ਨਸ਼ਿਆਂ ਵਿਰੁੱਧ ਜਨ ਯਾਤਰਾ” ਦੌਰਾਨ ਲੇਖਕ ਖੁਸਵੰਤ ਸਿੰਘ ਤੇ ਮਿਸ ਇੰਡੀਆ ਨਵਨੀਤ ਕੌਰ ਢਿੱਲੋਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ
ਨੌਜਵਾਨਾਂ ਨੂੰ ਨਸ਼ਿਆਂ ਤੋਂ ਕੇਵਲ ਜਾਗਰੂਕਤਾ ਨਾਲ ਹੀ ਬਚਾਇਆ ਜਾ ਸਕਦਾ: ਮਿਸ ਇੰਡੀਆ
ਰੂਪਨਗਰ, 12 ਦਸੰਬਰ :(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਨਸ਼ਿਆਂ ਵਿਰੁੱਧ ਜਨ ਯਾਤਰਾ, ਨਿਊ ਚੰਡੀਗੜ ਤੋਂ ਖਟਕੜ ਕਲਾਂ ਅੱਜ ਰੂਪਨਗਰ ਵਿਖੇ ਪਹੁੰਚੀ ਜਿਸ ਦੀ ਅਗਵਾਈ ਸਾਬਕਾ ਰਾਜ ਸੂਚਨਾ ਕਮਿਸ਼ਨਰ ਤੇ ਉੱਘੇ ਲੇਖਕ ਖੁਸ਼ਵੰਤ ਸਿੰਘ ਤੇ ਮਿਸ ਇੰਡੀਆ 2013 ਨਵਨੀਤ ਕੌਰ ਢਿੱਲੋਂ ਵਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਜ ਸੂਚਨਾ ਕਮਿਸ਼ਨਰ ਨੇ ਕਿਹਾ ਕਿ ਨਸ਼ਾ ਮਨੁੱਖ ਨੂੰ ਮਾਨਸਿਕ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਕਰ ਦਿੰਦਾ ਹੈ ਅਤੇ ਕੁਝ ਸਮੇਂ ਬਾਅਦ ਇਸ ਤੋਂ ਛੁਟਕਾਰਾ ਪਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।
ਖੁਸ਼ਵੰਤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਅੱਗੇ ਆ ਕੇ ਨਸ਼ਿਆਂ ਦੇ ਖਿਲਾਫ ਖੜਨਾ ਚਾਹੀਦਾ ਹੈ ਅਤੇ ਸੁਚੇਤ ਹੋ ਕੇ ਸਮਾਜ ਵਿਚ ਜ਼ਿੰਮੇਵਾਰ ਨਾਗਰਿਕ ਦੀ ਭੂਮਿਕਾ ਨਿਭਾਉਂਦੇ ਹੋਏ ਕਿਸੇ ਵੀ ਕਿਸਮ ਦੇ ਨਸ਼ਾ ਕਰਨ ਤੋਂ ਬਚਣਾ ਚਾਹੀਦਾ ਹੈ, ਜਿਸ ਲਈ ਉਨ੍ਹਾਂ ਵਲੋਂ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ “ਨਸ਼ਿਆਂ ਵਿਰੁੱਧ ਜਨ ਯਾਤਰਾ” ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਮਿਸ ਇੰਡੀਆ ਨਵਨੀਤ ਕੌਰ ਢਿੱਲੋਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਤੇ ਕਿਤਾਬਾਂ ਨਾਲ ਜੋੜਨਾ ਚਾਹੀਦਾ ਹੈ ਤਾਂ ਉਨ੍ਹਾਂ ਦੇ ਮਾਨਸਿਕ ਪੱਧਰ ਉੱਚਾ ਹੋ ਸਕੇ ਜਿਸ ਨਾਲ ਉਹ ਮਜ਼ਬੂਤ ਇਰਾਦਿਆਂ ਨਾਲ ਆਪਣੇ ਸੁਪਨੇ ਸਾਕਾਰ ਕਰ ਸਕਣ। ਉਨ੍ਹਾਂ ਅੱਗੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਸੂਬੇ ਜਾਂ ਦੇਸ਼ ਦੀ ਤਰੱਕੀ ਨੌਜਵਾਨ ਪੀੜੀ ਉਤੇ ਨਿਰਭਰ ਕਰਦੀ ਹੈ। ਇਸ ਲਈ ਸਾਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਹਰ ਮੁਹਿੰਮ ਵਿਚ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਸਰਕਾਰੀ ਨਰਸਿੰਗ ਕਾਲਜ ਅਤੇ ਪ੍ਰਕਾਸ਼ ਮੈਮੋਰੀਅਲ ਰੂਪਨਗਰ ਦੇ ਵਿਦਿਆਰਥੀਆਂ ਵਲੋਂ ਵੀ “ਨਸ਼ਿਆਂ ਵਿਰੁੱਧ ਜਨ ਯਾਤਰਾ” ਵਿਚ ਭਾਗ ਲਿਆ ਗਿਆ।

