ਮੇਰੇ ਅਸਤੀਫਾ ਦੇਣ ਦਾ ਕਾਰਣ, ‘ਪੰਜਾਬ ਛੱਡਣ ਲਈ ਕਿਹਾ ਗਿਆ’ : ਨਵਜੋਤ ਸਿੰਘ ਸਿੱਧੂ
ਜਿਥੇ ਪੰਜਾਬ ਦਾ ਹਿੱਤ ਹੋਵੇਗਾ, ਉਥੇ ਖੜਾ ਮਿਲਾਂਗਾ
ਨਵੀਂ ਦਿੱਲੀ 25 ਜੁਲਾਈ (ਏਜੰਸੀਆਂ)
ਰਾਜ ਸਭਾ ਤੋਂ ਅਸਤੀਫਾ ਦੇਣ ਦੇ ਕਾਰਣਾਂ ਦਾ ਖੁਲਾਸਾ ਕਰਨ ਲਈ ਰੱਖੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਕ੍ਰਿਕਟਰ ਅਤੇ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਤੋਂ ਵੱਡਾ ਮੇਰੇ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਭਾਜਪਾ ‘ਤੇ ਵਰ੍ਹਦਿਆਂ ਕਿਹਾ ਕਿ ਮੈਨੂੰ ਦਿੱਲੀ ‘ਤੇ ਹੁਕਮ ਆਇਆ ਸੀ ਕਿ ਪੰਜਾਬ ਤੋਂ ਦੂਰ ਰਹੋ। ਸਿੱਧੂ ਨੇ ਕਿਹਾ ਕਿ ਇਸ ਲਈ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ।
ਭਾਜਪਾ ਨੂੰ ਕਟਹਿਰੇ ‘ਚ ਖੜਾ ਕਰਦਿਆਂ ਸਿੱਧੂ ਨੇ ਕਿਹਾ ਕਿ ਮੈਂ ਰਾਜ ਸਭਾ ਤੋਂ ਇਸ ਲਈ ਅਸਤੀਫਾ ਦਿੱਤਾ ਕਿ ਮੈਨੂੰ ਕਿਹਾ ਗਿਆ ਕਿ ਤੁਸੀਂ ਪੰਜਾਬ ਵਾਲੇ ਪਾਸੇ ਮੂੰਹ ਕਰਕੇ ਨਹੀਂ ਦੇਖੋਗੇ। ਮੈਨੂੰ ਪੰਜਾਬ ਤੋਂ ਦੂਰ ਰਹਿਣ ਲਈ ਕਿਹਾ ਗਿਆ, ਪ੍ਰੰਤੂ ਮੈਂ ਅੰਮ੍ਰਿਤਸਰ ਨੂੰ ਦਿੱਤਾ ਹੋਇਆ ਵਚਨ ਨਹੀਂ ਤੋੜ ਸਕਦਾ। ਉਨ੍ਹਾਂ ਕਿਹਾ ਕਿ ਪੰਛੀ ਵੀ ਸ਼ਾਮ ਢਲੇ ਆਪਣੇ ਆਲ੍ਹਣਿਆਂ ‘ਚ ਪਰਤੇ ਆਉਂਦੇ ਹਨ, ਮੈਂ ਪੰਜਾਬ ਕਿਸ ਤਰ੍ਹਾਂ ਛੱਡ ਸਕਦਾ ਹਾਂ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਣ ਦੱਸੇ ਪੰਜਾਬ ਛੱਡਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਮੈਨੂੰ ਕੋਈ ਕਾਰਣ ਤਾਂ ਦੱਸੋ। ਉਨ੍ਹਾਂ ਕਿਹਾ ਜਿਸ ਪੰਜਾਬ ਨੇ ਮੈਨੂੰ ਚਾਰ ਵਾਰ ਜਿਤਾ ਕੇ ਏਨਾ ਵੱਡਾ ਸਨਮਾਨ ਦਿੱਤਾ ਹੋਵੇ ਮੈਂ ਅਜਿਹੇ ‘ਚ ਪੰਜਾਬ ਨੂੰ ਕਿਵੇਂ ਛੱਡ ਸਕਦਾ ਹਾਂ। ਉਨ੍ਹਾਂ ਕਿਹਾ ਕਿ ਜਿਥੇ ਪੰਜਾਬ ਦਾ ਹਿੱਤ ਹੋਵੇਗਾ ਸਿੱਧੂ ਉਥੇ ਖੜਿਆ ਮਿਲੇਗਾ।
