ਬਗਾਵਤੀ ਸੁਰਾਂ : ‘ਫੇਰਬਦਲ ਰਣਨੀਤੀ’ ਨੂੰ ਲੱਗਣ ਲੱਗਾ ਗ੍ਰਹਿਣ
ਕੰਵਰ ਬੇਦੀ
ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਮਿਸ਼ਨ-2017 ਦੀਆਂ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ ਨੂੰ ਅੱਗੇ ਲਿਆਉਣ ਦੀ ਤਰਜ਼ ‘ਤੇ ਹਲਕਾ ਸਨੌਰ ਅਤੇ ਪਟਿਆਲਾ ਦਿਹਾਤੀ ‘ਚ ਕੀਤੇ ਫੇਰਬਦਲ ਤੋਂ ਬਾਅਦ ‘ਦੋਵੇਂ ਸੀਟਾਂ’ ਨੂੰ ‘ਜਿੱਤੀ’ ਹੋਈ ਸੀਟ ਵਜੋਂ ਵੇਖਿਆ ਜਾਣ ਲੱਗਾ ਅਤੇ ਗੱਲ ਲੋਕ ‘ਚਰਚਾ’ ਵੀ ਬਣੀ ਹੋਈ ਹੈ, ਪ੍ਰੰਤੂ ਅੰਦਰੋਂ-ਅੰਦਰੀ ਬਗਾਵਤ ਦੀ ਸੁਲਘ ਰਹੀ ਚਿੰਗਾਰੀ ਹੁਣ ਭਾਂਬੜ ਦਾ ਰੂਪ ਧਾਰਨ ਲੱਗ ਪਈ ਹੈ।
ਹਲਕੇ ਦੇ ਟਕਸਾਲੀ ਪਰਿਵਾਰਾਂ ਨਾਲ ਸਬੰਧਤ ਹਲਕਾ ਸਨੌਰ ਦੇ ਇੰਚਾਰਜ ਰਹੇ ਤੇਜਿੰਦਰਪਾਲ ਸਿੰਘ ਸੰਧੂ ਅਤੇ ਹਲਕਾ ਦਿਹਾਤੀ ਤੋਂ ਹਰਮੇਲ ਸਿੰਘ ਟੌਹੜਾ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਮਨ ‘ਚ ਰੋਸ ਰੱਖਦੇ ਹੋਏ ਲੋਕਾਂ ਨੂੰ ਆਧਾਰ ਬਣਾ ਕੇ ਪਾਰਟੀ ਸੁਪਰੀਮੋ ਵੱਲੋਂ ਹਲਕੇ ਦੇ ਲੋਕਾਂ ਦੀ ਸੇਵਾ ‘ਚ ਸਨੌਰ ਭੇਜੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਪਟਿਆਲਾ ਦਿਹਾਤੀ ‘ਚ ਨਿਯੁਕਤ ਕੀਤੇ ਸਤਬੀਰ ਸਿੰਘ ਖੱਟੜਾ ਵਿਰੁੱਧ ਬਗਾਵਤੀ ਮੋਰਚਾ ਖੋਲ੍ਹ ਦਿੱਤਾ ਹੈ।
ਨਵ-ਨਿਯੁਕਤੀਆਂ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਗਾਮੀ ਵਿਧਾਨ ਸਭਾ ਚੋਣਾਂ ‘ਚ ਜਿੱਤ ਦਰਜ ਕਰਨ ਵਾਲੇ ਉਮੀਦਵਾਰਾਂ ਨੂੰ ਉਤਾਰਨ ਲਈ ਸਰਵੇਖਣ ਕਰਵਾਇਆ ਸੀ, ਜਿਸ ਦੇ ਆਧਾਰ ‘ਤੇ ਹਲਕਾ ਇੰਚਾਰਜ ਬਦਲੇ ਗਏ, ਜਿਸ ਤੋਂ ਬਾਅਦ ਹੋਲੀ-ਹੋਲੀ ਇਹ ਗੱਲ ਆਪ ਮੁਹਾਰੇ ਆਉਣ ਲੱਗ ਪਈ ਕਿ ‘ਬਦਲੇ ਗਏ ਇੰਚਾਰਜਾਂ’ ਨੂੰ ਹੀ ਚੋਣ ਉਮੀਦਵਾਰ ਵਜੋਂ ‘ਚੋਣ ਪਿੜ’ ‘ਚ ਉਤਾਰਿਆ ਜਾਣਾ ਹੈ।
