23 ਬੱਚੇ ਮੈਰੀਟੋਰੀਅਸ ਸਕੂਲ ਵਿਚ ਭੇਜਣ ਵਾਲਾ ਟੋਡਰਪੁਰ ਸਕੂਲ ਅਪਗ੍ਰੇਡ, ਰੱਖਦਾ ਨੇ ਕੀਤਾ ਉਦਘਾਟਨ
ਪਟਿਆਲਾ 16 ਜੁਲਾਈ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਗ਼ਰੀਬ ਪਰ ਪੜ੍ਹਨ ਵਾਲੇ ਬੱਚਿਆਂ ਨੂੰ ਉਚੇਰੀ ਸਿੱਖਿਆ ਮੁਫ਼ਤ ਦੇਣ ਦੇ ਇਰਾਦੇ ਨਾਲ ਸ਼ੁਰੂ ਕੀਤੇ ਗਈ ਮੈਰੀਟੋਰੀਅਸ ਸਕੂਲਾਂ ਵਿਚ ਸਬ ਤੋਂ ਵੱਧ ਮਲਾਂ ਮਾਰਨ ਵਾਲੇ ਸਮਾਣਾ ਹਲਕੇ ਦੇ ਟੋਡਰਪੁਰ ਸਕੂਲ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਹੈ ।
ਪਟਿਆਲਾ ਜ਼ਿਲ੍ਹੇ ਵਿਚ ਇਸ ਸਾਲ ਦਸਵੀਂ ਦੀ ਪ੍ਰੀਖਿਆ ‘ਚ 80 ਫ਼ੀਸਦੀ ਤੋਂ ਜ਼ਿਆਦਾ ਅਤੇ ਸਾਰੇ ਸਰਕਾਰੀ ਸਕੂਲਾਂ ‘ਚ ਸਬ ਤੋਂ ਵੱਧ 23 ਬੱਚੇ ਮੈਰੀਟੋਰੀਅਸ ਸਕੂਲ ਵਿਚ ਭੇਜਣ ਵਾਲੇ ਟੋਡਰਪੁਰ ਸਕੂਲ ਨੂੰ ਅਪਗ੍ਰੇਡ ਕੀਤੇ ਜਾਣ ਦਾ ਉਦਘਾਟਨ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ, ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕੀਤਾ ਹੈ । ਇਸ ਮੌਕੇ ਉਨ੍ਹਾਂ ਦੱਸਿਆ ਕਿ ਸਕੂਲ ਨੂੰ ਅਪਗ੍ਰੇਡ ਕਰਨ ਨਾਲ ਨੇੜੇ ਦੇ ਕਰੀਬ 14 ਪਿੰਡਾਂ ਨੂੰ ਫ਼ਾਇਦਾ ਹੋਵੇਗਾ ‘ਤੇ ਬੱਚੇ ਖ਼ਾਸ ਕਰ ਬੱਚਿਆਂ ਨੂੰ 12 ਕਲਾਸ ਲਈ ਦੂਰ ਨਹੀਂ ਜਾਣਾ ਪਵੇਗਾ ।
ਸ. ਰੱਖੜਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਵਿਚ ਸਰਕਾਰੀ ਕਾਲਜਾਂ ਦੀ ਗਿਣਤੀ 48 ਹੀ ਚਲੀ ਰਹੀ ਸੀ ਪਰ ਉਨ੍ਹਾਂ ਦੇ ਉਚੇਰੀ ਸਿੱਖਿਆ ਵਿਭਾਗ ਸਾਂਭਣ ਤੋਂ ਬਾਦ 13 ਨਵੀਆਂ ਯੂਨੀਵਰਸਿਟੀਆਂ ਅਤੇ ਇੰਨੇ ਹੀ ਨਵੇਂ ਸਰਕਾਰੀ ਕਾਲਜ ਪੰਜਾਬ ਵਿਚ ਖੋਲ੍ਹੇ ਗਏ ਹਨ, ਜਿਸ ਵਿਚ ਹਲਕੇ ਦੇ ਪਿੰਡ ਕਰਹਾਲੀ ਸਾਹਿਬ ‘ਚ ਖੌਲਿਆ ਗਿਆ ਕਾਲਜ ਵੀ ਸ਼ਾਮਲ ਹੈ ।
ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਨੇ ਪੰਜਾਬ ਨੂੰ ਨਸ਼ੇੜੀ ਦੱਸਣ ਵਾਲੇ ਵਿਰੋਧੀ ਪੱਖ ਨੂੰ ਕਰੜੇ ਹੱਥੀ ਲੈਂਦੀਆਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ, ਇਸ ਨਾਲ ਸਾਰੇ ਪੰਜਾਬ ਦਾ ਨੁਕਸਾਨ ਹੈ । ਵਿਰੋਧੀ ਧਿਰਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਸਵਾਲ ਪੰਜਾਬ ਸਰਕਾਰ ਜਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵੱਲੋਂ ਕੀਤੇ ਗਏ ਕੰਮਾਂ ਉੱਤੇ ਕਰਨੇ ਚਾਹੀਦੇ ਹਨ, ਨਾ ਕਿ ਪੰਜਾਬ ਜਾਂ ਇੱਥੇ ਦੇ ਨੌਜਵਾਨਾਂ ਦੇ ਭਵਿੱਖ ਨੂੰ ਖ਼ਰਾਬ ਕਰਨ ਵਾਲੇ ਬਿਆਨ ਦੇਣੇ ਚਾਹੀਦੇ ਹਨ ।
ਸ. ਰੱਖੜਾ ਨੇ ਕਿਹਾ ਕਿ ਵਿਰੋਧੀ ਪੱਖ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਦੇ ਕੰਮ ਵੇਖ ਕੇ ਬੋਲ ਨਹੀਂ ਪਾ ਰਿਹਾ ਅਤੇ ਜਦ ਕਹਿਣ ਨੂੰ ਕੁਛ ਨਾ ਹੋਵੇ ਤਾਂ ਇੱਧਰ ਉੱਧਰ ਦੀ ਇਲਜ਼ਾਮ ਬਾਜ਼ੀ ਕਰ ਕੇ ਲੋਕਾਂ ਦਾ ਧਿਆਨ ਵੰਡਣਾ ਚਾਹੁੰਦੇ ਹਨ । ਸ. ਰੱਖੜਾ ਨੇ ਕਿਹਾ ਕਿ ਪਰ ਅੱਜ ਦੇ ਲੋਕ ਸਿਆਣੇ ਹਨ ਅਤੇ ਸਾਰੀਆਂ ਗੱਲਾਂ ਵੇਖ ਕੇ ਹੀ ਆਪਣਾ ਫ਼ੈਸਲਾ ਸੁਣਾਉਂਦੇ ਹਨ ।
ਸਮਾਣਾ ਹਲਕੇ ਵਿਚ ਉਨ੍ਹਾਂ ਅੱਜ ਸਮਾਣਾ- ਪਟਿਆਲਾ ਮੈਨ ਰੋਡ ਤੋਂ ਬਹਾਦਰਗੜ੍ਹ ਤੱਕ ਬਾਯਾ ਲਾਲ ਗੜ ਜਾਣ ਵਾਲੀ ਸੜਕ ਦਾ ਵੀ ਨੀਂਹ ਪੱਥਰ ਰੱਖਿਆ ਹੈ । ਕਰੀਬ 30 ਲੱਖ ਰੁਪਏ ਨਾਲ ਬਣਨ ਵਾਲੀ 3 ਕਿੱਲੋਮੀਟਰ ਲੰਬੀ ਸੜਕ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ।
ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲ੍ਯਾਣ, ਮਾਰਕੀਟ ਕਮੇਟੀ ਸਮਾਣਾ ਦੇ ਚੇਅਰਮੈਨ ਸ. ਬਲਵਿੰਦਰ ਸਿੰਘ ਦਾਨੀਪੁਰ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕਿਸਾਨ ਵਿੰਗ ਦੇ ਪ੍ਰਧਾਨ ਸ. ਅਮਰਜੀਤ ਸਿੰਘ ਟੋਡਰਪੁਰ, ਰਾਜਲਾ ਪਿੰਡ ਦੇ ਸਰਪੰਚ ਸ. ਕਸ਼ਮੀਰ ਸਿੰਘ ਰਾਜਲਾ, ਗੁਰਦੀਪ ਸਿੰਘ ਬਾਮਣਾ, ਐਮ. ਸੀ. ਜਸਪਾਲ ਸਿੰਘ ਬਿੱਟੂ ਚੱਠਾ, ਅਸ਼ੋਕ ਮੋਦਗਿਲ ਅਤੇ ਟੋਡਰਪੁਰ ਸਕੂਲ ਦੇ ਪ੍ਰਿੰਸੀਪਲ ਕ੍ਰਿਸ਼ਨ ਕੁਮਾਰ ਮੌਜੂਦ ਸਨ ।