ਸਿੱਧੂ ਨੇ ਕਿਹਾ ਕਿ ਦੁਨੀਆ ਵਿਚ ਕੋਈ ਵੀ ਪਾਰਟੀ ਪੰਜਾਬ ਤੋਂ ਉਪਰ ਨਹੀਂ ਹੈ, ਜੇਕਰ ਇਹ ਪਹਿਲੀ ਵਾਰ ਹੁੰਦਾ ਤਾਂ ਮੈਂ ਬਰਦਾਸ਼ਤ ਕਰ ਜਾਂਦਾ, ਪ੍ਰੰਤੂ ਤੀਸਰੀ ਚੌਥੀ ਵਾਰ ਅਜਿਹਾ ਹੋਇਆ। ਉਨ੍ਹਾਂ ਕਿਹਾ ਕਿ ਮੈਨੂੰ ਪੰਜਾਬ ਤੋਂ ਵਾਰ ਵਾਰ ਚੋਣ ਲੜਨ ਲਈ ਵਿਰੋਧੀਆਂ ਅੱਗੇ ਉਤਾਰਿਆ ਗਿਆ, ਜਦੋਂ ਵਿਰੋਧੀ ਲਹਿਰ ਸੀ, ਫਿਰ ਮੈਂ ਜਿੱਤਿਆ। ਲੋਕਾਂ ਨੇ ਮੇਰੇ ‘ਚ ਵਿਸ਼ਵਾਸ ਦਿਖਾਇਆ ਅਤੇ ਮੈਂ ਚਾਰ ਵਾਰ ਜਿੱਤਿਆ। ਉਨ੍ਹਾਂ ਕਿਹਾ ਕਿ ਮੋਦੀ ਲਹਿਰ ਆਈ ਤਾਂ ਵਿਰੋਧੀ ਡੁੱਬੇ ਹੋਏ ਸਨ ਅਤੇ ਮੈਨੂੰ ਵੀ ਡੁਬਾ ਦਿੱਤਾ ਗਿਆ। ਸਿੱਧੂ ਨੇ ਕਿਹਾ ਕਿ 100 ਵਾਰ ਵੀ ਪੁੱਛਿਆ ਜਾਵੇ ਤਾਂ ਮੈਂ ਪੰਜਾਬ ਨੂੰ ਹੀ ਚੁਣਾਂਗਾ। ਨਵਜੋਤ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੀ ਬਜਾਏ ਕੁਰਕਸ਼ੇਤਰ ਅਤੇ ਪੱਛਮੀ ਦਿੱਲੀ ਵਿਚ ਚੋਣ ਲੜਨ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੇ ਲੋਕਾਂ ਨਾਲ ਧੋਖਾ ਨਹੀਂ ਦੇਣਾ ਚਾਹੁੰਦਾ। ਉਨ੍ਹਾਂ ਕਿਹਾ ਕਿ ਜੇਕਰ 100 ਵਾਰ ਆਪਣਾ ਪਰਿਵਾਰ, ਆਪਣੀ ਪਾਰਟੀ ਅਤੇ ਪੰਜਾਬ ਨੂੰ ਚੁਣਨਾ ਪਿਆ ਤਾਂ 100 ਵਾਰ ਪੰਜਾਬ ਨੂੰ ਚੁਣਾਂਗਾ।
ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ‘ਚ ਜਾਣ ਦੇ ਸਵਾਲ ਤੋਂ ਟਾਲਾ ਵੱਟਦਿਆਂ ਕਿਹਾ ਕਿ ਜਿਥੇ ਪੰਜਾਬ ਦਾ ਹਿੱਤ ਹੋਵੇਗਾ, ਉਥੇ ਖੜਾ ਮਿਲਾਂਗਾ। ਉਨ੍ਹਾਂ ਕਾਨਫਰੰਸ ‘ਚ ਭਾਜਪਾ ਛੱਡਣ ਨੂੰ ਲੈ ਕੇ ਵੀ ਕੁਝ ਨਹੀਂ ਬੋਲਿਆ।

