ਪਟਿਆਲਾ

ਮਸਲਾ ਸਾਲ 2016 ਦੀਆਂ ਤਰੱਕੀਆਂ ਵਿੱਚ ਦਫ਼ਤਰ ਵੱਲੋੰ ਅ. ਜਾਤੀ ਨੂੰ ਨਾਂ ਦਿੱਤੀ ਰਿਜ਼ਰਵੇਸ਼ਨ ਦਾ ਹੈ-ਜਥੇਬੰਦੀ

ਦਫ਼ਤਰ ਦੀ ਵਿਭਾਗੀ ਤਰੱਕੀ ਕਮੇਟੀ ਦੇ ਨੁਮਾਇੰਦਿਆਂ ਵੱਲੋੰ ਮੰਗ ਪੱਤਰ ਲੈਕੇ ਜਾਂਚ ਉਪਰੰਤ ਇਨਸਾਫ਼ ਦਾ ਭਰੋਸਾ ਦਿੱਤਾ-ਆਗੂ

ਪਟਿਆਲਾ: ਐੱਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੀ ਇੱਕ ਜ਼ਰੂਰੀ ਮੀਟਿੰਗ ਲਛਮਣ ਸਿੰਘ ਨਬੀਪੁਰ ਦੀ ਅਗਵਾਈ ਵਿੱਚ ਡੀਈਓ (ਐ.ਸਿ.) ਦਫ਼ਤਰ ਪਟਿਆਲਾ ਵਿਖੇ ਹੋਈ।ਜਿਸ ਵਿੱਚ ਸ਼ਾਮਿਲ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਅੱਜ ਦਫ਼ਤਰ ਵੱਲੋੰ 66 ਅਧਿਆਪਕਾਂ ਨੂੰ ਤਰੱਕੀ ਲਈ ਸੱਦਿਆ ਗਿਆ ਸੀ।ਜਿਸਤੋਂ ਸਪੱਸ਼ਟ ਹੁੰਦਾ ਹੈ ਕਿ ਦਫ਼ਤਰ ਵੱਲੋੰ ਸਾਲ 2016 ਵਿੱਚ ਹੈੱਡ ਟੀਚਰ ਦੀਆਂ ਕੀਤੀਆਂ ਤਰੱਕੀਆਂ ਵਿੱਚ ਰਿਜ਼ਰਵ ਸ਼੍ਰੇਣੀਆਂ ਨੂੰ ਰਿਜ਼ਰਵੇਸ਼ਨ ਨਾਂ ਦੇਣ ਬਾਬਤ ਕੋਈ ਰਾਹਤ ਨਹੀਂ ਦਿੱਤੀ ਹੈ।ਜਿਸਦੇ ਖ਼ਿਲਾਫ਼ ਰੋਸ ਵਜੋਂ ਪ੍ਰਦਰਸ਼ਨ ਕੀਤਾ ਗਿਆ।ਮੌਕੇ ਤੇ ਹਾਜ਼ਰ ਦਫ਼ਤਰ ਦੇ ਸੁਪਰਡੈਂਟ, ਡੀਲਿੰਗ ਅਤੇ ਡੀਪੀਸੀ ਦੇ ਮੈਂਬਰ ਸਹਿਬਾਨ ਹਾਜ਼ਰ ਸਨ। ਜਿਹਨਾਂ ਵੱਲੋੰ ਜਥੇਬੰਦੀ ਦਾ ਮੰਗ ਪੱਤਰ ਲੈਕੇ ਉਸ ਅਨੁਸਾਰ ਕਾਰਵਾਈ ਕਰਨ ਉਪਰੰਤ ਹੀ ਤਰੱਕੀਆਂ ਕਰਨ ਦਾ ਭਰੋਸਾ ਦਿੱਤਾ ਗਿਆ।
ਦੱਸਣਯੋਗ ਹੈ ਕਿ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਪਟਿਆਲਾ ਵੱਲੋਂ 01.04.2016 ਨੂੰ ਜਾਰੀ ਸੀਨੀਆਰਤਾ ਸੂਚੀ ਦੇ ਆਧਾਰ ਤੇ ਸਾਲ 2016 ਵਿੱਚ ਹੈੱਡ ਟੀਚਰ ਦੀਆਂ ਕੁੱਲ 392 ਤਰੱਕੀਆਂ ਕੀਤੀਆਂ ਗਈਆਂ।ਉਸ ਸਮੇਂ ਕੁੱਲ ਹੈੱਡ ਟੀਚਰ ਤਰੱਕੀ ਕੋਟੇ ਦੀਆਂ 412 ਅਸਾਮੀਆਂ ਮਨਜ਼ੂਰਸ਼ੁਦਾ ਸਨ।ਜਿਨ੍ਹਾਂ ਵਿੱਚੋਂ ਅ.ਜਾਤੀ ਲਈ ਰਿਜ਼ਰਵੇਸ਼ਨ ਅਨੁਸਾਰ ਬਣਦਾ ਹਿੱਸਾ 83 ਰੋਸਟਰ ਨੁਕਤੇ ਬਣਦੇ ਸਨ।ਇਨ੍ਹਾਂ ਤਰੱਕੀਆਂ ਤੋਂ ਪਹਿਲਾਂ 20 ਅਸਾਮੀਆਂ ਭਰੀਆਂ ਹੋਈਆਂ ਸਨ।ਜਿਨ੍ਹਾਂ ਵਿੱਚ 4 ਐੱਸ.ਸੀ. ਕਰਮਚਾਰੀ ਰੋਸਟਰ ਨੁਕਤੇ ਤੇ ਕੰਮ ਕਰਦੇ ਸਨ।ਇਸ ਸਥਿਤੀ ਅਨੁਸਾਰ ਐੱਸ.ਸੀ. ਕੋਟੇ ਦੇ 79 ਰੋਸਟਰ ਨੁਕਤੇ ਖ਼ਾਲੀ ਸਨ ਜੋ ਕਿ ਦਫ਼ਤਰ ਵੱਲੋਂ ਭਰੇ ਨਹੀਂ ਗਏ।ਰੋਸਟਰ ਰਜਿਸਟਰ ਨੂੰ ਤਿਆਰ ਕਰਦੇ ਸਮੇਂ ਇਸਨੂੰ ਤੋੜ-ਮਰੋੜ ਕੇ ਭਾਵ ਸੀਨੀਆਰਤਾ ਨੰਬਰਾਂ ਨੂੰ ਅੱਗੇ-ਪਿੱਛੇ ਕਰਕੇ ਤਿਆਰ ਕੀਤਾ ਗਿਆ ਹੈ।ਜੋ ਕਿ ਭਲਾਈ ਵਿਭਾਗ ਨੂੰ ਵੀ ਗੁਮਰਾਹ ਕਰਕੇ ਚੈੱਕ ਕਰਵਾਇਆ ਗਿਆ।ਇਹਨਾਂ ਤਰੱਕੀਆਂ ਵਿੱਚ ਜਨਰਲ ਸ਼੍ਰੇਣੀ ਦੀਆਂ 440 ਸੀਨੀਆਰਤਾ ਨੰਬਰ ਤੱਕ ਤਰੱਕੀਆਂ ਕੀਤੀਆਂ ਗਈਆਂ ਸਨ।ਜਿਨ੍ਹਾਂ ਵਿੱਚ 440 ਸੀਨੀਆਰਤਾ ਨੰਬਰ ਤੋਂ ਬਾਅਦ ਅ.ਜਾਤੀ ਦੇ ਸਿਰਫ਼ 5 ਉਮੀਦਵਾਰਾਂ (ਸੀਨੀਆਰਤਾ ਨੰ:450, 454, 472, 474 ਅਤੇ 475) ਨੂੰ ਹੀ ਰਿਜ਼ਰਵੇਸ਼ਨ ਤੇ ਪ੍ਰਮੋਟ ਕੀਤਾ ਗਿਆ ਹੈ।ਇਸ ਅਨੁਸਾਰ ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ 440 ਸੀਨੀਆਰਤਾ ਨੰਬਰ ਤੋਂ ਬਾਅਦ 79 ਰੋਸਟਰ ਨੁਕਤੇ ਭਰਨੇ ਬਣਦੇ ਸਨ।ਜਦੋਂ ਕਿ ਅ.ਜਾਤੀ ਦੇ ਕੇਵਲ 5 ਨੁਕਤੇ ਹੀ ਭਰੇ ਗਏ ਹਨ ਅਤੇ 74 ਰੋਸਟਰ ਨੁਕਤੇ ਅਜੇ ਤੱਕ ਵੀ ਪੈਂਡਿੰਗ ਹਨ।
ਆਗੂਆਂ ਨੇ ਦੱਸਿਆ ਕਿ ਤਰੱਕੀਆਂ ਵਿੱਚ ਪੈਂਡਿੰਗ ਰੋਸਟਰ ਨੁਕਤਿਆਂ ਨੂੰ ਭਰਨ ਲਈ ਸਮੇਂ-ਸਮੇਂ ਤੇ ਜਥੇਬੰਦੀ ਵੱਲੋਂ ਮੰਗ ਕੀਤੀ ਜਾਂਦੀ ਰਹੀ ਹੈ।ਜਿਸਨੂੰ ਪ੍ਰਵਾਨ ਕਰਦੇ ਹੋਏ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਪੰਜਾਬ ਅਤੇ ਡੀ.ਪੀ.ਆਈ. (ਐ.ਸਿ.) ਪੰਜਾਬ ਵੱਲੋਂ ਮਿਤੀ:19.12.2022, ਮਿਤੀ:31.05.2023 ਅਤੇ 19.07.2023 (ਯਾਦ ਪੱਤਰ-1) ਨੂੰ ਜਾਰੀ ਪੱਤਰਾਂ ਰਾਹੀਂ ਇਹਨਾਂ ਤਰੱਕੀਆਂ ਨੂੰ ਰੀਵਿਊ ਕਰਨ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਪਟਿਆਲਾ ਨੂੰ ਲਿਖਿਆ ਜਾ ਚੁੱਕਾ ਹੈ।ਪ੍ਰੰਤੂ ਜ਼ਿਲ੍ਹਾ ਸਿੱਖਿਆ ਅਧਿਕਾਰੀ ਪਟਿਆਲਾ ਵੱਲੋੰ, ਸਿੱਖਿਆ ਸਕੱਤਰ ਪੰਜਾਬ ਅਤੇ ਡੀ.ਪੀ.ਆਈ. (ਐ.ਸਿ.) ਦੇ ਹੁਕਮਾਂ ਤੇ ਲੱਗਭੱਗ ਇੱਕ ਸਾਲ ਦਾ ਸਮਾਂ ਲੰਘਣ ਤੋਂ ਬਾਅਦ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਨਹੀਂ ਜਾ ਰਹੀ ਹੈ, ਜਿਸਤੋਂ ਰਿਜ਼ਰਵ ਸ਼੍ਰੇਣੀਆਂ ਦੇ ਹੱਕਾਂ ਪ੍ਰਤੀ ਅਧਿਕਾਰੀ ਦੀ ਮੰਦਭਾਵਨਾ ਸਾਫ਼ ਜ਼ਾਹਿਰ ਹੋ ਰਹੀ ਹੈ।
