ਪੰਜਾਬ ਸਰਕਾਰ ਨੂੰ ਟੂਰਿਜ਼ਮ ਦੀਆਂ ਬਿਹਤਰ ਸੰਭਾਵਨਾਵਾਂ ਸਬੰਧੀ ਜਲਦ ਤਜਵੀਜ਼ ਭੇਜੀ ਜਾਵੇਗੀ: ਡਿਪਟੀ ਕਮਿਸ਼ਨਰ
ਰੂਪਨਗਰ, 12 ਦਸੰਬਰ: (ਮਧੂਸਾਰ ਬਿਊਰੋ) ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਸ.ਡੀ.ਐਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਰੂਪਨਗਰ ਵਿਖੇ ਟੂਰਿਜ਼ਮ ਦੇ ਖੇਤਰ ਨੂੰ ਵਿਕਸਿਤ ਕਰਨ ਲਈ ਖਾਸ ਮੀਟਿੰਗ ਕੀਤੀ। ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਟੂਰਿਜ਼ਮ ਦੀਆਂ ਬਿਹਤਰ ਸੰਭਾਵਨਾਵਾਂ ਸਬੰਧੀ ਜਲਦ ਤਜਵੀਜ਼ ਭੇਜੀ ਜਾਵੇਗੀ। ਇਸ ਸਬੰਧ ਵਿਚ ਉਨ੍ਹਾ ਸਮੂਹ ਐਸ.ਡੀ.ਐਮ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਬਲਾਕਾਂ ਵਿਚ ਟੂਰਿਜ਼ਮ ਨਾਲ ਸਬੰਧਿਤ ਥਾਵਾਂ ਦੀ ਚੋਣ ਕਰਨ ਉਪਰੰਤ ਇਕ ਹਫਤੇ ਦੌਰਾਨ ਤਜਵੀਜ਼ ਭੇਜਣਗੇ। ਉਨ੍ਹਾਂ ਕਿਹਾ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ ਸਤਲੁਜ ਕੰਢੇ ਵਸਿਆ ਜ਼ਿਲ੍ਹਾ ਰੂਪਨਗਰ ਵਿਚ ਟੂਰਿਜ਼ਮ ਨੂੰ ਵਧੀਆ ਢੰਗ ਨਾਲ ਹੋਰ ਸਥਾਪਿਤ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਰੂਪਨਗਰ, ਗੁਰੂਆਂ ਦੀ ਧਰਤੀ ਜਿਥੇ ਸਿੱਖ ਇਤਹਾਸ ਦੇ ਅਮੀਰ ਵਿਰਸੇ ਨਾਲ ਸਬੰਧ ਰੱਖਦਾ ਹੈ ਉਥੇ ਹੀ ਹੜੱਪਾ ਸੱਭਿਅਤਾ ਅਤੇ ਕੁਦਰਤੀ ਨਜ਼ਾਰਿਆਂ ਨਾਲ ਸਜਿਆ ਵੀ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਤਲੁਜ ਦਰਿਆ ਵਿਖੇ ਫਲੌਟਿੰਗ ਰੈਸਟੋਰੈਂਟ ਦੀ ਤਜਵੀਜ਼ ਵੀ ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਇਸ ਦੇ ਨਾਲ ਹੀ ਨੰਗਲ, ਰੂਪਨਗਰ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਇਲਾਕਿਆਂ ਵਿਚ ਬੋਟਿੰਗ ਵੀ ਸ਼ੁਰੂ ਕਰਵਾਈ ਜਾਵੇਗੀ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਨੂਰਪੁਰ ਬੇਦੀ ਦੇ ਇਲਾਕੇ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਖੇ 26 ਕਿਲੋਮੀਟਰ ਲੰਮੇ ਪੈਦਲ ਟਰੈਕ ਦੀ ਚੋਣ ਕੀਤੀ ਗਈ ਹੈ ਜੋ ਆਉਣ ਵਾਲੇ ਸਮੇਂ ਵਿਚ ਸੈਲਾਨੀਆਂ ਦੀ ਪਹਿਲੀ ਪਸੰਦ ਬਣੇਗਾ। ਇਸ ਤੋਂ ਇਲਾਵਾ ਨੰਗਲ ਵਿਖੇ ਸਾਈਕਲ ਟਰੈਕ ਅਤੇ ਜ਼ਿਲ੍ਹੇ ਦੇ ਹੋਰ ਇਲਾਕਿਆਂ ਵਿਚ ਰਿਵਰ ਰਾਫਟਿੰਗ ਅਤੇ ਪੈਰਾ ਗਲਾਇਡਿੰਗ ਆਦਿ ਦੀ ਤਜਵੀਜ਼ ਵੀ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਵਿਖੇ ਆਈ.ਆਈ.ਟੀ ਤੋਂ ਕਟਲੀ ਤੱਕ ਸਾਈਕਲ ਟਰੈਕ ਬਣਾਉਣ ਦਾ ਵਿਚਾਰ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸੈਲਾਨੀਆਂ ਲਈ ਸਤਲੁਜ ਦਰਿਆ ਵਿਖੇ ਵੈਟਲੈਂਡ ਏਰੀਏ ਦਾ ਆਨੰਦ ਮਾਨਣ ਲਈ ਵਧੀਆ ਪ੍ਰਬੰਧ ਕੀਤੇ ਜਾਣਗੇ। ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਐਸ.ਡੀ.ਐਮ ਰੋਪੜ ਹਰਕੀਰਤ ਕੌਰ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਅਮਰੀਕ ਸਿੰਘ, ਐਸ.ਡੀ.ਐਮ. ਮੋਰਿੰਡਾ ਦੀਪਾਂਕਰ ਗਰਗ, ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਮਨਦੀਪ ਸਿੰਘ ਢਿੱਲੋਂ, ਐਸ.ਡੀ.ਐਮ. ਨੰਗਲ ਅਨਮਜੋਤ ਕੌਰ, ਜ਼ਿਲ੍ਹਾ ਮਾਲ ਅਫਸਰ ਨਵਦੀਪ ਭੌਗਲ, ਜ਼ਿਲ੍ਹਾ ਜੰਗਲਾਤ ਅਫਸਰ ਹਰਜਿੰਦਰ ਸਿੰਘ ਅਤੇ ਟੂਰਿਜ਼ਮ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

