ਪੰਜਾਬ ਤੇ ਪੈ ਰਹੇ ਕਰਜ਼ੇ ਦੇ ਭਾਰ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਪ੍ਰਗਟਾਇਆ ਭਾਰੀ ਰੋਸ
ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕੀਤਾ, ਹੁਣ ਮੌਜੂਦਾ ਸਰਕਾਰ ਪੰਜਾਬ ਨੂੰ ਖਤਮ ਕਰਨ ਤੇ ਤੁਲੀ ਹੋਈ — ਕਾਕਾ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਮੇਂ—ਸਮੇਂ ਦੀਆਂ ਸਰਕਾਰਾਂ ਤੋਂ ਲੈ ਕੇ ਮੌਜੂਦਾ ਸੂਬਾ ਸਰਕਾਰ ਦੌਰਾਨ ਪੰਜਾਬ ਤੇ ਲਗਾਤਾਰ ਵੱਧ ਰਹੇ ਕਰਜੇ ਦੇ ਭਾਰ ਨੂੰ ਖਤਰੇ ਦੀ ਘੰਟੀ ਮੰਨਦਿਆਂ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਰੋਸ ਪ੍ਰਗਟ ਕੀਤਾ ਗਿਆ ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੀ ਮੌਜੂਦਾ ਸਥਿਤੀ ਤੇ ਗੰਭੀਰ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਮਾਨ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਦੇ ਲਾਲਚ ਅਤੇ ਐਲਾਨਾ ਵਿੱਚ ਉਲਝਾ ਕੇ ਮੁੱਖ ਮੰਗਾਂ ਤੇ ਮਸਲਿਆਂ ਤੋਂ ਧਿਆਨ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਗੁਆਢੀ ਸੂਬਿਆਂ *ਚ ਰੈਲੀਆਂ ਪ੍ਰਚਾਰਾਂ ਤੇ ਪੰਜਾਬ ਦਾ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਦਾ ਵਿੱਤੀ ਤੌਰ ਤੇ ਭੱਠਾ ਬੈਠ ਰਿਹਾ ਹੈ। ਜਿਸ ਨੇ ਪੰਜਾਬ ਦੀ ਅੰਦਰਲੀ ਆਰਥਿਕਤਾ ਨੂੰ ਕਮਜੋਰ ਕੀਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਪੰਜਾਬ ਦੇ 3 ਕਰੋੜ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ ਨਾ ਹਸਪਤਾਲ ਬਣੇ ਨਾ ਡਾਕਟਰ ਹਨ ਤੇ ਨਾ ਹੀ ਦਵਾਈਆਂ ਹਨ ਤੇ ਨਾ ਹੀ ਸਕੂਲਾਂ *ਚ ਅਧਿਆਪਕਾ ਦੀ ਵੀ ਬਹੁਤ ਘਾਟ ਹੈ ਕਈ ਕਾਲਜ ਬੰਦ ਹੋਣ ਦੇ ਕਿਨਾਰੇ ਤੇ ਹਨ ਨਾ ਰੋਜ਼ਗਾਰ ਨੌਕਰੀਆਂ ਦਾ ਪ੍ਰਬੰਧ ਹੋਇਆ ਤੇ ਇੰਡਸਟਰੀਆਂ ਵਾਲੇ ਪੰਜਾਬ ਨੂੰ ਛੱਡ ਕੇ ਭੱਜ ਰਹੇ ਹਨ ਤੇ ਨਾ ਹੀ ਕੋਈ ਵਿਕਾਸ ਹੋਇਆ ਹੈ। ਬਿਜਲੀ ਦਾ ਬੁਰਾ ਹਾਲ ਹੈ। ਪੰਜਾਬ ਦੇ ਹਲਾਤ ਖਸਤਾ ਅਤੇ ਨਾਜ਼ੁਰ ਹੋਣ ਦੇ ਬਾਵਜੂਦ ਉੱਤੋ 750 ਕਰੋੜ ਰੁਪਏ ਫੋਕੀ ਇਸ਼ਤਿਹਾਰਬਾਜੀ ਵਿੱਚ ਪਾਣੀ ਵਾਂਗ ਵਹਾ ਬਰਬਾਦ ਕੀਤੇ ਜਾ ਰਹੇ ਹਨ
