ਪੰਜਾਬ

ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਨਾ ਕਰਨ ਬਾਦਲ : ਕੈਪਟਨ ਅਮਰਿੰਦਰ

ਆਰ.ਐਸ.ਐਸ ਆਗੂ ‘ਤੇ ਕਾਤਿਲਾਨਾ ਹਮਲੇ ਉਪਰ ਆਪ ਦੀ ਚੁੱਪੀ ‘ਤੇ ਕੀਤੇ ਸਵਾਲ
ਚੰਡੀਗੜ੍ਹ, 7 ਅਗਸਤ (ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ‘ਚ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਧਾਰਮਿਕ ਅਧਾਰ ‘ਤੇ ਵੰਡਣ ਖਿਲਾਫ ਚੇਤਾਵਨੀ ਦਿੱਤੀ ਹੈ।

ਇਥੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਸੂਬੇ ‘ਚ ਮੌਜ਼ੂਦਾ ਹਾਲਾਤਾਂ ਲਈ ਮੁੱਖ ਮੰਤਰੀ ਬਾਦਲ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ, ਜਿਥੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਬੀਤੇ ਦਿਨ ਜਲੰਧਰ ਵਿਖੇ ਆਰ.ਐਸ.ਐਸ ਲੀਡਰ ‘ਤੇ ਹੋਏ ਕਾਤਿਲਾਨਾ ਹਮਲੇ ਦਾ ਜ਼ਿਕਰ ਕੀਤਾ, ਜੋ ਪੰਜਾਬ ਲਈ ਚੰਗਾ ਨਹੀਂ ਹੈ ਤੇ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੇ ਕਿਹਾ ਕਿ ਬਰਗਾੜੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਲੈ ਕੇ ਹਾਲੇ ‘ਚ ਆਰ.ਐਸ.ਐਸ ਲੀਡਰ ‘ਤੇ ਹੋਇਆ ਹਮਲਾ ਇਕ ਪੈਟਰਨ ਵੱਲ ਇਸ਼ਾਰਾ ਕਰਦਾ ਹੈ। ਇਹ ਜਾਣਬੁਝ ਕੇ ਲੋਕਾਂ ਨੂੰ ਵੰਡਣ ਸਬੰਧੀ ਕੀਤੀ ਗਈ ਕੋਸ਼ਿਸ਼ ਹੈ ਅਤੇ ਬਾਦਲ ਦਾ ਮੰਨਣਾ ਹੈ ਕਿ ਇਸ ਨਾਲ ਚੋਣਾਂ ‘ਚ ਉਨ੍ਹਾਂ ਨੂੰ ਫਾਇਦਾ ਮਿਲੇਗਾ, ਜਿਹੜੇ ਇਸਦੇ ਗੰਭੀਰ ਤੇ ਖਤਰਨਾਕ ਨਤੀਜ਼ਿਆਂ ਨੂੰ ਸਮਝ ਨਹੀਂ ਰਹੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੀ ਵੀ ਆਰ.ਐਸ.ਐਸ ਲੀਡਰ ‘ਤੇ ਹਮਲੇ ਨੂੰ ਲੈ ਕੇ ਚੁੱਪੀ ਉਪਰ ਸਵਾਲ ਕੀਤੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੇ ਹਮਲੇ ਦੀ ਨਿੰਦਾ ਨਹੀਂ ਕੀਤੀ ਹੈ ਅਤੇ ਉਹ ਨਹੀਂ ਜਾਣਦੇ ਕਿ ਕੀ ਇਹ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਾਂ ਫਿਰ ਮਾਮਲੇ ਦੀ ਗੰਭੀਰਤਾ ਤੋਂ ਅਣਜਾਨ ਹਨ।
ਕਾਂਗਰਸ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਐਲਾਨ ਸਬੰਧੀ ਇਕ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਦੇਸ਼ ‘ਚ ਲਗਭਗ ਹਰੇਕ ਸੂਬੇ ‘ਚ ਖੇਤਰੀ ਪਾਰਟੀਆਂ ਦੇ ਵੱਧਣ ਕਾਰਨ ਕਾਂਗਰਸ ਲਈ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਹੁਦੇਦਾਰ ਦਾ ਐਲਾਨ ਕਰਨਾ ਜ਼ਰੂਰੀ ਬਣ ਚੁੱਕਾ ਹੈ। ਇਹ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ ਲੋਕ ਪਾਰਟੀ ਤੋਂ ਇਲਾਵਾ, ਉਸ ਵਿਅਕਤੀ ਨੂੰ ਜਾਣਨਾ ਚਾਹੁੰਦੇ ਹਨ ਜਿਹੜਾ ਉਸਦੀ ਅਗਵਾਈ ਕਰਨ ਵਾਲਾ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਇਕ ਵਾਰ ਫਿਰ ਤੋਂ ਦੁਹਰਾਇਆ ਕਿ ਕਾਂਗਰਸ ਪਾਰਟੀ ਸਮੇਂ ਸਿਰ ਟਿਕਟਾਂ ਦਾ ਐਲਾਨ ਕਰੇਗੀ ਅਤੇ ਇਸ ਸਬੰਧੀ ਪ੍ਰੀਕ੍ਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਅਰਜ਼ੀਆਂ 15 ਅਗਸਤ ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਇਸ ਲੜੀ ਹੇਠ ਇਕ ਲੰਬੀ ਪ੍ਰੀਕ੍ਰਿਆ ਹੋਣ ਕਾਰਨ ਇਹ ਸਮਾਂ ਲੈਂਦੀ ਹੈ। ਉਨ੍ਹਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਗੈਰ ਮਹੱਤਵਪੂਰਨ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ, ਕਿਉਂਕਿ ਚਾਹਵਾਨ ਨੂੰ ਹਰੇਕ ਬੂਥ ਤੋਂ ਦੋ ਵਿਅਕਤੀਆਂ ਦੇ ਨਾਂਮ ਦੇਣੇ ਪੈਣਗੇ। ਇਸ ਤੋਂ ਇਲਾਵਾ, ਅਰਜ਼ੀਆਂ ਦੀ ਡੂੰਘਾਈ ਨਾਲ ਪੜਤਾਲ ਹੋਵੇਗੀ ਅਤੇ ਮੁਕਾਬਲੇ ਲਈ ਸਹੀ ਉਮੀਦਵਾਰ ਦਾ ਨਾਮਾਂਕਣ ਕੀਤਾ ਜਾਵੇਗਾ।
ਇਸੇ ਤਰ੍ਹਾਂ, 19 ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਆਪ ‘ਚ ਪੈਦਾ ਹੋ ਚੁੱਕੀ ਖਿੱਚੋ ਤਾਣ ਸਬੰਧੀ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਸ਼ੁਰੂਆਤ ਹੈ। ਲੋਕ ਜਾਣਨ ਲੱਗ ਪਏ ਹਨ ਕਿ ਆਪ ਨੂੰ ਬਿਹਾਰ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਵੱਲੋਂ ਚਲਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਇਨ੍ਹਾਂ ਨੇ ਲਿਸਟ ਫਾਇਨਲ ਕਰਨ ਤੋਂ ਪਹਿਲਾਂ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਭਰੋਸੇ ‘ਚ ਲੈਣਾ ਜ਼ਰੂਰੀ ਨਹੀਂ ਸਮਝਿਆ।
ਇਹ ਪੁੱਛੇ ਜਾਣ ‘ਤੇ ਕਿ ਕੀ ਆਪ ‘ਚ ਨਿਰਾਸ਼ ਹੋ ਚੁੱਕੇ ਛੋਟੇਪੁਰ ਦਾ ਕਾਂਗਰਸ ਪਾਰਟੀ ‘ਚ ਸਵਾਗਤ ਕਰੇਗੀ, ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ਦੇ ਦਰਵਾਜੇ ਹਮੇਸ਼ਾ ਹਰ ਕਿਸੇ ਲਈ ਖੁੱਲ੍ਹੇ ਹਨ। ਹਾਲਾਂਕਿ, ਉਹ ਛੋਟੇਪੁਰ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਨ ਤੇ ਉਹ ਆਪ ਨੂੰ ਛੱਡਣ ਬਾਰੇ ਸੋਚਣਗੇ ਵੀ ਨਹੀਂ।
ਨਵਜੋਤ ਸਿੱਧੂ ਸਬੰਧੀ ਇਕ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ਦੇ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹੇ ਹਨ। ਹਾਲਾਂਕਿ, ਜੇ ਅਫਵਾਹਾਂ ਮੁਤਾਬਿਕ ਉਹ ਆਪ ‘ਚ ਜਾਣ ਦਾ ਫੈਸਲਾ ਕਰਦੇ ਹਨ, ਤਾਂ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਬਾਹਰ ਸਿੱਧੂ ਦਾ ਕੋਈ ਸਿਆਸੀ ਅਧਾਰ ਨਹੀਂ ਹੈ। ਲੋਕ ਸਿੱਧੂ ਨੂੰ ਸਿਰਫ ਕਾਮੇਡੀ ਤੇ ਕਾਮੇਂਟਰੀ ਲਈ ਜਾਣਦੇ ਹਨ।
ਸਾਬਕਾ ਮੁੱਖ ਮੰਤਰੀ ਨੇ ਦੁਹਰਾਇਆ ਕਿ ਇਨਫੋਰਸਮੇਂਟ ਡਾਇਰੈਕਟੋਰੇਟ ਸਾਬਕਾ ਡੀ.ਐਸ.ਪੀ ਜਗਦੀਸ਼ ਭੋਲਾ ਵੱਲੋਂ ਕੀਤੇ ਗਏ ਖੁਲਾਸਿਆਂ ‘ਤੇ ਹੋਲੀ ਜਾਂਚ ਕਰ ਰਹੀ ਹੈ, ਕਿਉਂਕਿ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਨੂੰ ਕਿਸੇ ਨੂੰ ਬਚਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਈ.ਡੀ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਨੋਟਿਸ ਜ਼ਾਰੀ ਕਰਨ ‘ਚ ਹੱਦ ਤੋਂ ਜ਼ਿਆਦਾ ਜ਼ਲਦੀ ਦਿਖਾ ਰਹੀ ਹੈ, ਜਦਕਿ ਬਹੁ ਕਰੋੜੀ ਨਸ਼ਾ ਤਸਕਰੀ ਮਾਮਲੇ ਦੀ ਜਾਂਚ ਨੂੰ ਲਟਕਾ ਰਹੀ ਹੈ।

Leave a Reply

Your email address will not be published. Required fields are marked *