ਚੰਡੀਗੜ੍ਹ ਮੇਅਰ ਦੀ ਚੋਣ ਸਿਆਸਤ ਦੀ ਤਸਵੀਰ ਬਦਲੇਗੀ – ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ ਆਰ ਟੀ ਸੀ
ਪਟਿਆਲਾ 19 ਜਨਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ ਆਰ ਟੀ ਸੀ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ ਕੋਈ ਆਮ ਚੋਣ ਨਹੀਂ ਹੈ। ਇਹ ਚੋਣ ਸਿਆਸਤ ਦੀ ਤਕਦੀਰ ਅਤੇ ਤਸਵੀਰ ਬਦਲਣ ਵਾਲੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਭਾਵੇਂ ਜਿੰਨੀਆਂ ਮਰਜ਼ੀ ਚਾਲਾਂ ਖੇਡੇ ਪਰ ਇਸ ਵਾਰ ਗਣਿਤ ਗਠਜੋੜ ਦੇ ਹੱਕ ਵਿਚ ਹੈ। ਗਠਜੋੜ ਨਗਰ ਨਿਗਮ ’ਤੇ ਕਬਜ਼ਾ ਕਰਨ ਜਾ ਰਿਹਾ ਹੈ ਅਤੇ ਇਹੀ ਰਾਹ ਲੋਕ ਸਭਾ ਚੋਣਾਂ ਵਿੱਚ ਵੀ ਜਿੱਤ ਵੱਲ ਲੈ ਜਾਵੇਗਾ। ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਮੇਅਰ ਬਣਾਉਣਗੇ। ਭਾਜਪਾ ਨੇ ਪਿਛਲੇ ਦੋ ਸਾਲਾਂ ਵਿੱਚ ਚੰਡੀਗੜ੍ਹ ਲਈ ਕੁਝ ਨਹੀਂ ਕੀਤਾ। ਪਿਛਲੇ ਸਾਲਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਦੇਸ਼ ਦੀ ਆਰਥਿਕ ਸਥਿਤੀ ਲਗਾਤਾਰ ਖਰਾਬ ਕੀਤੀ ਹੈ। ਇਸ ਦਾ ਨੁਕਸਾਨ ਆਮ ਜਨਤਾ ਨੂੰ ਹੋ ਰਿਹਾ ਹੈ ਤੇ ਕਾਰਪੋਰੇਟ ਘਰਾਣੇ ਹੋਰ ਜਿਆਦਾ ਅਮੀਰ ਹੋ ਰਹੇ ਹਨ।ਇਨ੍ਹਾਂ ਸਾਲਾਂ ਦੌਰਾਨ ਭਾਜਪਾ ਦੇ ਨੇਤਾਵਾਂ ਤੇ ਵਰਕਰਾਂ ਨੇ ਸਿਰਫ ਆਪਣੀਆਂ ਹੀ ਜੇਬਾਂ ਭਰੀਆਂ ਹਨ। ਮੌਜੂਦਾ ਸਮੇਂ ਲੋਕ ਹੁਣ ਪੂਰੀ ਤਰ੍ਹਾਂ ਜਾਗਰੂਕ ਹੋ ਚੁੱਕੇ ਹਨ ਤੇ ਭਾਜਪਾ ਨੂੰ ਸੱਤਾ ਤੋਂ ਲਾਹੁਣ ਲਈ ਮਨ ਵੀ ਬਣਾ ਚੁੱਕੇ ਹਨ।
ਦੱਸ ਦੇਈਏ ਕਿ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦਾ ਮਾਮਲਾ ਪੰਜਾਬ-ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਚੋਣਾਂ ਕਰਵਾਉਣ ਸਬੰਧੀ ਹਾਈਕੋਰਟ ‘ਚ ਦਾਇਰ ਪਟੀਸ਼ਨ ‘ਤੇ ਹੁਣ 23 ਜਨਵਰੀ ਨੂੰ ਸੁਣਵਾਈ ਹੋਵੇਗੀ। ਵੀਰਵਾਰ ਨੂੰ ਮੇਅਰ ਦੀ ਚੋਣ ਹੋਣੀ ਸੀ ਪਰ ਪ੍ਰੀਜ਼ਾਈਡਿੰਗ ਅਫ਼ਸਰ ਦੇ ਬਿਮਾਰ ਹੋਣ ਕਾਰਨ ਇਹ ਚੋਣ ਨਹੀਂ ਹੋ ਸਕੀ। ਅਜਿਹੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਵੱਲੋਂ ਇੱਕ ਪਟੀਸ਼ਨ ਦਾਇਰ ਕਰਕੇ ਚੋਣਾਂ ਦੀ ਮੰਗ ਕੀਤੀ ਗਈ ਹੈ। ਸੂਤਰਾਂ ਮੁਤਾਬਿਕ ਚੰਡੀਗੜ੍ਹ ਮੇਅਰ ਦੀ ਚੋਣ ਹੁਣ ਸਿਰਫ਼ ਚੰਡੀਗੜ੍ਹ ਤੱਕ ਸੀਮਤ ਨਹੀਂ ਰਹੀ। ਬੀਜੇਪੀ ਅਤੇ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਵਿਚਕਾਰ ਦੇਸ਼ ਵਿੱਚ ਇਹ ਪਹਿਲੀ ਲੜਾਈ ਬਣ ਗਈ ਹੈ। ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਆਗੂ ਸਰਗਰਮ ਹੋ ਗਏ ਹਨ। ਹਰ ਕੋਈ ਕਿਸੇ ਵੀ ਕੀਮਤ ‘ਤੇ ਚੋਣਾਂ ਜਿੱਤਣਾ ਚਾਹੁੰਦਾ ਹੈ। ਕਈਆਂ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ। ਮੰਗਲਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਜਦੋਂ ਬੁੱਧਵਾਰ ਨੂੰ ਪਵਨ ਬਾਂਸਲ ਨੇ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਤਾਂ ਭਾਜਪਾ ਨੇਤਾ ਵੀ ਦਿਨ ਭਰ ਰਣਨੀਤੀ ਬਣਾਉਣ ‘ਚ ਲੱਗੇ ਰਹੇ। ਦੱਸਣਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਪਿਛਲੇ ਕਈ ਸਾਲਾਂ ਤੋਂ ਭਾਜਪਾ ਦਾ ਹੈ। ਸਾਲ 2021 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਵਿੱਚ ‘ਆਪ’ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਸਨ। ਇਸ ਦੇ ਬਾਵਜੂਦ ਭਾਜਪਾ ਦੋ ਸਾਲ ਤੱਕ ਆਪਣਾ ਮੇਅਰ ਬਣਾਉਣ ਵਿੱਚ ਸਫਲ ਰਹੀ। ਇਸ ਵਾਰ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗਠਜੋੜ ਕੀਤਾ ਹੈ।