ਅਤੇ ਸਰਕਾਰ ਵੱਲੋਂ ਸਟੇਜ਼ਾਂ ਤੇ ਖੜ ਕੇ ਪਾਰਟੀ ਮੈਂਬਰਾਂ ਤੋਂ ਤਾੜੀਆਂ ਬਜਵਾਈਆਂ ਜਾ ਰਹੀਆਂ ਹਨ ਕੇਵਲ ਪੰਜਾਬ ਚੁਟਕਲੀਆਂ ਨਾਲ ਨਹੀਂ ਚਲਦਾ ਇਸ ਲਈ ਕੰਮ ਕਰਨ ਦੀ ਲੋੜ ਹੁੰਦੀ ਹੈ। ਪੰਜਾਬ ਦੀ ਸੱਤਾ ਪਰਿਵਰਤਨ ਤੋਂ ਬਾਅਦ ਵੀ ਕਈ ਹਜਾਰਾਂ ਕਰੋੜਾਂ ਰੁਪਏ ਦਾ ਕਰਜਾ ਲੈਣ ਦਾ ਸਿਲਸਿਲਾ ਆਪ ਸਰਕਾਰ ਵੱਲੋਂ ਲਗਾਤਾਰ ਜਾਰੀ ਹੈ। ਵਿਕਾਸ ਕਰਨ ਵਾਲਾ ਪੈਸਾ ਇਸ ਪਾਰਟੀ ਦੇ ਪ੍ਰਚਾਰਾਂ ਤੇ ਰੈਲੀਆਂ ਵਿੱਚ ਲਗ ਰਿਹਾ ਹੈ। ਆਮ ਆਦਮੀ ਪਾਰਟੀ ਪੰਜਾਬ ਨੂੰ ਕਰਜਾ ਮੁਫ਼ਤ ਬਣਾਉਣ ਦੇ ਨਾਮ ਤੇ ਬਣੀ ਸੀ ਹੁਣ ਇਹ ਸਰਕਾਰ ਪੰਜਾਬ ਨੂੰ ਕਰਜਾਈ ਤੇ ਕੰਗਾਲ ਕਰਨ ਤੇ ਲੱਗੀ ਹੋਈ ਹੈ। ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਹੁਣ ਮੌਜੂਦਾ ਸਰਕਾਰ ਪੰਜਾਬ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ। ਅੱਜ ਲੋੜ ਹੈ ਕਰਜਾ ਤੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣ ਦੀ ਜੇਕਰ ਪੰਜਾਬ ਦੇ ਲੋਕ ਅੱਜ ਵੀ ਨਾ ਜਾਗਣਗੇ ਤਾਂ ਇਨ੍ਹਾਂ ਸਿਆਸੀ ਪਾਰਟੀਆਂ ਦੀ ਬੇਇਮਾਨੀ ਇਸੇ ਤਰ੍ਹਾਂ ਚਲਦੀ ਰਹੇਗੀ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਜੇ ਦਾ ਭਾਰ ਹਰ ਵਿਅਕਤੀ ਦੇ ਉੱਪਰ ਪੈ ਰਿਹਾ ਹੈ ਜਿਸ ਦੇ ਵਿਰੁੱਧ ਹਰ ਇੱਕ ਵਿਅਕਤੀ ਪੰਜਾਬ ਨੂੰ ਕਰਜ਼ਾ ਮੁਕਤ ਕਰਵਾਉਣ ਲਈ ਆਪਣੀ ਅਵਾਜ ਬੁਲੰਦ ਕਰਨ ਤਾਂ ਜੋ ਪੰਜਾਬ ਦੇ ਲੋਕਾਂ ਲਈ ਮਹਿੰਗਾਈ, ਭੁੱਖਮਰੀ ਅਤੇ ਆਰਥਿਕ ਸਮੱਸਿਆਵਾਂ ਹੋਰ ਵੱਧ ਖੜੀਆਂ ਨਾ ਹੋਣ। ਇਸ ਮੌਕੇ ਪ੍ਰਭਜੀਤ ਸਿੰਘ, ਹੁਕਮ ਸਿੰਘ, ਜਗਜੀਤ ਸਿੰਘ, ਹਰਜੀਤ ਸਿੰਘ, ਸੋਨੂੰ ਕੁਮਾਰ, ਕਰਮ ਸਿੰਘ ਮਾਨ ਸਿੰਘ, ਅਮਜੀਤ ਸਿੰਘ, ਸਰਵਨ ਕੁਮਾਰ, ਰਾਮ ਪ੍ਰਸਾਦ, ਰਾਜਪਤ, ਯਸ਼ ਕੁਮਾਰ, ਚਰਨਜੀਤ ਚੌਹਾਨ, ਸੰਤ ਸਿੰਘ, ਪ੍ਰਕਾਸ਼ ਸਿੰਘ, ਸ਼ੋਕਤ ਅਲੀ, ਜਗਤਾਰ ਸਿੰਘ, ਪਾਲਾ ਸਿੰਘ ਆਦਿ ਹਾਜਰ ਸਨ।