ਆਖਿਰ ਵਿੱਚ ਜਥੇਬੰਦੀ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਭਾਵੇਂ ਵਿਭਾਗ ਵੱਲੋਂ ਮੰਗ ਪੱਤਰ ਲੈਕੇ ਭਰੋਸਾ ਦੇਕੇ ਫਿਲਹਾਲ ਤਰੱਕੀਆਂ ਰੋਕ ਦਿੱਤੀਆਂ ਗਈਆਂ ਹਨ।ਪਰ ਸਾਲ 2016 ਦੀਆਂ ਹੈੱਡ ਟੀਚਰ ਦੀਆਂ ਤਰੱਕੀਆਂ ਵਿੱਚ ਰਾਖਵਾਂਕਰਨ ਨੀਤੀ ਦੀ ਉਲੰਘਣਾਂ ਕਰਕੇ ਬਣਦੀ ਪ੍ਰਤੀਨਿਧਤਾ ਨਾਂ ਦੇਣ ਬਾਬਤ ਇਨਸਾਫ਼ ਦਾ ਜਲਦ ਪ੍ਰਬੰਧ ਕੀਤਾ ਜਾਵੇ।ਇਸ ਸਮੇਂ ਗੁਰਪ੍ਰੀਤ ਸਿੰਘ ਗੁਰੂ, ਜਗਤਾਰ ਸਿੰਘ ਨਾਭਾ, ਹਰਬਲਾਸ ਸਿੰਘ, ਲਾਲ ਸਿੰਘ ਡਕਾਲਾ, ਕੁਲਦੀਪ ਪਟਿਆਲਵੀ, ਸ਼ਮਸ਼ੇਰ ਸਿੰਘ ਨਿਆਲ, ਪ੍ਰੇਮ ਮੌਲਵੀਵਾਲਾ, ਬਲਵਿੰਦਰ ਘੱਗਾ, ਤਰਸੇਮ ਵਜੀਦਪੁਰ, ਹਰਵਿੰਦਰ ਜੁਲਕਾਂ, ਸਤਬੀਰ ਪਸਿਆਣਾ, ਪਰਮਿੰਦਰ ਰਾਠੀਆਂ, ਜਗਤਾਰ ਸਿੰਘ ਗੁਰਦਿਆਲਪੁਰਾ, ਗੁਰਜੰਟ ਤੁੰਗਾਂ, ਗੁਰਜਿੰਦਰ ਨਾਭਾ, ਬਲਬੀਰ ਘੱਗਾ, ਲਖਵਿੰਦਰ ਕਕਰਾਲਾ, ਤਰਸੇਮ ਗਾਜੇਵਾਸ, ਸਤਪਾਲ ਬਕਰਾਹਾ, ਲਖਵਿੰਦਰ ਲੰਗੜੋਈ, ਦੀਪਕ ਸਮਾਣਾ, ਬਲਕਾਰ ਕਾਠ, ਸੁਖਵਿੰਦਰ ਸਿੰਘ ਸਿਓਨਾ, ਹੰਸ ਰਾਜ, ਗੁਰਪਾਲ ਮੌਲਵੀਵਾਲਾ, ਸੁਖਪਾਲ ਦਫ਼ਤਰੀਵਾਲਾ, ਬਲਕਾਰ ਸਿੰਘ, ਸੁਖਪਾਲ ਬਕਰਾਹਾ, ਅਮਰੀਕ ਸਮਾਣਾ, ਗੁਰਨੈਬ ਸਮਾਣਾ, ਮਲਕੀਤ ਦੁਗਾਲ, ਜਸਵਿੰਦਰ ਪਾਤੜਾਂ, ਯੋਗਰਾਜ ਸਮਾਣਾ, ਕੁਲਦੀਪ ਸਮਾਣਾ, ਭਜਨ ਸਿੰਘ ਚਹਿਲ, ਮਲਕੀਤ ਦੁੱਲੜ, ਸਤਪਾਲ ਨਨਹੇੜਾ, ਹਰਜਿੰਦਰ ਸਿੰਘ, ਗੁਰਪਾਲ ਸਿੰਘ, ਵੀਰਇੰਦਰ ਘੰਗਰੌਲੀ ਅਤੇ ਸੁਖਦੇਵ ਸਿੰਘ ਰਾਜਪੁਰਾ ਹਾਜ਼ਰ ਹੋਏ।

Leave a Reply

Your email address will not be published. Required fields are marked *