ਪੰਜਾਬ

‘ਖੱਟੜਾ’ ਦੀ ਨਿਯੁਕਤੀ ਨਾਲ ਹਲਕਾ ਦਿਹਾਤੀ ਦੇ ਬਦਲੇ ਸਮੀਕਰਣ

ਅਕਾਲੀ ਦਲ ਨਾਲੋਂ ਦੂਰੀ ਦੀ ਕੋਸ਼ਿਸ਼ ਨਾਲ ‘ਟੌਹੜਾ’ ਪਰਿਵਾਰ ਦਾ ਪੰਜਾਬ ਦੀ ਰਾਜਨੀਤੀ ‘ਚ ਭਵਿੱਖ ਹੋ ਸਕਦੈ ਧੁੰਦਲਾ !
‘ਜਿੱਤ’ ਨੂੰ ਲੈ ਕੇ ਹਲਕੇ ਦੇ ਲੋਕ ‘ਪੱਬਾਂ ਭਾਰ’
ਪਟਿਆਲਾ : ਕੰਵਰ ਬੇਦੀ: ਪਟਿਆਲਾ ਦਿਹਾਤੀ ਹਲਕੇ ਦਾ ਇੰਚਾਰਜ ਸਤਬੀਰ ਸਿੰਘ ਖੱਟੜਾ ਨੂੰ ਲਗਾਏ ਜਾਣ ਤੋਂ ਬਾਅਦ ਲੋਕਾਂ ਦੇ ਮਨਾਂ ‘ਚ ਦਿਹਾਤੀ ਪਿੰਡਾਂ ਦੇ ਵਿਕਾਸ ਕੰਮ ਹੋਣ ਦੀ ਆਸ ਲਟ-ਲਟ ਬੱਲਣ ਲੱਗ ਪਈ ਹੈ।

