ਐਸ.ਵਾਈ.ਐਲ. ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਮਗਰਮੱਛ ਦੇ ਹੰਝੂ ਵਹਾ ਰਹੀ -ਰੱਖੜਾ
ਚੰਡੀਗੜ੍ਹ, 25 ਜੁਲਾਈ (ਮਧੂਸਾਰ ਬਿਊਰੋ)
ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਐਸ.ਵਾਈ.ਐਲ. ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਮਗਰਮੱਛ ਦੇ ਹੰਝੂ ਵਹਾ ਰਹੀ ਹੈ। ਉਹਨਾਂ ਕਿਹਾ ਕਿ ਜੇ ਇਹ ਪਾਰਟੀ ਪੰਜਾਬ ਦੀਆਂ ਹੱਕੀ ਮੰਗਾਂ ਪ੍ਰਤੀ ਗੰਭੀਰ ਹੁੰਦੀ ਤਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸੋਨੇ ਦੀ ਕਹੀ ਨਾਲ ਕਪੂਰੀ ਵਿਖੇ ਸ.ਵਾਈ.ਐਲ. ਦੇ ਲਗਾਏ ਗਏ ਟੱਕ ਦਾ ਇਸ ਨੂੰ ਵਿਰੋਧ ਕਰਨਾ ਚਾਹੀਦਾ ਸੀ ਪਰ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਇੰਦਰਾ ਗਾਂਧੀ ਦੀ ਇਸ ਕਾਰਵਾਈ ਦਾ ਭਰਵਾਂ ਸਵਾਗਤ ਕੀਤਾ ਸੀ।
ਸ. ਰੱਖੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਇਹ ਕਹਿਣਾ ਕਿ ਐਸ.ਵਾਈ.ਐਲ. ਦੇ ਮੁੱਦੇ ‘ਤੇ ਜੇ ਫੈਸਲਾਂ ਪੰਜਾਬ ਦੇ ਹੱਕ ਵਿੱਚ ਨਾ ਆਇਆ ਤਾਂ ਸਾਰੇ ਕਾਂਗਰਸੀ ਵਿਧਾਇਕ ਅਸਤੀਫਾ ਦੇ ਦੇਣਗੇ, ਸਿਰਫ ਕੈਪਟਨ ਸਾਹਿਬ ਵੱਲੋਂ ਇਸ ਮੁੱਦੇ ‘ਤੇ ਰਾਜਸੀ ਰੋਟੀਆ ਸੇਕਣ ਲਈ ਕੀਤਾ ਗਿਆ ਇੱਕ ਰਾਜਸੀ ਡਰਾਮਾ ਹੈ। ਸ. ਰੱਖੜਾ ਨੇ ਇਹ ਪ੍ਰਗਟਾਵਾ ਅੱਜ ਸਮਾਣਾ ਹਲਕੇ ਵਿੱਚ ਪਿੰਡ ਫਤਹਿਪੁਰ ਅਤੇ ਗੱਜੂਮਾਜਰਾ ਵਿਖੇ ਸੜਕਾਂ ਦੇ ਨੀਂਹ ਪੱਥਰ ਰੱਖਣ ਮੌਕੇ ਲੋਕਾਂ ਦੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।
ਰੱਖੜਾ ਨੇ ਕਿਹਾ ਕਿ ਜੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਿਆ ਗਿਆ ਤਾਂ ਕਿਸੇ ਵੀ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਿਆਂ ਜਾਵੇਗਾ। ਇਸ ਮੌਕੇ ਪੰਜਾਬ ਦੇ ਜਲ ਸਪਲਾਈ, ਸੈਨੀਟੇਸ਼ਨ ਅਤੇ ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਦਿਹਾਤੀ ਲੋਕਾਂ ਨੂੰ ਬੇਹਤਰ ਸੜਕੀ ਸਹੂਲਤਾਂ ਮੁਹੱਈਆ ਕਰਾਉਣ ਲਈ ਪਟਿਆਲਾ ਜ਼ਿਲ੍ਹੇ ਦੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਅਤੇ ਅਪ-ਗਰੇਡੇਸ਼ਨ ‘ਤੇ 17 ਕਰੋੜ ਰੁਪਏ ਖਰਚੇ ਜਾਣਗੇ। ਸ. ਰੱਖੜਾ ਨੇ ਸਮਾਣਾ ਨੇੜਲੇ ਪਿੰਡ ਫਤਹਿਪੁਰ ਵਿਖੇ 33 ਲੱਖ ਰੁਪਏ ਦੀ ਲਾਗਤ ਨਾਲ ਕਰੀਬ 2.69 ਕਿਲੋਮੀਟਰ ਲੰਬੀ ਫਤਹਿਪੁਰ -ਸਮਾਣਾ-ਟੋਡਰਪੁਰ ਸੜਕ ਅਤੇ ਪਿੰਡ ਗੱਜੂਮਾਜਰਾ ਵਿਖੇ 162 ਲੱਖ ਰੁਪਏ ਦੀ ਲਾਗਤ ਨਾਲ ਕਰੀਬ 8.5 ਕਿਲੋਮੀਟਰ ਲੰਬੀ ਪਟਿਆਲਾ ਸੰਗਰੂਰ ਸੜਕ ਤੋਂ ਸਮਾਣਾ ਨੂੰ ਜਾਣ ਵਾਲੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਹਨ। ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸਮਾਣਾ ਦੀਆਂ ਪੇਂਡੂ ਲਿੰਕ ਸੜਕਾਂ ਦੀ 810 ਲੱਖ ਰੁਪਏ ਦੀ ਲਾਗਤ ਨਾਲ ਨੁਹਾਰ ਬਦਲੀ ਜਾਵੇਗੀ। ਇਸ ਮੌਕੇ ਸ. ਰੱਖੜਾ ਨੇ ਪਿੰਡ ਗੱਜੂਮਾਜਰਾ ਵਿਖੇ ਕਰੀਬ 8 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਪਾਏ ਸੀਵਰੇਜ ਅਤੇ ਗਲੀਆਂ ਨਾਲੀਆਂ ਦਾ ਉਦਘਾਟਨ ਵੀ ਕੀਤਾ।
ਇਸ ਮੌਕੇ ਸ. ਰੱਖੜਾ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ , ਮਾਰਕੀਟ ਕਮੇਟੀ ਸਮਾਣਾ ਦੇ ਬਲਵਿੰਦਰ ਸਿੰਘ ਦਾਨੀਪੁਰ, ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਮਰਜੀਤ ਸਿੰਘ ਟੋਡਰਪੁਰ, ਸਰਕਲ ਸਮਾਣਾ ਦੇ ਪ੍ਰਧਾਨ ਜਥੇਦਾਰ ਜਸਵੀਰ ਸਿੰਘ ਤਲਵੰਡੀ, ਮਾਰਕੀਟ ਕਮੇਟੀ ਸਮਾਣਾ ਦੇ ਮੈਂਬਰ ਮੱਖਣ ਸਿੰਘ ਕਾਕੜਾ, ਪਿੰਡ ਫਤਹਿਪੁਰ ਦੇ ਸਰਪੰਚ ਜਸਪਾਲ ਸਿੰਘ, ਪਿੰਡ ਗੱਜੂਮਾਜਰਾ ਦੇ ਸਰਪੰਚ ਜਗਤਾਰ ਸਿੰਘ, ਹਰਬੰਸ ਸਿੰਘ ਦਦਹੇੜਾ, ਸੁਖਵਿੰਦਰ ਸਿੰਘ ਰਾਜਲਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਮਾਣਾ ਸ਼੍ਰੀਮਤੀ ਜਸਵੰਤ ਕੌਰ, ਐਸ.ਡੀ.ਓ. ਮੰਡੀ ਬੋਰਡ ਰਾਜਿੰਦਰ ਸਿੰਘ, ਸਹਾਇਕ ਇੰਜਨੀਅਰ ਪੀ.ਕੇ. ਸਿੰਗਲਾ ਅਤੇ ਵੱਖ-ਵੱਖ ਪਿੰਡਾਂ ਦੇ ਸਰਪੰਚ ਤੇ ਪਿੰਡਾਂ ਦੇ ਵਸਨੀਕ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