ਪਾਰਟੀ ਵੱਲੋਂ ਆਏ ਫੈਸਲੇ ਨੂੰ ਹਜ਼ਮ ਨਾ ਕਰਦਿਆਂ ਟਕਸਾਲੀ ਪਰਿਵਾਰਾਂ ਵੱਲੋਂ ਆਪੋ-ਆਪਣੇ ਸਮਰਥਕਾਂ ਨੂੰ ਲੈ ਕੇ ਬਗਾਵਤੀ ਮੋਰਚਾ ਖੋਲ੍ਹਦਿਆਂ ਸਨੌਰ ਅਤੇ ਪਟਿਆਲਾ ਦਿਹਾਤੀ ‘ਤੇ ਇਸ ਕਰਕੇ ਦਾਅਵੇਦਾਰੀ ਜਿਤਾਈ ਜਾ ਰਹੀ ਹੈ ਤਾਂ ਜੋ 2017 ‘ਚ ਉਹ ‘ਉਮੀਦਵਾਰ’ ਬਣ ਕੇ ਆ ਸਕਣ, ਪ੍ਰੰਤੂ ਹਲਕੇ ਦੇ ਲੋਕਾਂ ‘ਚ ਇਹ ਵੀ ਚਰਚਾ ਹੈ ‘ਕੀ ਟਕਸਾਲੀ ਪਰਿਵਾਰ’ ਦੇ ਬਗਾਵਤੀ ਸੁਰ ਜਾਇਜ਼ ਹਨ?’ ਉਨ੍ਹਾਂ ਦਾ ਕਹਿਣਾ ਹਰ ਵਾਰ ਟਕਸਾਲੀ ਪਰਿਵਾਰ ‘ਸੰਧੂ’ ਧੜੇ ਅਤੇ ‘ਟੌਹੜਾ’ ਧੜੇ ਵੱਲੋਂ ‘ਪਰਿਵਾਰਾਂ ਨੂੰ ਅਣਗੌਲੇ’ ਕਹਿਕੇ ‘ਬਗਾਵਤੀ’ ਬਿਗਲ ਵਜਾਇਆ ਜਾਂਦਾ ਅਤੇ ‘ਟਿਕਟ’ ਹਾਸਲ ਕਰ ਲਈ ਜਾਂਦੀ, ਪ੍ਰੰਤੂ ਪਟਿਆਲਾ ਜ਼ਿਲ੍ਹੇ ਦੀਆਂ ਅੱਠ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕਾ-ਦੁੱਕਾ ਸੀਟ ‘ਤੇ ਜਿੱਤ ਹਾਸਲ ਕਰਕੇ ਹੀ ਸਬਰ ਕਰਨਾ ਪੈਂਦਾ।
ਪਟਿਆਲਾ ਸੀਟ ਨੂੰ ਹਮੇਸ਼ਾ ਬਿਨਾਂ ਮੁਕਾਬਲੇ ਵਾਲੀ ਸੀਟ ਮੰਨਿਆ ਜਾਂਦਾ ਰਿਹਾ, ਕਿਉਂਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ‘ਕੈਪਟਨ’ ਪਰਿਵਾਰ ਨੂੰ ਅਜੇ ਤੱਕ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਾਰਿਆ ਉਮੀਦਵਾਰ ‘ਟੱਕਰ’ ਨਹੀਂ ਦੇ ਸਕਿਆ, ਜਿਸ ਤੋਂ ਬਾਅਦ ਚਰਚਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ‘ਪਟਿਆਲਾ ਸੀਟ’ ਵੱਲ ਧਿਆਨ ਦੇਣਾ ਹੀ ਬੰਦ ਕੀਤਾ ਹੋਇਆ ਸੀ, ਪ੍ਰੰਤੂ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਨੇ ‘ਕੈਪਟਨ’ ਨੂੰ ਸਬਕ ਸਿਖਾਉਣ ਤੋਂ ਇਲਾਵਾ ਪਟਿਆਲਾ ਹਲਕੇ ‘ਚੋਂ ਜਿੱਤਾਂ ਦਰਜ ਕਰਨ ਲਈ ‘ਰਣਨੀਤੀ’ ਉਲੀਕੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਟਕਸਾਲੀ ਪਰਿਵਾਰ ਨੂੰ ਪਾਰਟੀ ‘ਚ ਅਹਿਮ ਤਵੱਜੋਂ ਦਿੱਤੀ, ਜਿਸ ਕਾਰਨ ਦੋਵੇਂ ਪਰਿਵਾਰਾਂ ਨੇ ਜਿਥੇ ਵਾਰ-ਵਾਰ ਬਗਾਵਤ ਕਰਕੇ ‘ਟਿਕਟਾਂ’ ਹਾਸਲ ਕੀਤੀਆਂ ਅਤੇ ਚੇਅਰਮੈਨੀ ਦੇ ਅਹੁਦੇ ਤੱਕ ਪ੍ਰਾਪਤ ਕੀਤੇ ਹਨ, ਪ੍ਰੰਤੂ ਅੱਜ ਤੱਕ ਕਦੇ ਵੀ ਹਲਕੇ ‘ਚੋਂ ‘ਜਿੱਤ’ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਨਹੀਂ ਪਾਈ ਇਸ ਕਰਕੇ ‘ਦਾਅਵੇਦਾਰੀ’ ਤੋਂ ਦੋਵੇਂ ਪਰਿਵਾਰਾਂ ਨੂੰ ਪਿੱਛੇ ਹੱਟ ਜਾਣਾ ਚਾਹੀਦਾ ਹੈ।
ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਪਟਿਆਲਾ ਹਲਕੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਹੁਣ ਤੱਕ ‘ਕਾਂਗਰਸੀਆਂ’ ਨਾਲ ਮਿਲ ਕੇ ‘ਹਾਰ’ ਸਵੀਕਾਰ ਕੀਤੀ ਅਤੇ ਅਕਾਲੀ ਉਮੀਦਵਾਰਾਂ ਦੀ ਕਾਂਗਰਸੀਆਂ ਨਾਲ ਕਿਤੇ ਨਾ ਕਿਤੇ ਹੋਈ ਗੰਢਤੁੰਪ ਕਾਰਨ ਹਮੇਸ਼ਾ ਅਕਾਲੀ ਦਲ ਨੂੰ ਹਮੇਸ਼ਾ ਨਮੋਸ਼ੀ ‘ਚੋਂ ਲੰਘਣਾ ਪਿਆ ਹੈ ਅਤੇ ਸਾਰੀ ਸਥਿਤੀ ਨੂੰ ਭਾਂਪਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਨੂੰ ‘ਫੇਰਬਦਲ ਰਣਨੀਤੀ’ ਅਪਣਾਉਣੀ ਪਈ, ਪ੍ਰੰਤੂ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ‘ਚ ਚੰਦੂਮਾਜਰਾ ਅਤੇ ਦਿਹਾਤੀ ਖੇਤਰ ‘ਚ ਖੱਟੜਾ ਵਿਰੁੱਧ ਲੋਕਾਂ ਨੂੰ ਆਧਾਰ ਬਣਾ ਕੇ ਉਠ ਰਹੀਆਂ ‘ਬਗਾਵਤੀ ਸੁਰਾਂ’ ਅਤੇ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ‘ਫੇਰਬਦਲ ਰਣਨੀਤੀ’ ਸ਼੍ਰੋਮਣੀ ਅਕਾਲੀ ਦਲ ਦੇ ਮਿਸ਼ਨ-2017 ਦੇ ਰਾਹ ‘ਚ ਕਿਤੇ ਰੌੜਾ ਬਣ ਸਕਦਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ੍ਹੇ ‘ਚ ਹਮੇਸ਼ਾ ਬਗਾਵਤੀ ਸੁਰਾਂ ਉਠਦੀਆਂ ਰਹੀਆਂ, ਪ੍ਰੰਤੂ ਆਪ ਦੇ ਦਸਤਕ ਦਿੱਤੇ ਜਾਣ ਨਾਲ ਕਿਤੇ ‘ਅਕਾਲੀ ਦਲ’ ਹੱਥ ਆਈ ‘ਗੇਦ’ ਨੂੰ ‘ਤੀਜੀ ਧਿਰ’ ਖੋਹ ਕੇ ‘ਪਟਿਆਲਾ ਚੋਣ ਨਤੀਜਿਆਂ’ ਦੇ ਸਮੀਕਰਣ ਨਾ ਬਦਲ ਦੇਵੇ।
ਸੀਟ ਜਿੱਤੀਏ ਭਾਵੇਂ ਨਾ, ਪਟਿਆਲਾ ਦਿਹਾਤੀ ਦੀ ਦਾਅਵੇਦਾਰੀ ਨਹੀਂ ਛੱਡਾਂਗੇ : ਹਰਿੰਦਰਪਾਲ ਸਿੰਘ ਟੌਹੜਾ
ਪਟਿਆਲਾ (ਮਧੂਸਾਰ ਬਿਊਰੋ) ਪਟਿਆਲਾ ਦਿਹਾਤੀ ‘ਚ ਸਤਬੀਰ ਸਿੰਘ ਖੱਟੜਾ ਖਿਲਾਫ਼ ਮੋਰਚਾ ਖੋਲ੍ਹਣ ਤੋਂ ਬਾਅਦ ਗੱਲਬਾਤ ਕਰਦਿਆਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪੋਤਰੇ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਿੰਦਰਪਾਲ ਸਿੰਘ ਟੌਹੜਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਰਹਿਣ ਕਾਰਣ ਅਸੀਂ ਪਾਰਟੀ ਪ੍ਰਧਾਨ ਕੋਲ ਆਪਣੀ ਹਰ ਗੱਲ ਰੱਖਣ ਦਾ ਅਧਿਕਾਰ ਰੱਖਦੇ ਹਾਂ, ਜਿਥੇ ਇਲਾਕੇ ਦੀ ਲੋਕਾਂ ਦੀ ਮੰਗ ਹੈ, ਉਥੇ ਦਾਅਵੇਦਾਰੀ ਨਹੀਂ ਛੱਡਾਂਗੇ। ਉਨਾਂ ਕਿਹਾ ਕਿ ਸਾਡੇ ਪਰਿਵਾਰ ਦੀ ਪਹਿਲੀ ਮੰਗ ਸੀ ਅਸੀਂ ਹਲਕਾ ਸਨੌਰ ਤੋਂ ਚੋਣ ਲੜਦੇ, ਪ੍ਰੰਤੂ ਅਸੀਂ ‘ਸੀਟ ਜਿੱਤੀਏ ਜਾ ਨਾ’ ਪਟਿਆਲਾ ਦਿਹਾਤੀ ਦੀ ਦਾਅਵੇਦਾਰੀ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਕਿਹੜਾ 117 ‘ਚੋਂ 116 ਵਿਧਾਨ ਸਭਾ ਹਲਕਿਆਂ ‘ਤੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤਬੀਰ ਸਿੰਘ ਖੱਟੜਾ ਨੇ 2012 ਦੀਆਂ ਚੋਣਾਂ ‘ਚ ਸਾਡੇ ਖਿਲਾਫ਼ ਲੜੀ ਸੀ, ਜਿਸ ਨੂੰ ਪਾਰਟੀ ਨੇ ਅੱਜ ਹਲਕਾ ਇੰਚਾਰਜ ਨਿਯੁਕਤ ਕਰਕੇ ਚੋਣ ਪਿੜ ਵਿਚ ਉਤਾਰਨ ਦਾ ਮਨ ਬਣਾਇਆ ਹੈ, ਜਿਸ ਨਾਲ ਤੁਰਨ ਦਾ ਇਲਾਕੇ ਦੇ ਲੋਕਾਂ ਦਾ ਉਕਾ ਮਨ ਨਹੀਂ ਹੈ।
