ਪਟਿਆਲਾ

ਪੈਨਸ਼ਨ ਲਈ ਯੋਗ ਐਸ. ਸੀ. ਪਰਿਵਾਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਛੇਤੀ ਪੈਨਸ਼ਨ ਲਾਈ ਜਾਵੇਗੀ: ਲਾਲਵਾ

ਰਾਜ ਸਰਕਾਰ ਦੀ ਪੈਨਸ਼ਨ ਦੇ ਨਾਲ ਕੇਂਦਰ ਦੀ ਪੈਨਸ਼ਨ ਵੀ ਦਿੱਤੀ ਜਾਵੇਗੀ-ਕਲਿਆਣ
ਪਟਿਆਲਾ, 29 ਜੁਲਾਈ (ਮਧੂਸਾਰ ਬਿਊਰੋ)
ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਭਲਾਈ ਲਈ ਬਣਾਏ ਗਏ ਸਬ ਪਲਾਨ ਅਤੇ ਵਿਸ਼ੇਸ਼ ਕੇਂਦਰੀ ਸਹਾਇਤਾ ਪ੍ਰੋਗਰਾਮ ਅਧੀਨ ਚੱਲ ਰਹੀਆਂ ਸਕੀਮਾਂ ਦੀ ਸਮੀਖਿਆ ਕਰਨ ਲਈ ਸਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ ਨੇ ਕਿਹਾ ਕਿ ਪੈਨਸ਼ਨ ਲਈ ਯੋਗ ਹੋਰ ਐਸ. ਸੀ. ਪਰਿਵਾਰਾਂ ਦੀ ਪਹਿਚਾਣ ਕਰਕੇ ਉਨ੍ਹਾਂ ਨੂੰ ਛੇਤੀ ਹੀ ਪੈਨਸ਼ਨ ਲਾਈ ਜਾਵੇਗੀ।

ਮਿੰਨੀ ਸਕੱਤਰੇਤ ਵਿਖੇ ਸ. ਲਾਲਵਾ ਨੇ ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਆਂਗਣਵਾੜੀ ਵਰਕਰਾਂ ਰਾਹੀਂ ਹਰ ਪਿੰਡ ਵਿੱਚ ਜਾ ਕੇ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਦੀ ਲਿਸਟ ਬਣਾ ਕੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਦੇਣ, ਤਾਂ ਕਿ ਅਜਿਹੇ ਪਰਿਵਾਰਾਂ ਦੇ ਲਾਭਪਾਤਰੀਆਂ ਨੂੰ ਪੈਨਸ਼ਨ ਦਾ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇ ਕਰ ਕੁੱਝ ਹੋਰ ਵਿਭਾਗਾਂ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਦੀ ਵੀ ਮਦਦ ਲਈ ਜਾ ਸਕਦੀ ਹੈ।
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ ਲਾਲਵਾ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਧ ਅਨੁਸੂਚਿਤ ਵਸੋਂ ਪੰਜਾਬ ਵਿੱਚ ਹੈ ਅਤੇ ਪੰਜਾਬ ਦੀ 32 ਫ਼ੀਸਦੀ ਐਸ. ਸੀ ਆਬਾਦੀ ਦੇ ਹਿਸਾਬ ਨਾਲ ਹੀ ਸਰਕਾਰ ਦੀਆਂ ਸਕੀਮਾਂ ਦੇ ਫ਼ੰਡ ਇਨ੍ਹਾਂ ਦੀ ਭਲਾਈ ਉੱਤੇ ਖ਼ਰਚੇ ਜਾਣੇ ਚਾਹੀਦੇ ਹਨ । ਇਨ੍ਹਾਂ ਵਿੱਚ ਕੋਈ ਵੀ ਕੋਤਾਹੀ ਨਹੀਂ ਹੋਣੀ ਚਾਹੀਦੀ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਜਸਪਾਲ ਸਿੰਘ ਕਲਿਆਣ ਨੇ ਕਿਹਾ ਕਿ ਅਨੁਸੂਚਿਤ ਵਰਗ ਦੇ ਲੋਕਾਂ ਨੂੰ ਰਾਜ ਸਰਕਾਰ ਦੀ ਪੈਨਸ਼ਨ ਦੇ ਨਾਲ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਪੈਨਸ਼ਨ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀਆਂ ਪੈਨਸ਼ਨਾਂ ਦੇ ਲਾਭਪਾਤਰੀ ਸੈਂਕੜਿਆਂ ਵਿਚ ਹਨ ਅਤੇ ਹੁਣ ਸਰਕਾਰ ਵੱਲੋਂ ਇਹ ਗਿਣਤੀ ਹਜ਼ਾਰਾਂ ਵਿਚ ਲਿਆਉਣ ਦਾ ਟੀਚਾ ਰੱਖਿਆ ਗਿਆ, ਜਿਸ ਨੂੰ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ ।

Leave a Reply

Your email address will not be published. Required fields are marked *