ਹਲਕਾ ਦਿਹਾਤੀ ਦੇ ਲੋਕਾਂ ‘ਚ ਦਿਨ ਰਾਤ ਹਾਜ਼ਰ ਰਹਿਣ ਵਾਲੇ ਸਤਬੀਰ ਸਿੰਘ ਖੱਟੜਾ ਦੀ ਇਕੋ-ਇਕੋ ਪਹਿਲ ਜਿਥੇ ਹਲਕੇ ਦੇ ਪਿੰਡਾਂ ਦੇ ਮਿਆਰ ਨੂੰ ਉਚਾ ਚੁੱਕਣਾ ਹੈ, ਉਥੇ ਵਿਕਾਸ ਕੰਮਾਂ ‘ਚ ਤੇਜ਼ੀ ਲਿਆ ਕੇ ਪਿੰਡਾਂ ਦੀ ਨੁਹਾਰ ਬਦਲਣਾ ਰਿਹਾ ਹੈ। ਸਤਬੀਰ ਸਿੰਘ ਖੱਟੜਾ ਦੀ ਨਿਯੁਕਤੀ ਤੋਂ ਬਾਅਦ ਹਲਕਾ ਦਿਹਾਤੀ ‘ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਸਮੀਕਰਣ ਬਦਲਣੇ ਸ਼ੁਰੂ ਹੋ ਗਏ ਹਨ ਅਤੇ ਹਲਕੇ ਦੇ ਲੋਕਾਂ ਨੇ ਹੁਣ ਤੋਂ ਹੀ ਸੀਟ ਨੂੰ ‘ਜਿੱਤੀ’ ਹੋਈ ਸੀਟ ਘੋਸ਼ਿਤ ਕਰਾਰ ਦੇ ਦਿੱਤਾ ਹੈ।
2012 ਦੀਆਂ ਵਿਧਾਨ ਸਭਾ ਚੋਣਾਂ ‘ਚ ਸਤਬੀਰ ਸਿੰਘ ਖੱਟੜਾ ਨੇ ਹਲਕਾ ਦਿਹਾਤੀ ਤੋਂ ਸੀਟ ਜਿੱਤਣ ਦੀ ਦਾਅਵੇਦਾਰੀ ਜਿਤਾਈ ਸੀ, ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਨੇ ਦਾਅਵੇਦਾਰੀ ਅੱਖੋਂ ਪਰੋਖੇ ਕਰਦਿਆਂ ਹਲਕਾ ਦਿਹਾਤੀ ਦੀ ਸੀਟ ਟੌਹੜਾ ਪਰਿਵਾਰ ਦੀ ਝੋਲੀ ਤਾਂ ਪਾ ਦਿੱਤੀ, ਜਿਸ ‘ਚੋਂ ਕੇਵਲ ‘ਹਾਰ’ ਉਪਜੀ ਅਤੇ ਅਕਾਲੀ ਦਲ ਨੂੰ ਵੱਡੀ ‘ਨਿਰਾਸ਼ਾ’ ‘ਚੋਂ ਲੰਘਣਾ ਪਿਆ ਸੀ।
ਸਤਬੀਰ ਸਿੰਘ ਖੱਟੜਾ ਨੇ ਲੋਕ ਰਾਏ ਨੂੰ ਮੰਨਦਿਆਂ ਅਜ਼ਾਦਾਨਾ ਤੌਰ ‘ਤੇ ਸੀਟ ਲੜੀ ਅਤੇ ਵੱਡਾ ‘ਵੋਟ’ ਬੈਂਕ ਹਾਸਲ ਕਰਕੇ ਇਹ ਸਾਬਤ ਕਰ ਦਿੱਤਾ ਹਲਕਾ ਦਿਹਾਤੀ ਦੇ ਲੋਕ ਮਨਾਂ ‘ਚ ਕਿਤੇ-ਕਿਤੇ ਸਤਬੀਰ ਸਿੰਘ ਖੱਟੜਾ ਰੈਣ-ਬਸੇਰਾ ਬਣਾਈ ਬੈਠੇ ਹਨ। ਹਾਲਾਂਕਿ 2012 ਦੀਆਂ ਚੋਣਾਂ ‘ਚ ਹਰਮੇਲ ਸਿੰਘ ਟੌਹੜਾ ਨੂੰ ਮਿਲੀ ਹਾਰ ਦਾ ਕਾਰਣ ਵੀ ਇਹ ਮੰਨਿਆ ਜਾ ਰਿਹਾ ਸੀ, ਜੇ ਸਤਬੀਰ ਸਿੰਘ ਖੱਟੜਾ ਆਜ਼ਾਦ ਚੋਣ ਨਾ ਲੜਦੇ ਤਾਂ ਸ਼ਾਇਦ ਹਲਕਾ ਦਿਹਾਤੀ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪੈ ਜਾਂਦੀ, ਪ੍ਰੰਤੂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਤੁਰ ਜਾਣ ਤੋਂ ਬਾਅਦ ਹਲਕਾ ਦਿਹਾਤੀ ਦੇ ਲੋਕਾਂ ‘ਚ ਜਥੇਦਾਰ ਟੌਹੜਾ ਪ੍ਰਤੀ ਤਾਂ ਮੋਹ ਜਿਉਂ ਦਾ ਤਿਉਂ ਦਾ ਰਿਹਾ, ਪ੍ਰੰਤੂ ਹਰਮੇਲ ਸਿੰਘ ਟੌਹੜਾ ਦਾ ਘੱਟ ਰਿਹਾ ਜਨ ਆਧਾਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਸੀ, ਜਿਸ ਦੀ ਭਰਪਾਈ ਸ਼੍ਰੋਮਣੀ ਅਕਾਲੀ ਦਲ ‘ਚ ਅੱਜ ਤੱਕ ਨਹੀਂ ਹੋ ਸਕੀ।
ਹਲਕਾ ਦਿਹਾਤੀ ਦੇ ਲੋਕਾਂ ‘ਚ ਲੰਮੇ ਸਮੇਂ ਤੋਂ ਵਿਚਰ ਰਹੇ ਸਤਬੀਰ ਸਿੰਘ ਖੱਟੜਾ ਨੇ ਭਾਵੇਂ ਅਜ਼ਾਦ ਤੌਰ ‘ਤੇ ਚੋਣ ਲੜੀ, ਪ੍ਰੰਤੂ ਕਦੇ ਵੀ ਟੌਹੜਾ ਜਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੁਖਾਫਲਤ ਨਹੀਂ ਕੀਤੀ, ਜਿਸ ਕਾਰਨ ਹਲਕੇ ਦੇ ਲੋਕਾਂ ਨੇ ਨੌਜਵਾਨ ‘ਖੱਟੜਾ’ ਦੇ ਕੰਮਾਂ ਨੂੰ ਵੇਖਦੇ ਹੋਏ ਵੱਧ ਤੋਂ ਵੱਧ ਵੋਟਾਂ ਭੁਗਤਾਕੇ ਇਹ ਸਾਬਤ ਕਰ ਦਿੱਤਾ ਕਿ ‘ਖੱਟੜਾ’ ਹੀ ਹਲਕੇ ਦਿਹਾਤੀ ਦੇ ਲੋਕਾਂ ਦੇ ਅਸਲ ‘ਦਾਅਵੇਦਾਰ ਹਨ।
ਹਲਕਾ ਦਿਹਾਤੀ ‘ਚ ਇਸ ਗੱਲ ਦੀ ਵੀ ਚਰਚਾ ਹੈ ਕਿ ‘ਹਰਮੇਲ ਟੌਹੜਾ’ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪ੍ਰਭਾਵ ਨਾਲ ਸੀਟ ਜਿੱਤੀ ਸੀ, ਟੌਹੜਾ-ਬਾਦਲ ਜਦੋਂ ਵੱਖ ਹੋਏ ਤਾਂ ਮੁੜ ‘ਟੌਹੜਾ’ ਪਰਿਵਾਰ ‘ਜਿੱਤ’ ਵੱਲ ਵੱਧ ਨਹੀਂ ਸਕਿਆ।
ਹਲਕਾ ਦਿਹਾਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜੇ ਰਹਿਣ ਕਾਰਨ ਲੰਮਾ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ, ਜਿਨਾਂ ਨੂੰ ਇਤਿਹਾਸ ਯਾਦ ਰੱਖੇਗਾ, ਪ੍ਰੰਤੂ ‘ਹਰਮੇਲ ਸਿੰਘ ਟੌਹੜਾ’ ਪਰਿਵਾਰ ਵੱਲੋਂ ਹਲਕਾ ਦਿਹਾਤੀ ਦੀ ਸੀਟ ਨਾ ਮਿਲਣ ਕਾਰਨ ਜੇ ਸ਼੍ਰੋਮਣੀ ਅਕਾਲੀ ਦਲ ਨਾਲ ਦੂਰੀ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਪੰਜਾਬ ਦੀ ਰਾਜਨੀਤੀ ‘ਚ ‘ਟੌਹੜਾ’ ਪਰਿਵਾਰ ਦਾ ਭਵਿੱਖ ਹਮੇਸ਼ਾ ਲਈ ਧੁੰਦਲਾ ਹੋਣ ਦੇ ਆਸਾਰ ਬਣ ਸਕਦੇ ਹਨ।
ਅੱਜ ਹਲਕਾ ਦਿਹਾਤੀ ਦੇ ਲੋਕ ਆਖ ਰਹੇ ਹਨ ਕਿ ‘ਦੇਰ ਆਏ ‘ਦਰੁਸਤ’ ਆਏ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਦਾਅਵੇਦਾਰੀ ਨੂੰ ਮੰਨਣ ‘ਚ ਸਮਾਂ ਤਾਂ ਲਗਾ ਦਿੱਤਾ, ਪ੍ਰੰਤੂ 2017 ਦੇ ਮਿਸ਼ਨ ਨੂੰ ਵੇਖਦੇ ਹੋਏ ਹਲਕਾ ਦਿਹਾਤੀ ਦਾ ਇੰਚਾਰਜ ਨੌਜਵਾਨ ਸਤਬੀਰ ਸਿੰਘ ਖੱਟੜਾ ਨੂੰ ਲਗਾ ਕੇ ‘ਸ਼੍ਰੋਮਣੀ ਅਕਾਲੀ ਦਲ ਦੀ ‘ਸੀਟ’ ਤੇ ‘ਜਿੱਤ’ ਨੂੰ ਪੱਕਾ ਕਰ ਦਿੱਤਾ। ਉਪ ਮੁੱਖ ਮੰਤਰੀ ਵੱਲੋਂ 2017 ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ‘ਚ ‘ਨੌਜਵਾਨਾਂ’ ਨੂੰ ਉਤਾਰਨ ਨਾਲ ਹਲਕਾ ਦਿਹਾਤੀ ਦੇ ਨੌਜਵਾਨ ‘ਖੱਟੜਾ’ ਦੀ ‘ਜਿੱਤ’ ਪੱਬਾਂ ਭਾਰ ਨਜ਼ਰ ਆ ਰਹੇ ਹਨ। ‘ਖੱਟੜਾ’ ਦੀ ਨਿਯੁਕਤੀ ਤੋਂ ਬਾਅਦ ਹਲਕਾ ਦਿਹਾਤੀ ਦੇ ਲੋਕਾਂ ਦਾ ਘਰਾਂ ‘ਚੋਂ ਨਿਕਲਕੇ ਆਪ ਮੁਹਾਰੇ ਤੁਰਨਾ ਇਸ ਗੱਲ ਦਾ ਸੰਕੇਤ ਹੈ ਕਿ ‘ਸਤਬੀਰ ਸਿੰਘ ਖੱਟੜਾ’ ‘ਜਿੱਤ’ ਦੂਰ ਨਹੀਂ ਰਹੇ।

Leave a Reply

Your email address will not be published. Required fields are marked *