ਪਟਿਆਲਾ

ਖ਼ਾਲਸਾ ਕਾਲਜ, ਪਟਿਆਲਾ ਵੱਲੋਂ ਕਰਵਾਏ ਗਏ ਲੋਗੋ ਮੇਕਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ, ਪਟਿਆਲਾ ਦੀ ਵਿਦਿਆਰਥੀ ਭਲਾਈ ਕਮੇਟੀ (ਲੜਕੀਆਂ) ਅਤੇ ਨੰਨ੍ਹੀ ਛਾਂ ਸੈੱਲ ਵੱਲੋਂ ਕਾਲਜ ਕੈਂਪਸ ਵਿਖੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਵਿਸ਼ੇ ’ਤੇ ਲੋਗੋ ਮੇਕਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਕਾਲਜ ਵੱਲੋਂ ਇਹ ਮੁਕਾਬਲੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਤੇ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਏ ਗਏ। ਕਾਲਜ ਦਾ ਇਹ ਮੁਕਾਬਲਾ ਕਰਵਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਅੰਦਰ ਲੜਕੇ ਅਤੇ ਲੜਕੀਆਂ ਦੇ ਅਨੁਪਾਤ ਵਿੱਚ ਬਰਾਬਰਤਾ ਲਿਆਉਣ, ਲੜਕੀਆਂ ਨੂੰ ਸੁਰੱਖਿਆ ਅਤੇ ਉੱਚ ਸਿੱਖਿਆ ਪ੍ਰਦਾਨ ਕਰਨ ਪ੍ਰਤੀ ਚੇਤਨਤਾ ਪੈਦਾ ਕਰਨਾ ਸੀ।

ਕਾਲਜ ਦੇ ਪਿ੍ਰੰਸੀਪਲ ਡਾ: ਧਰਮਿੰਦਰ ਸਿੰਘ ਉੱਭਾ ਨੇ ਇਨ੍ਹਾਂ ਮੁਕਾਬਲਿਆਂ ਦੇ ਉਦਘਾਟਨੀ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਨੌਜਵਾਨਾਂ ਨੂੰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਬਾਰੇ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਨੈਤਿਕ ਤੌਰ ’ਤੇ ਯੋਗ ਬਣਾਇਆ ਜਾਵੇ ਤਾਂ ਜੋ ਉਹ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਦੀ ਆਪਣੀ ਵਿਲੱਖਣ ਪਛਾਣ ਹੈ ਜਿਸ ਨੂੰ ਇਸ ਦੇ ਭੇਦ ਨਾਲ ਛੇੜਛਾੜ ਕੀਤੇ ਬਿਨਾਂ ਬਰਕਰਾਰ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਿਸ਼ਤੇ ਸਿਰਫ਼ ਸਮਝ, ਪਿਆਰ ਅਤੇ ਦੂਜਿਆਂ ਨੂੰ ਸਵੀਕਾਰ ਕਰਨ ਨਾਲ ਹੀ ਮਜ਼ਬੂਤ ਹੋ ਸਕਦੇ ਹਨ।

ਡਾ. ਪੁਸ਼ਪਿੰਦਰ ਕੌਰ, ਕਨਵੀਨਰ ਨੰਨ੍ਹੀ ਛਾਂ ਸੈੱਲ ਅਤੇ ਡਾ. ਰਾਜਵਿੰਦਰ ਕੌਰ, ਡੀਨ ਅਤੇ ਕਨਵੀਨਰ, ਵਿਦਿਆਰਥੀ ਭਲਾਈ ਕਮੇਟੀ (ਲੜਕੀਆਂ) ਨੇ ਕਿਹਾ ਕਿ ਕੁੜੀਆਂ ਨੂੰ ਉਹਨਾਂ ਦੇ ਬਣਦੇ ਹੱਕ ਅਤੇ ਜੀਵਨ ਵਿੱਚ ਉੱਚਤਮ ਪ੍ਰਾਪਤੀਆਂ ਕਰਨ ਦੇ ਬਰਾਬਰ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਇਨ੍ਹਾਂ ਮੁਕਾਬਲਿਆਂ ਦੀ ਜਜ਼ਮੈਂਟ ਪ੍ਰੋ.ਜਸਪ੍ਰੀਤ ਕੌਰ ਅਤੇ ਡਾ.ਮਨਵੀਰ ਕੌਰ ਨੇ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਵਿਭਾਗਾਂ ਦੇ ਲੜਕੇ ਅਤੇ ਲੜਕੀਆਂ ਸਮੇਤ ਕੁੱਲ 27 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਬੀਏ-ਭਾਗ ਦੂਜਾ ਦੀ ਗੁਰਲੀਨ ਕੌਰ ਨੇ ਪਹਿਲਾ, ਬੀਸੀਏ ਦੇ ਨਿਤਿਨ ਨੇ ਦੂਜਾ ਅਤੇ ਬੀ.ਕਾਮ-ਭਾਗ ਪਹਿਲਾ ਦੇ ਗੁਰਪ੍ਰੀਤ ਸਿੰਘ ਅਤੇ ਬੀਐਸਸੀ ਸੀਐਸਐਮ-ਭਾਗ ਪਹਿਲਾ ਦੀ ਕੋਮਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬੀ.ਬੀ.ਏ.-ਭਾਗ ਪਹਿਲਾ ਦੀ ਸਮਰਿਧੀ ਰਾਵਤ ਅਤੇ ਬੀ.ਐੱਸ.ਸੀ. (ਨਾਨ-ਮੈਡੀਕਲ)-ਭਾਗ ਪਹਿਲਾ ਦੀ ਭਵਨੀਤ ਕੌਰ ਨੂੰ ਹੌਸਲਾ ਅਫਜਾਉ ਇਨਾਮ ਦਿੱਤੇ ਗਏ। ਲੋਗੋ ਮੇਕਿੰਗ ਮੁਕਾਬਲੇ ਵਿੱਚ ਬੀ.ਸੀ.ਏ.-ਭਾਗ ਪਹਿਲਾ ਦੇ ਨਿਤੇਸ਼ ਗਰਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *