ਪਟਿਆਲਾ

ਥਰੀ ਵੀਲ੍ਹਰ ਚਾਲਕਾਂ ਦੀ ਗੁੰਡਾਗਰਦੀ ਖਿਲਾਫ ਲੋਕਲ ਬੱਸ ਓਪਰੇਟਰਾਂ ਨੇ ਲਾਇਆ ਜਾਮ

ਪਟਿਆਲਾ 16 ਜੁਲਾਈ (ਮਧੂਸਾਰ ਬਿਊਰੋ)
ਪਟਿਆਲਾ ਬੱਸ ਸਟੈਂਡ ਨੇੜੇ ਲੋਕਲ ਬੱਸ ਆਪਰੇਟਰਾਂ ਨੇ ਸ਼ਹਿਰ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਥਰੀ ਵੀਲ੍ਹਰ ਵਾਲਿਆਂ ਦੀ ਗੁੰਡਾਗਰਦੀ ਖਿਲਾਫ ਆਪਣੀਆਂ ਬੱਸਾਂ ਖੜੀਆਂ ਕਰਕੇ ਦੁਖਨਿਵਾਰਨ ਰੋਡ ਜਾਮ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕੱਲ ਥਰੀ ਵੀਲ੍ਹਰ ਯੂਨੀਅਨ ਦੇ ਮੈਂਬਰਾਂ ਨੇ ਮਾਮੂਲੀ ਕਹਾ ਸੁਣੀ ਮਗਰੋਂ ਪੰਜਾਬੀ ਯੂਨੀਵਰਸਿਟੀ ਰੂਟ ਤੇ ਜਾਂਦੀ ਇੱਕ ਨਿੱਜੀ ਬੱਸ ਦੇ ਕੰਡਕਟਰ ਜ਼ਸਵਿੰਦਰ ਸਿੰਘ ਦੇ ਬਰਫ ਵਾਲਾ ਸੂਆ ਮਾਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ।
ਨਿੱਜੀ ਬੱਸ ਆਪਰੇਟਰਾਂ ਨੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਸਰਕਾਰ ਨੂੰ ਟੈਕਸ ਭਰ ਕੇ ਲੋਕਲ ਬੱਸਾਂ ਸ਼ਹਿਰ ਦੇ ਵੱਖ-ਵੱਖ ਰੂਟਾਂ ਤੇ ਸੇਵਾ ਨਿਭਾ ਰਹੀਆਂ ਹਨ ਪਰ ਪ੍ਰਸ਼ਾਸ਼ਨ ਵਲੋਂ ਇਹਨਾਂ ਬੱਸਾਂ ਨੂੰ ਪੱਕੇ ਤੌਰ ਤੇ ਸਟਾਪਿਜ਼ ਮੁਹੱਈਆ ਨਹੀਂ ਕਰਵਾਏ ਗਏ ਜਿਸ ਕਰਕੇ ਟੈਂਪੂ ਥਰੀ ਵੀਲ੍ਹਰ ਵਾਲੇ ਸਟਾਪਿਜ਼ ਨੂੰ ਲੈ ਕੇ ਆਏ ਦਿਨ ਬੱਸਾਂ ਵਾਲਿਆਂ ਨਾਲ ਲੜਾਈ ਝਗੜਾ ਕਰਦੇ ਰਹਿੰਦੇ ਹਨ ਜਿਸ ਨਾਲ ਬੱਸ ਆਪਰੇਟਰਾਂ ਨੂੰ ਮਾਲੀ ਨੁਕਸਾਨ ਤਾਂ ਝੱਲਣਾ ਹੀ ਪੈ ਰਿਹਾ ਦੂਜੇ ਪਾਸੇ ਬੱਸ ਚਾਲਕਾਂ ਅਤੇ ਕੰਡਕਟਰਾਂ ਨੂੰ ਜਾਨੀ ਨੁਕਸਾਨ ਦਾ ਵੀ ਖਤਰਾ ਬਣਿਆ ਹੋਇਆ ਹੈ।ਉਨਾ ਦੱਸਿਆ ਕਿ ਗੈਰ ਕਾਨੂੰਨੀ ਤੌਰ ਤੇ ਚੱਲ ਰਹੇ ਆਟੋ ਥਰੀ ਵੀਲ੍ਹਰ ਜਗ੍ਹਾ-ਜਗ੍ਹਾ ਤੇ ਜਾਮ ਲਗਵਾ ਰਹੇ ਹਨ ਜਿਸ ਕਾਰਨ ਬੱਸਾਂ ਦੇ ਟਾਈਮ ਤੱਕ ਮਿੱਸ ਹੋ ਰਹੇ ਹਨ। ਲੋਕਲ ਬੱਸ ਆਪਰੇਟਰਾਂ ਨੇ ਪ੍ਰਸ਼ਾਸ਼ਨ ਦੇ ਨਾਮ ਆਪਣੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪਰਮਿਟ ਮੁਤਾਬਿਕ ਬੱਸਾਂ ਰੋਕਣ ਲਈ ਪੱਕੇ ਤੌਰ ਤੇ ਸਟਾਪਿਜ ਮਹੁੱਈਆ ਕਰਵਾਏ ਜਾਣ ਤਾਂ ਜੋ ਬੱਸਾਂ ਚਲਾਉਣ ਅਤੇ ਸ਼ਹਿਰ ਵਾਸੀਆਂ ਨੂੰ ਸਫਰ ਕਰਨ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।ਆਰ.ਟੀ.ਓ. ਦਫਤਰ ਵਲੋਂ ਜਾਰੀ ਕੀਤੇ ਗਏ ਬੱਸਾਂ ਦੇ ਸਟੇਜ਼ ਕੇਰਿਜ ਪਰਮਿਟਾਂ ਤੇ ਚੱਲ ਰਹੇ ਗੈਰ ਕਾਨੂੰਨੀ ਆਟੋ ਰਿਕਸ਼ਾ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਜ਼ਿਲਾ ਤਹਿਸੀਲਦਾਰ ਵਲੋਂ ਭਰੋਸਾ ਦਿਵਾਉਣ ਮਗਰੋਂ ਬੱਸ ਆਪਰੇਟਰਾਂ ਨੇ ਜਾਮ ਖੋਲਿਆ।ਜਿਥੇ ਇਸ ਜਾਮ ਕਾਰਨ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਉਥੇ ਹੀ ਆਮ ਪਬਲਿਕ ਨੂੰ ਵੀ ਜਾਮ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Leave a Reply

Your email address will not be published. Required fields are marked *