਲਾ

ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਭਾਈ ਕਾਹਨ ਸਿੰਘ ਨਾਭਾ ਵਿਸ਼ੇਸ਼ ਲੈਕਚਰ

ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਪੰਜਾਬੀ ਵਿਭਾਗ ਵੱਲੋਂ ਭਾਈ ਕਾਹਨ ਸਿੰਘ ਨਾਭਾ ਭਾਸ਼ਣ ਲੜੀ ਅਧੀਨ ‘ਵਿਦਿਆਰਥੀ-ਅਧਿਆਪਕ ਮਾਨਸਿਕ ਸਮੱਸਿਆਵਾਂ ਦਾ ਨਿਵਾਰਣ’ ਵਿਸ਼ੇ ’ਤੇ ਭਾਸ਼ਣ ਕਰਵਾਇਆ ਗਿਆ। ਮੁੱਖ ਵਕਤਾ ਵਜੋਂ ਡਾ. ਹਰਮਿੰਦਰ ਸਿੰਘ ਕੈਲੀਫੋਰਨੀਆ (ਅਮਰੀਕਾ) ਸ਼ਾਮਲ ਹੋਏ। ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿਚ ਯੂਨੀਵਰਸਿਟੀ ਵਾਇਸ ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ, ਵਿਸ਼ੇਸ਼ ਮਹਿਮਾਨ ਵਜੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਅਤੇ ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਸ਼ਾਮਲ ਹੋਏ।

ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਵਾਇਸ ਚਾਂਸਲਰ ਸਾਹਿਬ ਨੇ ਕਿਹਾ ਕਿ ਮਾਨਸਿਕ ਸਮੱਸਿਆਵਾਂ ਭਵਿੱਖ ਵਿਚ ਹੋਰ ਵੀ ਵਧਣ ਦੀ ਸੰਭਾਵਨਾ ਹੈ, ਜਿਨ੍ਹਾਂ ਨੂੰ ਬਹੁਤ ਸੰਜ਼ੀਦਗੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਡਾ. ਸਿਕੰਦਰ ਸਿੰਘ ਨੇ ਭਾਈ ਕਾਹਨ ਸਿੰਘ ਨਾਭਾ ਦੀ ਸ਼ਖ਼ਸ਼ੀਅਤ ਤੇ ਸਿੱਖੀ ਲਈ ਉਹਨਾਂ ਦੀ ਵਡਮੁੱਲੀ ਦੇਣ ਬਾਰੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਜਿੰਨਾ ਕਾਰਜ ਭਾਈ ਸਾਹਿਬ ਨੇ ਪੰਜਾਬੀ ਤੇ ਸਿੱਖੀ ਲਈ ਕੀਤਾ ਹੈ, ਉਹ ਇਕ ਸੰਸਥਾ ਦੇ ਬਰਾਬਰ ਹੈ। ਡਾ. ਹਰਪ੍ਰੀਤ ਕੌਰ, ਸਹਾਇਕ ਪ੍ਰੋਫੈਸਰ – ਪੰਜਾਬੀ ਨੇ ਮੁੱਖ ਵਕਤਾ ਬਾਰੇ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਡਾ. ਸਾਹਿਬ ਲੰਮੇ ਸਮੇਂ ਤੋਂ ਅਧਿਆਪਨ ਤੇ ਸਲਾਹਕਾਰੀ ਦੇ ਖੇਤਰ ਨਾਲ ਜੁੜੇ ਹੋਏ ਹਨ ਅਤੇ ਉਹ ਅਮਰੀਕਾ ਤੇ ਭਾਰਤ ਦੇ ਲੋਕਾਂ ਦੀਆਂ ਮਾਨਸਿਕ ਤੇ ਸਿਹਤ ਸਮੱਸਿਆਵਾਂ ਬਾਰੇ ਖੋਜ ਖੇਤਰ ਨਾਲ ਜੁੜੇ ਹੋਏ ਹਨ।

ਡਾ ਹਰਮਿੰਦਰ ਸਿੰਘ ਨੇ ਵਿਦਿਆਰਥੀ-ਅਧਿਆਪਕ ਦੀਆਂ ਪ੍ਰਮੁੱਖ ਮਾਨਸਿਕ ਸਮੱਸਿਆਵਾਂ, ਚਿੰਤਾ, ਤਣਾਅ, ਡਿਪਰੈਸ਼ਨ ਤੇ ਡਰ ਬਾਰੇ ਦੱਸਦਿਆਂ, ਦਵਾਈ ਨਾਲੋਂ ਇਲਾਜ ਥਰੈਪੀ ਵਿਧੀ ਨੂੰ ਬਹੁਤ ਕਾਰਗਰ ਸਿੱਧ ਕੀਤਾ ਤੇ ਕਿਹਾ ਹਾਂ-ਮੁਖੀ ਨਜ਼ਰੀਆ ਤੰਦਰੁਸਤ ਮਾਨਸਿਕ ਸਿਹਤ ਲਈ ਜ਼ਰੂਰੀ ਹੈ। ਸਮਾਗਮ ਦੌਰਾਨ ਡਾ. ਬਿੰਦਰ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਇਸ ਸਮਾਗਮ ਵਿਚ ਬੀ.ਏ. ਭਾਗ ਪਹਿਲਾ, ਦੂਜਾ ਤੇ ਤੀਜਾ ਦੇ ਵਿਦਿਆਰਥੀ ਸ਼ਾਮਲ ਹੋਏ।

Leave a Reply

Your email address will not be published. Required fields are marked *