ਚੰਦੂਮਾਜਰਾ ਨੂੰ ਸਨੌਰ ਦੇ ਲੋਕ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ : ਸੰਧੂ
ਪਟਿਆਲਾ (ਮਧੂਸਾਰ ਬਿਊਰੋ) ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਵਿਰੋਧ ‘ਚ ਮੋਰਚਾ ਖੋਲ੍ਹਦਿਆਂ ਹਲਕਾ ਸਨੌਰ ਤੋਂ ਤੇਜਿੰਦਰਪਾਲ ਸਿੰਘ ਸੰਧੂ ਨੇ ਪ੍ਰੋ. ਚੰਦੂਮਾਜਰਾ ਨੂੰ ਬਾਹਰਲਾ ਉਮੀਦਵਾਰ ਦੱਸਦਿਆਂ ਕਿਹਾ ਕਿ ਲੋਕ ਪ੍ਰੋ. ਚੰਦੂਮਾਜਰਾ ਨੂੰ ਬਰਦਾਸ਼ਤ ਕਰਨ ਨੂੰਂ ਤਿਆਰ ਨਹੀਂ ਹੈ। ਸ. ਸੰਧੂ ਨੇ ਆਖਿਆ ਕਿ ਪ੍ਰੋ. ਚੰਦੂਮਾਜਰਾ ਪਿਛਲੇ 4 ਸਾਲਾਂ ‘ਚ 3 ਹਲਕੇ ਬਦਲ ਚੁੱਕੇ ਹਨ ਪਰ ਇਨ੍ਹਾਂ ਨੂੰ ਚੋਣ ਲੜਨ ਲਈ ਕੋਈ ਵੀ ਹਲਕਾ ਫਿੱਟ ਨਹੀਂ ਬੈਠ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਚੰਦੂਮਾਜਰਾ ਇੰਨੇ ਦੀ ਕੱਦਵਾਰ ਆਗੂ ਹਨ ਤਾਂ ਉਹ ਦੁਬਾਰਾ ਫਤਿਹਗੜ੍ਹ ਸਾਹਿਬ ਤੋਂ ਚੋਣ ਕਿਓਂ ਨਹੀਂ ਲੜਦੇ।
ਚੰਦੂਮਾਜਰਾ ਕੋਈ ਹਲਕਾ ਪੱਕਾ ਨਹੀਂ ਕਰ ਸਕੇ : ਅਨੂਪਇੰਦਰ ਕੌਰ ਸੰਧੂ
ਪਟਿਆਲਾ (ਮਧੂਸਾਰ ਬਿਊਰੋ) ਬੀਬੀ ਅਨੂਪਇੰਦਰ ਕੌਰ ਸੰਧੂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜ੍ਹੇ ਹਨ ਅਤੇ ਆਉਣ ਵਾਲੇ ਸਮੇਂ ‘ਚ ਵੀ ਉਹ ਪਾਰਟੀ ਦੇ ਮੋਢੇ ਨਾਲ ਮੋਢਾ ਲਗਾ ਕੇ ਚੱਲਣਗੇਂ ਪਰ ਉਨ੍ਹਾਂ ਦੀ ਵਿਰੋਧਤਾ ਪ੍ਰੋ. ਚੰਦੂਮਾਜਰਾ ਨਾਲ ਹੈ।
ਬੀਬੀ ਸੰਧੂ ਨੇ ਕਿਹਾ ਕਿ ਪ੍ਰੋ.. ਚੰਦੂਮਾਜਰਾ ਪਿਛਲੇ 35 ਸਾਲਾਂ ਤੋਂ ਸਿਆਸਤ ਕਰ ਰਹੇ ਹਨ ਪਰ ਅਜੇ ਤੱਕ ਆਪਣਾ ਕੋਈ ਵੀ ਹਲਕਾ ਪੱਕਾ ਨਹੀਂ ਕਰ ਸਕੇ।

