ਰੂਪਨਗਰ

ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਫਸਲ ਤੇ ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕੀਤੀ ਜਾਵੇ- ਡਾ. ਗੁਰਬਚਨ ਸਿੰਘ

ਰੂਪਨਗਰ,19 ਦਸੰਬਰ: (ਮਧੂਸਾਰ ਬਿਊਰੋ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋ ਪਿੰਡਾਂ ਵਿੱਚ ਕਿਸਾਨ ਸਿਖਲਾਈ ਕੈਂਪਾਂ ਰਾਹੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਕਣਕ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ। ਬਲਾਕ ਮੋਰਿੰਡਾ ਵਿੱਚ ਕਿਸਾਨ ਰਣਜੀਤ ਸਿੰਘ ਦੇ ਖੇਤ ਵਿੱਚ ਕਣਕ ਦੀ ਫਸਲ ਦਾ ਨਿਰੀਖਣ ਕਰਦੇ ਹੋਏ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਹਾੜੀ ਦੀਆਂ ਫਸਲਾਂ ਤੇ ਕੀੜੇ ਅਤੇ ਬਿਮਾਰੀਆਂ ਦੇ ਹਮਲੇ ਦਾ ਨਿਰੀਖਣ ਕਰਨ ਲਈ ਜਿਲੇ ਵਿੱਚ ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹ ਟੀਮਾਂ ਕਿਸਾਨਾਂ ਦੇ ਖੇਤਾਂ ਵਿੱਚ ਜਾਕੇ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਅਤੇ ਹੋਰ ਕੀੜੇ,ਬਿਮਾਰੀਆਂ ਦੇ ਹਮਲੇ ਦਾ ਨਿਰੀਖਣ ਕਰ ਰਹੀਆ ਹਨ। ਇਨ੍ਹਾਂ ਟੀਮਾਂ ਨੂੰ ਅਜੈ ਤੱਕ ਕਿਤੇ ਕਣਕ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਨਹੀ ਮਿਲਿਆ।

ਇਸ ਦੀ ਰੋਕਥਾਮ ਲਈ ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਣਕ ਦੀ ਫਸਲ ਤੇ ਤਣੇ ਦੀ ਗੁਲਾਬੀ ਸੁੰਡੀ ਦੇ ਹਮਲੇ ਦਾ ਧਿਆਨ ਨਾਲ ਨਿਰੀਖਣ ਕੀਤਾ ਜਾਵੇ। ਜੇ ਕਿਤੇ ਬੂਟੇ ਪੀਲੇ ਪੈ ਰਹੇ ਹੋਣ ਅਤੇ ਗੋਭ ਸੁੱਕ ਰਹੀ ਹੋਵੇ ਤਾਂ ਇਨ੍ਹਾਂ ਗੋਭਾਂ ਨੂੰ ਉਤੋ ਖਿਚਕੇ ਵੇਖੋ। ਜੇ ਗੋਭ ਅਸਾਨੀ ਨਾਲ ਬਹਾਰ ਆਵੇ ਅਤੇ ਹੇਠਲੇ ਪਾਸਿਓ ਕੱਟੀ ਹੋਈ ਹੋਵੇ ਤਾਂ ਇਥੇ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ ਤਾਂ ਇਨ੍ਹਾਂ ਖੇਤਾਂ ਵਿੱਚ ਪਾਣੀ ਲਾਉਣ ਤੋਂ ਪਹਿਲਾ ਇਕ ਲੀਟਰ ਕਲੋਰਪਾਈਰੀਫਾਸ ਜਾਂ 7 ਕਿਲੋ ਫਿਪਰੋਨਿਲ 0.3 ਜੀ ਨੂੰ 20 ਕਿਲੋ ਸਿੱਲੀ ਮਿੱਟੀ ਚ ਰਲਾਕੇ ਪ੍ਰਤੀ ਏਕੜ ਛੱਟਾ ਦੇਣਾ ਚਾਹੀਦਾ ਹੈ, ਫਿਰ ਪਾਣੀ ਲਗਾ ਦੇਣਾ ਚਹੀਦਾ ਹੈ। ਜੇਕਰ ਖੇਤ ਵਿੱਚ ਪਾਣੀ ਲਾਉਣ ਤੋਂ ਬਾਅਦ ਫਿਰ ਵੀ ਹਮਲਾ ਨਜ਼ਰ ਆਉਂਦਾ ਹੈ ਤਾਂ 50 ਮਿਲੀਲਿਟਰ ਕੋਰਾਜ਼ਨ ਪ੍ਰਤੀ ਏਕੜ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਇਸ ਮੌਕੇ ਏ.ਡੀ.ੳ ਮੋਰਿੰਡਾ ਡਾ. ਲਵਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਗੁਲਾਬੀ ਸੁੰਡੀ ਦੇ ਹਮਲੇ ਤੋਂ ਘਬਰਾਉਣ ਦੀ ਲੋੜ ਨਹੀ ਹੈ, ਸਪਰੇਅ ਤੋਂ ਬਾਅਦ ਦੁਬਾਰਾ ਫੋਟ ਸ਼ੁਰੂ ਹੋ ਜਾਂਦੀ ਹੈ ਅਤੇ ਝਾੜ ਤੇ ਫਰਕ ਨਹੀ ਪੈਂਦਾ। ਇਸ ਮੌਕੇ ਡਾ.ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਫਸਲ ਤੇ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਹੋਣ ਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਕੀਟਨਾਸ਼ਕ ਅਤੇ ਨਦੀਨਨਾਸ਼ਕ ਦਵਾਈਆ ਦੀ ਵਰਤੋਂ ਕੀਤੀ। ਇਸ ਮੌਕੇ ਦਲਜੀਤ ਸਿੰਘ ਏ.ਟੀ.ਐਮ ਅਤੇ ਹੋਰ ਕਿਸਾਨ ਹਾਜ਼ਰ ਸਨ।

Leave a Reply

Your email address will not be published. Required fields are marked *